ਵੱਡੀ ਖ਼ਬਰ: PM ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਸੁਰੱਖਿਆ ਸਖ਼ਤ! ADC ਵੱਲੋਂ ‘ਨੋ ਫਲਾਇੰਗ ਜ਼ੋਨ’ ਘੋਸ਼ਿਤ
ਜਲੰਧਰ, 15 ਜੁਲਾਈ 2026- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਨੂੰ ਲੈ ਕੇ ਸੂਬੇ ਵਿੱਚ ਸੁਰੱਖਿਆ ਪ੍ਰਬੰਧ ਬੇਹੱਦ ਸਖ਼ਤ ਕਰ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਦੀ ਆਮਦ ਦੇ ਮੱਦੇਨਜ਼ਰ 17 ਜੁਲਾਈ 2026 ਨੂੰ ਜ਼ਿਲ੍ਹਾ ਜਲੰਧਰ ਵਿੱਚ ‘ਨੋ ਫਲਾਇੰਗ ਜ਼ੋਨ’ (No Flying Zone) ਘੋਸ਼ਿਤ ਕੀਤਾ ਗਿਆ ਹੈ। ਇਹ ਹੁਕਮ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ADC) ਜਲੰਧਰ ਅਮਨਿੰਦਰ ਕੌਰ ਵੱਲੋਂ ਜਾਰੀ ਕੀਤੇ ਗਏ ਹਨ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਮਨਿੰਦਰ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS), 2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਹਨ। ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਵਰਤਣ ਲਈ ਪ੍ਰਸ਼ਾਸਨ ਵੱਲੋਂ ਇਹ ਸੁਰੱਖਿਆ ਘੇਰਾ ਤਿਆਰ ਕੀਤਾ ਗਿਆ ਹੈ।
ਕਿਸ-ਕਿਸ ਚੀਜ਼ ‘ਤੇ ਰਹੇਗੀ ਪਾਬੰਦੀ?
ਜਾਰੀ ਕੀਤੇ ਗਏ ਸਰਕਾਰੀ ਹੁਕਮਾਂ ਅਨੁਸਾਰ 17 ਜੁਲਾਈ ਨੂੰ ਜ਼ਿਲ੍ਹਾ ਜਲੰਧਰ ਦੀ ਹੱਦ ਅੰਦਰ ਕਿਸੇ ਵੀ ਕਿਸਮ ਦਾ ਸਿਵਲ ਰਿਮੋਟ ਜਾਂ ਪਾਇਲਟ ਏਅਰ ਕਰਾਫ਼ਟ ਸਿਸਟਮ, ਡਰੋਨ, ਗੁਬਾਰੇ, ਜਾਂ ਕੋਈ ਵੀ ਨਿੱਜੀ ਹੈਲੀਕੋਪਟਰ ਆਦਿ ਉਡਾਉਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਰਹੇਗੀ। ਹਾਲਾਂਕਿ, ਇਹ ਪਾਬੰਦੀ ਪ੍ਰਧਾਨ ਮੰਤਰੀ ਦੇ ਵੀ.ਵੀ.ਆਈ.ਪੀ. (VVIP ਨੋ ਫਲਾਇੰਗ ਜ਼ੋਨ) ਹੈਲੀਕੋਪਟਰ ਅਤੇ ਜਹਾਜ਼ ‘ਤੇ ਲਾਗੂ ਨਹੀਂ ਹੋਵੇਗੀ।
ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਸਖ਼ਤ ਹੁਕਮ 17 ਜੁਲਾਈ 2026 ਨੂੰ ਦੁਪਹਿਰ 12:00 ਵਜੇ ਤੋਂ ਲੈ ਕੇ ਸ਼ਾਮ 8:00 ਵਜੇ ਤੱਕ ਪੂਰੇ ਜਲੰਧਰ ਜ਼ਿਲ੍ਹੇ ਦੀ ਹੱਦ ਅੰਦਰ ਸਖ਼ਤੀ ਨਾਲ ਲਾਗੂ ਰਹਿਣਗੇ। ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਦੇ ਇਸ ਦੌਰੇ ਨੂੰ ਲੈ ਕੇ ਜਲੰਧਰ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਪਹਿਲਾਂ ਹੀ ਚੱਪੇ-ਚੱਪੇ ‘ਤੇ ਨਜ਼ਰ ਰੱਖੀ ਜਾ ਰਹੀ ਹੈ।















