ਵੱਡੀ ਖ਼ਬਰ: ਨਿਹੰਗ ਸਿੰਘਾਂ ਵੱਲੋਂ ਗੁਰਦੁਆਰਾ ਸਾਹਿਬ ‘ਤੇ ਕਬਜ਼ਾ, ਸੇਵਾਦਾਰ ਬਣਾਇਆ ਬੰਧਕ; ਇੰਟਰਨੈੱਟ ਸੇਵਾਵਾਂ ਬੰਦ
ਗੁਰਦੁਆਰਾ ਮੈਨੇਜਮੈਂਟ ਵੱਲੋਂ ਸਟੈਂਡ ਨਾ ਲੈਣ ਕਾਰਨ ਨਰਾਜ਼ ਨਿਹੰਗ ਸਿੰਘਾਂ ਨੇ ਨਗਰਾਸੂ ਗੁਰਦੁਆਰਾ ਸਾਹਿਬ ‘ਤੇ ਕੀਤਾ ਕਬਜ਼ਾ-ਇਲਾਕੇ ਵਿੱਚ ITBP ਅਤੇ PAC ਤਾਇਨਾਤ; ਕਰਨਪ੍ਰਯਾਗ ‘ਚ ਧਾਰਾ 163 ਲਾਗੂ, ਉੱਤਰਾਖੰਡ ਦਾ ਗ੍ਰਹਿ ਵਿਭਾਗ ਅਲਰਟ ‘ਤੇ
ਦੇਹਰਾਦੂਨ/ਕਰਨਪ੍ਰਯਾਗ, 21 ਜੂਨ 2026-
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਕਰਨਪ੍ਰਯਾਗ ਵਿੱਚ ਬੀਤੇ ਮੰਗਲਵਾਰ ਨੂੰ ਨਿਹੰਗ ਸਿੰਘਾਂ ਅਤੇ ਸਥਾਨਕ ਨੌਜਵਾਨਾਂ ਵਿਚਕਾਰ ਹੋਏ ਵਿਵਾਦ ਤੋਂ ਬਾਅਦ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਦੇਰ ਸ਼ਾਮ ਪੰਜਾਬ ਤੋਂ ਆਏ ਕੁਝ ਨਿਹੰਗ ਸਿੰਘਾਂ ਨੇ ਕਰਨਪ੍ਰਯਾਗ ਤੋਂ ਅੱਗੇ, ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਸਥਿਤ ਨਗਰਾਸੂ ਗੁਰਦੁਆਰਾ ਸਾਹਿਬ ‘ਤੇ ਕਬਜ਼ਾ ਕਰ ਲਿਆ ਹੈ ਅਤੇ ਉੱਥੇ ਮੌਜੂਦ ਇੱਕ ਸੇਵਾਦਾਰ ਨੂੰ ਬੰਧਕ ਬਣਾ ਲਿਆ ਹੈ।
ਸੂਤਰਾਂ ਮੁਤਾਬਕ ਨਿਹੰਗ ਸਿੰਘਾਂ ਦੀ ਨਰਾਜ਼ਗੀ ਇਹ ਹੈ ਕਿ ਗੁਰਦੁਆਰਾ ਮੈਨੇਜਮੈਂਟ ਨੇ ਕਰਨਪ੍ਰਯਾਗ ਦੀ ਘਟਨਾ ‘ਤੇ ਖੁੱਲ੍ਹ ਕੇ ਨਿਹੰਗਾਂ ਦਾ ਪੱਖ (ਸਟੈਂਡ) ਨਹੀਂ ਲਿਆ। ਗੜ੍ਹਵਾਲ ਰੇਂਜ ਦੇ ਇੰਸਪੈਕਟਰ ਜਨਰਲ (IG) ਰਾਜੀਵ ਸਰੂਪ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਖ਼ੁਦ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ ‘ਤੇ ਜਾ ਰਹੇ ਹਨ। ਜਿਸ ਸੇਵਾਦਾਰ ਨੂੰ ਨਿਹੰਗ ਸਿੰਘਾਂ ਨੇ ਸ਼ਨੀਵਾਰ ਨੂੰ ਫੜਿਆ ਸੀ, ਉਹ ਅਜੇ ਵੀ ਉਨ੍ਹਾਂ ਦੇ ਕਬਜ਼ੇ ਵਿੱਚ ਹੈ।

ਸਥਿਤੀ ਨੂੰ ਵਿਗੜਨ ਤੋਂ ਰੋਕਣ ਲਈ ਪ੍ਰਸ਼ਾਸਨ ਵੱਲੋਂ ਇਲਾਕੇ ਵਿੱਚ ਇੰਟਰਨੈੱਟ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਆਈ.ਟੀ.ਬੀ.ਪੀ. (ITBP) ਅਤੇ ਪੀ.ਏ.ਸੀ. (PAC) ਦੀਆਂ ਟੁਕੜੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
ਦੂਜੇ ਪਾਸੇ, ਜਿੱਥੋਂ ਇਸ ਝਗੜੇ ਦੀ ਸ਼ੁਰੂਆਤ ਹੋਈ ਸੀ, ਉਸ ਕਰਨਪ੍ਰਯਾਗ ਇਲਾਕੇ ਵਿੱਚ ਪ੍ਰਸ਼ਾਸਨ ਨੇ ਮੁਸਤੈਦੀ ਦਿਖਾਉਂਦੇ ਹੋਏ ਧਾਰਾ 163 (ਜੋ ਕਿ ਪਹਿਲਾਂ ਧਾਰਾ 144 ਵਜੋਂ ਜਾਣੀ ਜਾਂਦੀ ਸੀ) ਲਾਗੂ ਕਰ ਦਿੱਤੀ ਹੈ। ਇਸ ਦੇ ਤਹਿਤ ਇੱਕ ਜਗ੍ਹਾ ‘ਤੇ ਲੋਕਾਂ ਦੇ ਇਕੱਠੇ ਹੋਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਵਿਸ਼ਵ ਪ੍ਰਸਿੱਧ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਚੱਲ ਰਹੀ ਹੈ, ਜਿੱਥੇ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ। ਜਿਸ ਇਲਾਕੇ ਵਿੱਚ ਇਹ ਪੂਰਾ ਵਿਵਾਦ ਚੱਲ ਰਿਹਾ ਹੈ, ਉਹ ਸ੍ਰੀ ਹੇਮਕੁੰਟ ਸਾਹਿਬ ਦੇ ਮੁੱਖ ਯਾਤਰਾ ਰੂਟ ‘ਤੇ ਪੈਂਦਾ ਹੈ।
ਇਸ ਸੰਵੇਦਨਸ਼ੀਲ ਘਟਨਾਕ੍ਰਮ ਤੋਂ ਬਾਅਦ ਉੱਤਰਾਖੰਡ ਦਾ ਗ੍ਰਹਿ ਵਿਭਾਗ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ ਅਤੇ ਪਲ-ਪਲ ਦੀ ਜਾਣਕਾਰੀ ਇਕੱਠੀ ਕਰ ਰਿਹਾ ਹੈ ਤਾਂ ਜੋ ਯਾਤਰਾ ਨਿਰਵਿਘਨ ਚੱਲਦੀ ਰਹੇ।















