ਵੱਡੀ ਖ਼ਬਰ: Punjab ‘ਚ ਅਵਾਰਾ ਕੁੱਤਿਆਂ ਨੇ ਮਾਸੂਮ ਬੱਚੇ ‘ਤੇ ਕੀਤਾ ਜਾਨਲੇਵਾ ਹਮਲਾ! ਚਿਹਰਾ ਨੋਚਿਆ, ਲੱਗੇ ਕਈ ਟਾਂਕੇ

On: ਜੂਨ 5, 2026 11:59 ਪੂਃ ਦੁਃ

 

Punjab News: ਘਰ ਦੇ ਬਾਹਰ ਸਕੂਟਰੀ ‘ਤੇ ਖੇਡ ਰਹੇ ਬੱਚੇ ਦੇ ਚਿਹਰੇ ਅਤੇ ਅੱਖ ਕੋਲ ਕੁੱਤੇ ਨੇ ਮਾਰਿਆ ਡੂੰਘਾ ਜਬਾੜਾ- ਖ਼ੂਨ ਨਾਲ ਲੱਥਪੱਥ ਮਾਸੂਮ ਨੂੰ ਸਿਵਲ ਹਸਪਤਾਲ ਕੀਤਾ ਦਾਖ਼ਲ; ਅੱਖ ਦਾ ਅੰਦਰੂਨੀ ਬਚਾਅ, ਪਰ ਹਾਲਤ ਨਾਜ਼ੁਕ

ਗੁਰਦਾਸਪੁਰ, 5 ਜੂਨ 2026:

Punjab News: ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਵਰਸੋਲਾ ਵਿਖੇ ਅਵਾਰਾ ਕੁੱਤਿਆਂ ਦਾ ਆਤੰਕ ਉਸ ਵੇਲੇ ਦੇਖਣ ਨੂੰ ਮਿਲਿਆ, ਜਦੋਂ ਇੱਕ ਅਵਾਰਾ ਕੁੱਤੇ ਨੇ ਘਰ ਦੇ ਬਾਹਰ ਖੇਡ ਰਹੇ 4 ਸਾਲਾਂ ਦੇ ਮਾਸੂਮ ਬੱਚੇ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਕੁੱਤੇ ਨੇ ਮਾਸੂਮ ਦੇ ਚਿਹਰੇ ਅਤੇ ਅੱਖ ਦੇ ਕੋਲ ਇੰਨੀ ਬੁਰੀ ਤਰ੍ਹਾਂ ਨੋਚਿਆ ਕਿ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਭਾਰੀ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਪੀੜਤ ਬੱਚੇ ਦੀ ਮਾਤਾ ਕੰਚਨ ਅਤੇ ਪਿਤਾ ਰਣਜੀਤ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਦੁਪਹਿਰ ਵੇਲੇ ਘਰ ਵਿੱਚ ਕੁਝ ਪ੍ਰਾਹੁਣੇ (ਮਹਿਮਾਨ) ਆਏ ਹੋਏ ਸਨ। ਇਸੇ ਦੌਰਾਨ ਬੱਚੇ ਚਾਅ-ਚਾਅ ਵਿੱਚ ਖੇਡਦੇ ਹੋਏ ਘਰ ਦੇ ਮੁੱਖ ਗੇਟ ਦੇ ਬਾਹਰ ਖੜ੍ਹੀ ਸਕੂਟਰੀ ਕੋਲ ਚਲੇ ਗਏ ਅਤੇ ਉਸ ਉੱਪਰ ਬੈਠ ਗਏ। ਇੰਨੇ ਨੂੰ ਘਰ ਦੇ ਬੂਹੇ ਅੱਗੇ ਘੁੰਮ ਰਹੇ ਇੱਕ ਅਵਾਰਾ ਕੁੱਤੇ ਨੇ ਮਾਸੂਮ ਬੱਚੇ ‘ਤੇ ਅਚਾਨਕ ਹਮਲਾ ਕਰ ਦਿੱਤਾ ਅਤੇ ਉਸ ਦੇ ਚਿਹਰੇ ਨੂੰ ਆਪਣੇ ਜਬਾੜੇ ਵਿੱਚ ਜਕੜ ਲਿਆ।

ਗਲੀ ਵਿੱਚ ਮੌਜੂਦ ਦੂਸਰੇ ਬੱਚਿਆਂ ਵੱਲੋਂ ਰੌਲਾ ਪਾਉਣ ਅਤੇ ਚੀਕਾਂ ਮਾਰਨ ਤੋਂ ਬਾਅਦ ਪਰਿਵਾਰ ਨੂੰ ਇਸ ਖ਼ੌਫਨਾਕ ਘਟਨਾ ਦਾ ਪਤਾ ਲੱਗਿਆ। ਜਦੋਂ ਪਰਿਵਾਰਕ ਮੈਂਬਰ ਭੱਜ ਕੇ ਬਾਹਰ ਆਏ ਤਾਂ ਬੱਚਾ ਪੂਰੀ ਤਰ੍ਹਾਂ ਖੂਨ ਨਾਲ ਲੱਥਪੱਥ ਸੀ। ਬੱਚੇ ਦੀ ਨਾਜ਼ੁਕ ਹਾਲਤ ਅਤੇ ਲਗਾਤਾਰ ਵਹਿ ਰਹੇ ਖੂਨ ਨੂੰ ਦੇਖਦਿਆਂ ਉਸ ਨੂੰ ਤੁਰੰਤ ਸ਼ਹਿਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਡਾਕਟਰਾਂ ਮੁਤਾਬਕ ਕੁੱਤੇ ਨੇ ਬੱਚੇ ਨੂੰ ਬਹੁਤ ਬੁਰੀ ਤਰ੍ਹਾਂ ਕੱਟਿਆ ਹੈ, ਜਿਸ ਕਾਰਨ ਉਸ ਦੇ ਚਿਹਰੇ ਅਤੇ ਅੱਖ ਦੇ ਕੋਲ ਡੂੰਘੇ ਜ਼ਖ਼ਮ ਹੋ ਗਏ ਸਨ।

ਡਾਕਟਰਾਂ ਵੱਲੋਂ ਬੱਚੇ ਨੂੰ ਸੁੰਨ ਕਰਕੇ ਚਿਹਰੇ ‘ਤੇ ਕਈ ਟਾਂਕੇ ਲਗਾਏ ਗਏ ਹਨ ਅਤੇ ਐਂਟੀ-ਰੇਬੀਜ਼ ਇੰਜੈਕਸ਼ਨ ਵੀ ਦਿੱਤੇ ਗਏ ਹਨ। ਅੱਖਾਂ ਦੇ ਮਾਹਰ ਡਾਕਟਰਾਂ ਨੇ ਦੱਸਿਆ ਕਿ ਖ਼ੁਸ਼ਕਿਸਮਤੀ ਨਾਲ ਬੱਚੇ ਦੀ ਅੱਖ ਦਾ ਅੰਦਰੂਨੀ ਬਚਾਅ ਹੋ ਗਿਆ ਹੈ, ਪਰ ਜ਼ਖਮ ਬਹੁਤ ਡੂੰਘਾ ਹੋਣ ਕਰਕੇ ਬੱਚਾ ਗੰਭੀਰ ਦਰਦ ਵਿੱਚ ਹੈ ਅਤੇ ਫਿਲਹਾਲ ਸਿਰਫ ਜੂਸ ਵਗੈਰਾ ਹੀ ਪੀ ਰਿਹਾ ਹੈ।

ਇਸ ਦਰਦਨਾਕ ਘਟਨਾ ਤੋਂ ਬਾਅਦ ਪਿੰਡ ਵਰਸੋਲਾ ਦੇ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਭਾਰੀ ਖੌਫ਼ ਪਾਇਆ ਜਾ ਰਿਹਾ ਹੈ। ਡਰ ਦੇ ਮਾਰੇ ਬੱਚਿਆਂ ਨੇ ਘਰਾਂ ਤੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ। ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਅਵਾਰਾ ਕੁੱਤਿਆਂ ਦੀ ਵਧ ਰਹੀ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਇਨ੍ਹਾਂ ਨੂੰ ਫੜਨ ਲਈ ਤੁਰੰਤ ਯੋਗ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਹੋਰ ਮਾਸੂਮ ਅਜਿਹੇ ਜਾਨਲੇਵਾ ਹਮਲੇ ਦਾ ਸ਼ਿਕਾਰ ਨਾ ਹੋਵੇ।

 

Join WhatsApp

Join Now

Leave a Comment