ਵੱਡੀ ਖ਼ਬਰ: LPU ਕੈਂਪਸ ’ਚ ਅਫਵਾਹ ਤੋਂ ਬਾਅਦ ਹੰਗਾਮਾ, ਵਿਦਿਆਰਥੀਆਂ ਵੱਲੋਂ ਭੰਨਤੋੜ ਤੋਂ ਬਾਅਦ ਹਾਈਵੇਅ ਜਾਮ
ਫਗਵਾੜਾ/ਜਲੰਧਰ 27 ਸਤੰਬਰ 2026
ਚਿਤਕਾਰਾ ਯੂਨੀਵਰਸਿਟੀ ਰਾਜਪੁਰਾ ਵਿਖੇ ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ਤੋਂ ਤੁਰੰਤ ਬਾਅਦ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਐਤਵਾਰ ਤੜਕਸਾਰ ਕਰੀਬ 2 ਵਜੇ ਇੱਕ ਵਿਦਿਆਰਥਣ ਨਾਲ ਕਥਿਤ ਜਬਰ-ਜਨਾਹ ਦੀ ਅਪੁਸ਼ਟ ਖ਼ਬਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਕਾਰਨ ਗੰਭੀਰ ਤਣਾਅਪੂਰਨ ਸਥਿਤੀ ਪੈਦਾ ਹੋ ਗਈ। ਇਸ ਅਫਵਾਹ ਦੇ ਫੈਲਦਿਆਂ ਹੀ ਕੈਂਪਸ ਅੰਦਰ ਵਿਦਿਆਰਥੀਆਂ ਦਾ ਗੁੱਸਾ ਭੜਕ ਗਿਆ, ਜਿਸ ਨੇ ਬਾਅਦ ਵਿੱਚ ਇੱਕ ਵੱਡੇ ਹੰਗਾਮੇ ਦਾ ਰੂਪ ਧਾਰਨ ਕਰ ਲਿਆ।
ਮਿਲੀ ਜਾਣਕਾਰੀ ਅਨੁਸਾਰ, ਰੋਸ ਪ੍ਰਦਰਸ਼ਨ ਦੀ ਸ਼ੁਰੂਆਤ ਲੜਕੀਆਂ ਦੇ ਹੋਸਟਲ ਦੇ ਨੇੜਿਓਂ ਹੋਈ। ਦੇਖਦਿਆਂ ਹੀ ਦੇਖਦਿਆਂ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਵਿੱਚ ਹਿੰਸਕ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਗੁੱਸੇ ਵਿੱਚ ਆਏ ਵਿਦਿਆਰਥੀਆਂ ਵੱਲੋਂ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜੇ ਗਏ ਅਤੇ ਇੱਟਾਂ-ਰੋੜੇ ਤੇ ਗਮਲੇ ਚਲਾ ਕੇ ਭਾਰੀ ਤੋੜ-ਫੋੜ ਕੀਤੀ ਗਈ। ਇਸ ਹੰਗਾਮੇ ਦੌਰਾਨ ਕੈਂਪਸ ਦੇ ਕੁੱਝ ਹਿੱਸਿਆਂ ਵਿੱਚ ਅੱਗ ਲਗਾਏ ਜਾਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਹਾਲਾਤ ਇਸ ਹੱਦ ਤੱਕ ਵਿਗੜ ਗਏ ਕਿ ਯੂਨੀਵਰਸਿਟੀ ਦਾ ਨਿੱਜੀ ਸੁਰੱਖਿਆ ਅਮਲਾ ਉਤੇਜਿਤ ਵਿਦਿਆਰਥੀਆਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਮਰੱਥ ਨਜ਼ਰ ਆਇਆ।
ਸਥਿਤੀ ਉਦੋਂ ਹੋਰ ਬੇਕਾਬੂ ਹੋ ਗਈ ਜਦੋਂ ਤੜਕੇ ਕਰੀਬ 4 ਵਜੇ ਪ੍ਰਦਰਸ਼ਨਕਾਰੀ ਵਿਦਿਆਰਥੀ ਯੂਨੀਵਰਸਿਟੀ ਦੇ ਮੁੱਖ ਗੇਟਾਂ ਵੱਲ ਵਧ ਗਏ। ਉੱਥੇ ਲੱਗੇ ਸਾਈਨ ਬੋਰਡਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਵਿਦਿਆਰਥੀਆਂ ਨੇ ਰਾਸ਼ਟਰੀ ਰਾਜਮਾਰਗ (NH-1) ’ਤੇ ਧਰਨਾ ਲਗਾ ਦਿੱਤਾ। ਫਗਵਾੜਾ-ਜਲੰਧਰ ਮੁੱਖ ਮਾਰਗ ’ਤੇ ਧਰਨਾ ਲੱਗਣ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਕਪੂਰਥਲਾ ਪੁਲਿਸ ਵੱਲੋਂ ਮੌਕੇ ’ਤੇ ਭਾਰੀ ਨਫ਼ਰੀ ਤਾਇਨਾਤ ਕੀਤੀ ਗਈ ਤਾਂ ਜੋ ਅੱਗਜ਼ਨੀ ਅਤੇ ਹੋਰ ਸਰਕਾਰੀ ਵੈ ਨਿੱਜੀ ਜਾਇਦਾਦ ਦੇ ਨੁਕਸਾਨ ਨੂੰ ਰੋਕਿਆ ਜਾ ਸਕੇ। ਇਸ ਦੌਰਾਨ ਵਿਦਿਆਰਥੀਆਂ ਨੇ ਘਟਨਾ ਨਾਲ ਸਬੰਧਤ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਰਵੱਈਏ ਪ੍ਰਤੀ ਡੂੰਘਾ ਰੋਸ ਪ੍ਰਗਟਾਇਆ।
ਮੌਕੇ ’ਤੇ ਪਹੁੰਚੇ ਕਪੂਰਥਲਾ ਦੇ ਐੱਸ.ਐੱਸ.ਪੀ. (SSP) ਗੌਰਵ ਤੂਰਾ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਇਹ ਸਾਰਾ ਹੰਗਾਮਾ ਵਿਦਿਆਰਥਣ ਨਾਲ ਵਾਪਰੀ ਘਟਨਾ ਦੀ ਇੱਕ ਅਪੁਸ਼ਟ ਅਤੇ ਵਾਇਰਲ ਖ਼ਬਰ ਤੋਂ ਬਾਅਦ ਸ਼ੁਰੂ ਹੋਇਆ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪੁਲਿਸ ਜਾਂਚ ਦੌਰਾਨ ਹੁਣ ਤੱਕ ਅਜਿਹੀ ਕਿਸੇ ਵੀ ਘਟਨਾ ਦੀ ਪੁਸ਼ਟੀ ਕਰਨ ਵਾਲਾ ਕੋਈ ਤੱਥ ਜਾਂ ਸਬੂਤ ਨਹੀਂ ਮਿਲਿਆ ਹੈ, ਅਤੇ ਨਾ ਹੀ ਇਸ ਸਬੰਧੀ ਪੁਲਿਸ ਕੋਲ ਕੋਈ ਰਸਮੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਐੱਸ.ਐੱਸ.ਪੀ. ਨੇ ਦੱਸਿਆ ਕਿ ਉਪਦਰਵੀਆਂ ਵੱਲੋਂ ਯੂਨੀਵਰਸਿਟੀ ਦੀ ਸੰਪੱਤੀ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਗਿਆ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਖਦਸ਼ਿਆਂ ਨੂੰ ਦੂਰ ਕਰਨ ਅਤੇ ਸ਼ਾਂਤੀ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਮੁਸਤੈਦੀ ਕਾਰਨ ਹੁਣ ਹਾਲਾਤ ਸੁਖਾਵੇਂ ਹੁੰਦੇ ਜਾ ਰਹੇ ਹਨ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਪ੍ਰਸ਼ਾਸਨ ਵੱਲੋਂ ਆਮ ਜਨਤਾ ਅਤੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ’ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ ਗਈ ਹੈ।
















