ਵੱਡੀ ਖ਼ਬਰ: ਦਰਦਨਾਕ ਸੜਕ ਹਾਦਸੇ ‘ਚ ਅਧਿਆਪਕਾ ਦੀ ਮੌਤ, 6635 ETT ਯੂਨੀਅਨ ਦਾ ਪ੍ਰਧਾਨ ਗੰਭੀਰ ਜ਼ਖਮੀ

 

ਵੱਡੀ ਖ਼ਬਰ: ਦਰਦਨਾਕ ਸੜਕ ਹਾਦਸੇ ‘ਚ ਅਧਿਆਪਕਾ ਦੀ ਮੌਤ, 6635 ETT ਯੂਨੀਅਨ ਦਾ ਪ੍ਰਧਾਨ ਗੰਭੀਰ ਜ਼ਖਮੀ

ਚੰਡੀਗੜ੍ਹ/ਫ਼ਿਰੋਜ਼ਪੁਰ, 15 ਅਪ੍ਰੈਲ 2026-

ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਠਠਾਂ ਦਲੇਰ ਸਿੰਘ ਵਾਲਾ ਨਾਲ ਸਬੰਧਤ ਦੋ ਅਧਿਆਪਕਾਂ ਨਾਲ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਇੱਕ ਮਹਿਲਾ ਅਧਿਆਪਕਾ ਦੀ ਮੌਤ ਹੋ ਗਈ ਹੈ, ਜਦਕਿ ਦੂਜੇ ਅਧਿਆਪਕ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ।

ਜਾਣਕਾਰੀ ਅਨੁਸਾਰ ਅਧਿਆਪਕ ਆਪਣੀ ਡਿਊਟੀ ਨਿਭਾਉਣ ਲਈ ਸਕੂਲ ਜਾ ਰਹੇ ਸਨ। ਮ੍ਰਿਤਕ ਅਧਿਆਪਕਾ ਦੀ ਪਛਾਣ ਕਾਜਲ ਵਜੋਂ ਹੋਈ ਹੈ, ਜਿਨ੍ਹਾਂ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਦਮ ਤੋੜ ਦਿੱਤਾ।

ਹਾਦਸੇ ਵਿੱਚ ਦੂਜੇ ਜ਼ਖ਼ਮੀ ਅਧਿਆਪਕ ਦੀਪਕ ਕੰਬੋਜ ਹਨ, ਜੋ 6635 ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਹਨ। ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਹਸਪਤਾਲ ਵਿੱਚ ਇਲਾਜ ਅਧੀਨ ਹਨ।

‘ਆਨਲਾਈਨ ਹਾਜ਼ਰੀ’ ‘ਤੇ ਉੱਠੇ ਸਵਾਲ

ਅਧਿਆਪਕ ਜਥੇਬੰਦੀਆਂ ਨੇ ਇਸ ਦੁਖਾਂਤ ਲਈ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਆਨਲਾਈਨ ਹਾਜ਼ਰੀ ਪ੍ਰਣਾਲੀ ਨੂੰ ਮੁੱਖ ਜ਼ਿੰਮੇਵਾਰ ਠਹਿਰਾਇਆ ਹੈ।

ਜਥੇਬੰਦੀਆਂ ਦਾ ਦੋਸ਼ ਹੈ ਕਿ ਐਪ ਰਾਹੀਂ ਸਮੇਂ ਸਿਰ ਹਾਜ਼ਰੀ ਲਗਾਉਣ ਦੀ ਮਜ਼ਬੂਰੀ ਕਾਰਨ ਅਧਿਆਪਕਾਂ ਨੂੰ ਸਕੂਲ ਪਹੁੰਚਣ ਦੀ ਸਖ਼ਤ ਕਾਹਲੀ ਹੁੰਦੀ ਹੈ, ਜੋ ਅਕਸਰ ਅਜਿਹੇ ਭਿਆਨਕ ਹਾਦਸਿਆਂ ਦਾ ਕਾਰਨ ਬਣਦੀ ਹੈ।

ਅਧਿਆਪਕਾਂ ਅਨੁਸਾਰ, ਖ਼ਰਾਬ ਮੌਸਮ ਜਾਂ ਟ੍ਰੈਫਿਕ ਦੇ ਬਾਵਜੂਦ ਐਪ ‘ਤੇ ਲੇਟ ਹੋਣ ਦੇ ਡਰ ਕਾਰਨ ਉਨ੍ਹਾਂ ਨੂੰ ਤੇਜ਼ ਰਫ਼ਤਾਰ ਨਾਲ ਸਫ਼ਰ ਕਰਨਾ ਪੈਂਦਾ ਹੈ।

ਡੇਮੋਕ੍ਰੈਟਿਕ ਟੀਚਰਜ਼ ਫ਼ਰੰਟ (DTF) ਦੀ ਚੇਤਾਵਨੀ

ਡੇਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ ਨੇ ਅਧਿਆਪਕਾ ਕਾਜਲ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਪੀੜਤ ਪਰਿਵਾਰ ਨਾਲ ਸੰਵੇਦਨਾ ਜ਼ਾਹਰ ਕਰਦਿਆਂ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ, ਅਧਿਆਪਕਾਂ ਦੀ ਮੌਤ ਦਾ ਕਾਰਨ ਬਣ ਰਹੀ ਆਨਲਾਈਨ ਹਾਜ਼ਰੀ ਐਪ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ।

ਅਧਿਆਪਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਵਹਾਰਕ ਨੀਤੀਆਂ ਬਣਾਈਆਂ ਜਾਣ।

ਇਸ ਘਟਨਾ ਤੋਂ ਬਾਅਦ ਸਮੁੱਚੇ ਅਧਿਆਪਕ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ।