Join WhatsApp

Join Now

ਵੱਡੀ ਖ਼ਬਰ: ਪੰਜਾਬੀ ਸੋਸ਼ਲ ਮੀਡੀਆ ਸਟਾਰ ਮਨਜੀਤ ਕੌਰ ਦਾ ਬੇਰਹਿਮੀ ਨਾਲ ਕਤਲ

On: ਅਗਸਤ 29, 2026 12:35 ਬਾਃ ਦੁਃ

 

ਚੰਡੀਗੜ੍ਹ PGI ‘ਚ 2 ਮਹੀਨਿਆਂ ਬਾਅਦ ਇਲਾਜ ਦੌਰਾਨ ਦਮ ਤੋੜ ਗਈ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ, ਮੋਰਿੰਡਾ ‘ਚ ਕੀਤਾ ਗਿਆ ਸੀ ਜ਼ਿੰਦਾ ਸੜਨ ਦਾ ਯਤਨ

ਮੋਰਿੰਡਾ ‘ਚ ਸਾੜਨ ਦੀ ਕੋਸ਼ਿਸ਼ ਤੋਂ ਬਾਅਦ ਜ਼ਖ਼ਮੀ ਹੋਈ ਇੰਸਟਾਗ੍ਰਾਮ ਸਟਾਰ ਮਨਜੀਤ ਕੌਰ ਦੀ ਮੌਤ, ਪੁਲਿਸ ਨੇ ਦਰਜ ਕੀਤਾ ਕਤਲ ਦਾ ਮਾਮਲਾ

ਖਰੜ ਦੀ ਇੰਸਟਾਗ੍ਰਾਮ ਇਨਫਲੂਐਂਸਰ ਮਨਜੀਤ ਕੌਰ ਦੀ ਮੌਤ ‘ਤੇ ਉੱਠੇ ਸਵਾਲ: ਪਰਿਵਾਰ ਨੇ ਲਾਏ ਪੁਲਿਸ ‘ਤੇ ਲਾਪਰਵਾਹੀ ਦੇ ਦੋਸ਼, ਚੰਡੀਗੜ੍ਹ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਤੇਜ਼

ਚੰਡੀਗੜ੍ਹ, 29 ਅਗਸਤ 2026- ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ (28) ਦੀ 26 ਅਗਸਤ ਨੂੰ ਚੰਡੀਗੜ੍ਹ ਦੇ PGIMER ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਇਹ ਦੁਖਦਾਈ ਘਟਨਾ ਉਸ ਸਮੇਂ ਵਾਪਰੀ ਜਦੋਂ ਲਗਭਗ ਦੋ ਮਹੀਨੇ ਪਹਿਲਾਂ ਮੋਰਿੰਡਾ ਵਿਖੇ ਉਸ ਨੂੰ ਕਥਿਤ ਤੌਰ ‘ਤੇ ਅਗਵਾ ਕਰਨ ਤੋਂ ਬਾਅਦ ਕੁੱਟਮਾਰ ਕੀਤੀ ਗਈ ਅਤੇ ਜ਼ਿੰਦਾ ਜਲਾਉਣ ਦਾ ਯਤਨ ਕੀਤਾ ਗਿਆ ਸੀ।

ਪੁਲਿਸ ਨੇ ਮਨਜੀਤ ਕੌਰ ਦੇ ਪਰਿਵਾਰ ਵੱਲੋਂ ਨਾਮਜ਼ਦ ਕੀਤੇ ਦੋ ਵਿਅਕਤੀਆਂ ਖ਼ਿਲਾਫ਼ ਅਗਵਾ ਅਤੇ ਕਤਲ ਦਾ ਮਾਮਲਾ ਦਰਜ ਕਰਕੇ ਘਟਨਾ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। 28 ਸਾਲਾ ਮਨਜੀਤ ਕੌਰ ਦੀ ਸੋਸ਼ਲ ਮੀਡੀਆ ‘ਤੇ ਚੰਗੀ ਪਛਾਣ ਸੀ। ਇੰਸਟਾਗ੍ਰਾਮ ‘ਤੇ ਉਸ ਦੇ ਲਗਭਗ 1.46 ਲੱਖ ਫੋਲੋਅਰਜ਼ ਸਨ ਅਤੇ ਯੂਟਿਊਬ ‘ਤੇ ਵੀ 4,000 ਦੇ ਕਰੀਬ ਸਬਸਕ੍ਰਾਈਬਰ ਸਨ। ਉਹ ਅਕਸਰ ਕਾਸਮੈਟਿਕ ਉਤਪਾਦਾਂ ਦੇ ਪ੍ਰਚਾਰ ਅਤੇ ਮਸ਼ਹੂਰ ਪੰਜਾਬੀ & ਹਰਿਆਣਵੀ ਗਾਣਿਆਂ ‘ਤੇ ਰੀਲਾਂ ਬਣਾਉਂਦੀ ਹੁੰਦੀ ਸੀ। ਉਸ ਦੀ ਮੌਤ ਨਾਲ ਉਸ ਦਾ 7 ਸਾਲ ਦਾ ਮਾਸੂਮ ਪੁੱਤਰ ਅਨਾਥ ਹੋ ਗਿਆ ਹੈ।

ਮਨਜੀਤ ਕੌਰ ਦੀ ਮਾਂ ਕਾਂਤਾ ਦੇਵੀ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ, ਇਹ ਖ਼ੌਫ਼ਨਾਕ ਵਾਰਦਾਤ 3 ਜੁਲਾਈ ਨੂੰ ਵਾਪਰੀ ਸੀ। ਮਾਂ ਨੇ ਦੱਸਿਆ ਕਿ ਦੋ ਜਾਣਕਾਰ ਵਿਅਕਤੀਆਂ ਨੇ ਮਨਜੀਤ ਨੂੰ ਚੰਡੀਗੜ੍ਹ ਦੇ ਸੈਕਟਰ 34 ਵਿਖੇ ਇੱਕ ਸ਼ਰਾਬ ਦੇ ਠੇਕੇ ਨੇੜੇ ਬੁਲਾਇਆ ਸੀ। ਸ਼ਿਕਾਇਤ ਦੇ ਅਨੁਸਾਰ, ਦੋਵੇਂ ਮੁਲਜ਼ਮ ਉਸ ਨੂੰ ਗੱਡੀ ਵਿੱਚ ਬਠਾ ਕੇ ਮੋਰਿੰਡਾ ਲੈ ਗਏ। ਉੱਥੇ ਉਨ੍ਹਾਂ ਨੇ ਮਨਜੀਤ ਨਾਲ ਕੁੱਟਮਾਰ ਕੀਤੀ, ਉਸ ਨੂੰ ਤੂਤ ਦੇ ਦਰੱਖਤ ਨਾਲ ਬੰਨ੍ਹ ਦਿੱਤਾ ਅਤੇ ਕਥਿਤ ਤੌਰ ‘ਤੇ ਅੱਗ ਲਗਾ ਦਿੱਤੀ। ਇਸ ਦੌਰਾਨ ਉਸ ਦੇ ਇੱਕ ਦੋਸਤ ਨੇ ਮੌਕੇ ‘ਤੇ ਪਹੁੰਚ ਕੇ ਮਨਜੀਤ ਨੂੰ ਅੱਗ ਦੀ ਲਪੇਟ ‘ਚ ਦੇਖਿਆ ਅਤੇ ਕੰਬਲ ਦੀ ਮਦਦ ਨਾਲ ਅੱਗ ਬੁਝਾਈ।

ਵਾਰਦਾਤ ਤੋਂ ਬਾਅਦ ਉਸ ਨੂੰ ਤੁਰੰਤ ਮੋਰਿੰਡਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੈਕਸ ਹਸਪਤਾਲ ਮੋਹਾਲੀ ਅਤੇ ਬਾਅਦ ਵਿੱਚ 9 ਜੁਲਾਈ ਨੂੰ PGIMER ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ 5 ਅਗਸਤ ਨੂੰ ਮਨਜੀਤ ਨੂੰ ਹੋਸ਼ ਆਇਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਉਹ ਪੁਲਿਸ ਨੂੰ ਬਿਆਨ ਦੇਣਾ ਚਾਹੁੰਦੀ ਸੀ, ਪਰ ਉਸ ਸਮੇਂ ਕੋਈ ਵੀ ਪੁਲਿਸ ਅਧਿਕਾਰੀ ਉਸ ਦੇ ਬਿਆਨ ਦਰਜ ਕਰਨ ਲਈ ਹਸਪਤਾਲ ਨਹੀਂ ਪਹੁੰਚਿਆ। ਆਖ਼ਰਕਾਰ 26 ਅਗਸਤ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਮਨਜੀਤ ਦੀ ਮਾਂ ਨੇ ਖਰੜ ਸਦਰ ਪੁਲਿਸ ‘ਤੇ ਦੋਸ਼ ਲਾਇਆ ਹੈ ਕਿ ਜਦੋਂ ਉਸ ਦੀ ਧੀ ਹੋਸ਼ ਵਿੱਚ ਸੀ, ਤਾਂ ਪੁਲਿਸ ਨੇ ਉਸ ਦਾ ਬਿਆਨ ਦਰਜ ਕਰਨ ਵਿੱਚ ਲਾਪਰਵਾਹੀ ਵਰਤੀ। ਪਰਿਵਾਰ ਅਨੁਸਾਰ ਜੇਕਰ ਉਸ ਦਾ ਬਿਆਨ ਦਰਜ ਹੋ ਜਾਂਦਾ ਤਾਂ ਕੇਸ ਵਿੱਚ ਅਹਿਮ ਸੁਰਾਗ ਮਿਲ ਸਕਦੇ ਸਨ। ਹਾਲਾਂਕਿ, PGI ਪੁਲਿਸ ਚੌਕੀ ਵਿੱਚ ਇਸ ਸਬੰਧੀ ਰੋਜ਼ਨਾਮਚਾ (DDE) ਦਰਜ ਕੀਤਾ ਗਿਆ ਸੀ। ਦੂਜੇ ਪਾਸੇ, ਖਰੜ ਦੇ DSP ਈਸ਼ਾਨ ਸਿੰਗਲਾ ਨੇ ਪੁਲਿਸ ਲਾਪਰਵਾਹੀ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ।

ਉਨ੍ਹਾਂ ਕਿਹਾ ਕਿ ਘਟਨਾ ਵਾਲੀ ਥਾਂ ਚੰਡੀਗੜ੍ਹ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ, ਇਸ ਲਈ ਕਾਰਵਾਈ ਚੰਡੀਗੜ੍ਹ ਪੁਲਿਸ ਦੁਆਰਾ ਕੀਤੀ ਜਾਣੀ ਸੀ। ਖਰੜ ਪੁਲਿਸ ਨੇ ਪੀੜਤ ਪਰਿਵਾਰ ਦੀ ਪੂਰੀ ਮਦਦ ਕੀਤੀ, ਉਨ੍ਹਾਂ ਨੂੰ ਸਬੰਧਤ ਥਾਣੇ ਲੈ ਕੇ ਗਏ ਅਤੇ ਚੰਡੀਗੜ੍ਹ ਵਿੱਚ FIR ਦਰਜ ਕਰਵਾਉਣ ਵਿੱਚ ਸਹਿਯੋਗ ਦਿੱਤਾ।

ਟ੍ਰਿਬਿਊਨ ਦੀ ਖ਼ਬਰ ਮੁਤਾਬਿਕ, ਚੰਡੀਗੜ੍ਹ ਦੀ SSP ਕੰਵਰਦੀਪ ਕੌਰ ਨੇ ਪੁਸ਼ਟੀ ਕੀਤੀ ਕਿ ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ ‘ਤੇ ਕਾਰਵਾਈ ਕੀਤੀ ਗਈ ਹੈ। ਸੈਕਟਰ 34 ਥਾਣੇ ਦੇ SHO ਸ਼ਾਦੀ ਲਾਲ ਅਨੁਸਾਰ ਭਾਰਤੀ ਨਿਆਇ ਸੰਹਿਤਾ (BNS) ਦੀ ਧਾਰਾ 140(1) (ਅਗਵਾ), 103(1) (ਕਤਲ) ਅਤੇ 3(5) (ਸਾਂਝੀ ਅਪਰਾਧਿਕ ਜ਼ਿੰਮੇਵਾਰੀ) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

DSP (ਦੱਖਣੀ) ਗੁਰਜੀਤ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਸ਼ੱਕੀਆਂ ਬਾਰੇ ਅਹਿਮ ਸੁਰਾਗ ਮਿਲੇ ਹਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਸੈਕਟਰ 34 ਤੋਂ ਮੋਰਿੰਡਾ ਤੱਕ ਦੇ ਰੂਟ ਦੇ CCTV ਫੁਟੇਜ ਖੰਗਾਲ ਰਹੀ ਹੈ ਅਤੇ ਮਨਜੀਤ ਦੇ ਜਾਣਕਾਰਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਘਟਨਾ ਦੇ ਸਹੀ ਕਾਰਨਾਂ ਅਤੇ ਮਕਸਦ ਦਾ ਪਤਾ ਲਗਾਇਆ ਜਾ ਸਕੇ। ਅਦਾਲਤ ਵਿੱਚ ਅਜੇ ਤੱਕ ਦੋਸ਼ ਸਾਬਤ ਨਹੀਂ ਹੋਏ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

 

Leave a Comment