Big News: ਲਾਲਜੀਤ ਭੁੱਲਰ ਵਿਰੁੱਧ FIR ਦਰਜ ਕਰਕੇ ਤੁਰੰਤ ਕਰੋ ਗ੍ਰਿਫ਼ਤਾਰ- ਵਿਰੋਧੀਆਂ ਨੇ ਕੀਤੀ ਮੰਗ

 

Big News: ਲਾਲਜੀਤ ਭੁੱਲਰ ਵਿਰੁੱਧ FIR ਦਰਜ ਕਰਕੇ ਤੁਰੰਤ ਕਰੋ ਗ੍ਰਿਫ਼ਤਾਰ- ਵਿਰੋਧੀਆਂ ਨੇ ਕੀਤੀ ਮੰਗ

ਚੰਡੀਗੜ੍ਹ, 21 ਮਾਰਚ 2026-

ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਗਗਨਦੀਪ ਸਿੰਘ ਰੰਧਾਵਾ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਵਿੱਚ ਮੰਤਰੀ ਰਹਿ ਚੁਕੇ ਲਾਲਜੀਤ ਭੁੱਲਰ ਵਿਰੁੱਧ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਅੱਜ ਸਵੇਰੇ ਗਗਨਦੀਪ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਨਾਂ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਭੁੱਲਰ ਤੋਂ ਸਿਰਫ ਅਸਤੀਫਾ ਹੀ ਨਹੀਂ, ਸਗੋਂ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਸਰਕਾਰ ਅਤੇ ਸੰਬੰਧਤ ਲੋਕਾਂ ਨੂੰ “ਕਾਲੀਆਂ ਭੇੜਾਂ” ਕਰਾਰ ਦਿੰਦੇ ਹੋਏ ਕਿਹਾ ਕਿ ਇਹ ਲੋਕ ਰਾਜਨੀਤੀ ਨੂੰ ਗਲਤ ਦਿਸ਼ਾ ਵਿੱਚ ਲੈ ਕੇ ਜਾ ਰਹੇ ਹਨ। ਉਨ੍ਹਾਂ ਦੇ ਮੁਤਾਬਕ ਕੁਝ ਲੋਕ ਰਾਜਨੀਤੀ ਨੂੰ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦੇ ਹਨ ਅਤੇ ਸਿਰਫ ਆਪਣੇ ਪਰਿਵਾਰਕ ਫਾਇਦੇ ਬਾਰੇ ਸੋਚਦੇ ਹਨ।

ਉਨ੍ਹਾਂ ਨੇ ਦੋਸ਼ ਲਾਇਆ ਕਿ ਲਾਲਜੀਤ ਸਿੰਘ ਭੁੱਲਰ ਨੇ ਆਪਣੇ ਪਿਤਾ ਦੇ ਨਾਂ ‘ਤੇ ਸਰਕਾਰੀ ਟੈਂਡਰ ਅਪਲਾਈ ਕੀਤੇ ਸੀ, ਜੋ ਕਿ ਕੇਂਦਰੀ ਏਜੰਸੀ ਹੈ। ਔਜਲਾ ਨੇ ਦੋਸ਼ ਲਗਾਇਆ ਕਿ ਜਦੋਂ ਭੁੱਲਰ ਨੂੰ ਟੈਡਰ ਨਹੀਂ ਮਿਲਿਆ ਤਾਂ ਉਨ੍ਹਾਂ ਮੈਨੇਜਰ ਰੰਧਾਵੇ ਨੂੰ ਬੁਲਾ ਕੇ ਕਿਹਾ ਤੂੰ ਪੈਸੇ ਲੈਣੇ ਹਨ! ਅਤੇ ਧਮਕੀਆਂ ਦੇ ਮਾਰ-ਕੁਟਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਕੋਈ ਗੱਲ ਸੀ ਤਾਂ ਇਸਨੂੰ ਵਿਧਾਨ ਸਭਾ ਵਿੱਚ ਉਠਾਇਆ ਜਾਣਾ ਚਾਹੀਦਾ ਸੀ, ਪਰ ਇਸ ਦੀ ਬਜਾਏ ਉਸ ਵਿਅਕਤੀ ਨਾਲ ਮਾਰ-ਕੁਟਾਈ ਕੀਤੀ ਗਈ। ਉਸ ਦੀ ਵੀਡੀਓ ਬਣਾ ਕੇ ਟਾਰਚਰ ਕੀਤਾ ਗਿਆ ਅਤੇ ਗੈਂਗਸਟਰਾਂ ਰਾਹੀਂ ਮਾਰਨ ਦੀ ਧਮਕੀ ਵੀ ਦਿੱਤੀ ਗਈ।

ਉਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ‘ਆਪ’ ਸਰਕਾਰ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਮਜੀਠੀਆ ਨੇ ਅੰਮ੍ਰਿਤਸਰ ਵੇਅਰ ਹਾਊਸ ਕਾਰਪੋਰੇਸ਼ਨ ਦੇ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੇ ਮਾਮਲੇ ਵਿਚ ਲਾਲਜੀਤ ਸਿੰਘ ਭੁੱਲਰ ਨੂੰ ਕੈਬਨਿਟ ਦੇ ਨਾਲ-ਨਾਲ ਆਮ ਆਦਮੀ ਪਾਰਟੀ ਵਿਚੋਂ ਬਾਹਰ ਕੱਢਣ ਅਤੇ ਉਸ ਖ਼ਿਲਾਫ਼ ਪਰਚਾ ਦਰਜ ਕਰ ਕੇ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਡੀ. ਜੀ. ਪੀ. ਤੇ ਪੁਲਸ ਕਮਿਸ਼ਨਰ ਨੂੰ ਵੀ ਆਖਿਆ ਹੈ ਕਿ ਉਹ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਵੀ ਨਾ ਕਰਨ ਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਮਜੀਠੀਆ ਨੇ ਗਗਨਦੀਪ ਸਿੰਘ ਰੰਧਾਵਾ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿਚ ਉਹ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਡਰ ਤੋਂ ਖ਼ੁਦਕੁਸ਼ੀ ਕਰਨ ਦੀ ਗੱਲ ਕਰ ਰਿਹਾ ਹੈ। ਇਸ ਦੇ ਨਾਲ ਹੀ ਮਜੀਠੀਆ ਨੇ ਲਿਖਿਆ, “ਕੱਟੜ ਇਮਾਨਦਾਰ ਸਰਕਾਰ ਦੇ ਮੰਤਰੀ ਦੇ ਕੱਟੜ ਕਾਰਨਾਮੇ। ਪੈਸੇ ਬਣਾਉਣ ਪਿੱਛੇ ਪੰਜਾਬ ਸਰਕਾਰ ਵਿਚ ਕੰਮ ਕਰਦੇ ਅਧਿਕਾਰੀਆ ਨੂੰ ਜਲੀਲ ਕੀਤਾ ਜਾ ਰਿਹਾ ਹੈ।

ਮਜੀਠੀਆ ਨੇ ਕਿਹਾ ਕਿ, ਮੈਂ ਕੱਟੜ ਇਮਾਨਦਾਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਪੁੱਛਦਾ ਹਾਂ ਕਿ ਪੰਜਾਬ ਦੇ ਲੋਕਾਂ ਨੇ ਇਹ ਬਦਲਾਅ ਦੇਖਣਾ ਸੀ ਜਿਸ ਵਿਚ ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਵੇਗਾ। ਜੇਕਰ ਤੁਹਾਡੇ ਵਿਚ ਥੋੜੀ ਸੰਗ ਸ਼ਰਮ ਹੈ ਤਾਂ ਲਾਲਜੀਤ ਭੁੱਲਰ ਉੱਪਰ ਪਰਚਾ ਦਰਜ ਕਰਕੇ ਤੁਰੰਤ ਉਸ ਨੂੰ ਪਾਰਟੀ ਵਿਚੋਂ ਵੀ ਬਾਹਰ ਕੱਢੋ।”