ਵੱਡੀ ਖ਼ਬਰ: ਅਧਿਆਪਕ ਪੈਟਰੋਲ ਦੀਆਂ ਬੋਤਲਾਂ ਅਤੇ ਜ਼ਹਿਰ ਲੈ ਕੇ ਟੈਂਕੀ ‘ਤੇ ਡਟੇ! ਮਾਨ ਸਰਕਾਰ ਵਿਰੁੱਧ ਜੰਮ ਕੇ ਕੀਤੀ ਨਾਅਰੇਬਾਜ਼ੀ
ਸਪੈਸ਼ਲ ਟੀਚਰ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਤੇਜ਼: ਮੋਹਾਲੀ ਦੇ ਕੁੰਭੜਾ ‘ਚ ਅਧਿਆਪਕਾਂ ਦਾ ਤਿੱਖਾ ਐਕਸ਼ਨ
ਪੰਜਾਬ ਸਕੂਲ ਸਿੱਖਿਆ ਬੋਰਡ ਅੱਗੇ ਡੇਢ ਮਹੀਨੇ ਤੋਂ ਜਾਰੀ ਧਰਨੇ ਦਰਮਿਆਨ ਅਧਿਆਪਕਾਂ ਨੇ ਲਿਆ ਵੱਡਾ ਗੁਪਤ ਐਕਸ਼ਨ
ਮੋਹਾਲੀ, 24 ਸਤੰਬਰ 2026– ਪੰਜਾਬ ਵਿੱਚ ਆਪਣੀਆਂ ਪੱਕੀਆਂ ਨੌਕਰੀਆਂ ਅਤੇ ਹੋਰ ਲਟਕਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਅਧਿਆਪਕਾਂ ਦਾ ਰੋਸ ਹੁਣ ਬਹੁਤ ਹੀ ਗੰਭੀਰ ਅਤੇ ਖ਼ਤਰਨਾਕ ਮੋੜ ‘ਤੇ ਪਹੁੰਚ ਗਿਆ ਹੈ। ਮੋਹਾਲੀ ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ (ਫੇਜ਼-8) ਦੇ ਦਫ਼ਤਰ ਅੱਗੇ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਧਰਨੇ ‘ਤੇ ਬੈਠੇ ਸਪੈਸ਼ਲ ਕੇਡਰ ਅਧਿਆਪਕਾਂ ਨੇ ਅੱਜ ਇੱਕ ਬਹੁਤ ਵੱਡਾ ਪ੍ਰਦਰਸ਼ਨ ਕਰਦੇ ਹੋਏ ਗੁਪਤ ਐਕਸ਼ਨ ਕੀਤਾ ਹੈ। ਇਸ ਗੁਪਤ ਐਕਸ਼ਨ ਦੇ ਤਹਿਤ ਚਾਰ ਅਧਿਆਪਕ ਮੋਹਾਲੀ ਦੇ ਕੁੰਭੜਾ ਖੇਤਰ ਵਿੱਚ ਸਥਿਤ ਪਾਣੀ ਦੀ ਉੱਚੀ ਟੈਂਕੀ ‘ਤੇ ਚੜ੍ਹ ਗਏ ਹਨ, ਜਿਸ ਨਾਲ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ।
ਸਪੈਸ਼ਲ ਟੀਚਰ ਯੂਨੀਅਨ ਦੀ ਸੀਨੀਅਰ ਅਧਿਆਪਕ ਆਗੂ ਪਰਮਜੀਤ ਕੌਰ ਪੱਖੋਵਾਲ ਨੇ ਪੰਜਾਬ ਨੈੱਟਵਰਕ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਇਹ ਵਿਰੋਧ ਪ੍ਰਦਰਸ਼ਨ 12 ਅਗਸਤ ਤੋਂ ਸ਼ੁਰੂ ਹੋਇਆ ਸੀ, ਜੋ ਅੱਜ 24 ਸਤੰਬਰ ਤੱਕ ਨਿਰੰਤਰ ਜਾਰੀ ਹੈ। ਲਗਭਗ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਸਰਕਾਰ ਜਾਂ ਵਿਭਾਗ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਸੁਖਾਵਾਂ ਧਿਆਨ ਨਹੀਂ ਦਿੱਤਾ ਗਿਆ। ਸਰਕਾਰ ਦੇ ਇਸ ਅੜੀਅਲ ਅਤੇ ਬੇਰੁਖ਼ੀ ਵਾਲੇ ਰਵੱਈਏ ਤੋਂ ਦੁਖੀ ਹੋ ਕੇ ਅਧਿਆਪਕਾਂ ਨੂੰ ਇਹ ਤਿੱਖਾ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ।
ਅਧਿਆਪਕ ਆਗੂ ਨੇ ਚਿੰਤਾ ਪ੍ਰਗਟਾਉਂਦਿਆਂ ਦੱਸਿਆ ਕਿ ਟੈਂਕੀ ‘ਤੇ ਚੜ੍ਹੇ ਚਾਰ ਅਧਿਆਪਕ ਬਹੁਤ ਹੀ ਜ਼ਿਆਦਾ ਉੱਚਾਈ ‘ਤੇ ਪਹੁੰਚ ਚੁੱਕੇ ਹਨ ਅਤੇ ਉਨ੍ਹਾਂ ਕੋਲ ਪੈਟਰੋਲ ਦੀਆਂ ਬੋਤਲਾਂ ਅਤੇ ਜ਼ਹਿਰੀਲੀ ਸਮੱਗਰੀ ਵੀ ਮੌਜੂਦ ਹੈ। ਲੰਮੇ ਸਮੇਂ ਤੋਂ ਮਾਨਸਿਕ ਅਤੇ ਆਰਥਿਕ ਸੰਤਾਪ ਹੰਢਾ ਰਹੇ ਇਹ ਅਧਿਆਪਕ ਬਹੁਤ ਜ਼ਿਆਦਾ ਭਾਵੁਕ ਹਨ। ਜੇਕਰ ਸਰਕਾਰ ਨੇ ਤੁਰੰਤ ਕੋਈ ਸਾਰਥਕ ਹੱਲ ਨਾ ਕੱਢਿਆ, ਤਾਂ ਇਹ ਅਧਿਆਪਕ ਕੋਈ ਵੀ ਖ਼ੌਫ਼ਨਾਕ ਕਦਮ ਚੁੱਕ ਸਕਦੇ ਹਨ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਸੰਘਰਸ਼ ਵਿੱਚ ਸਪੈਸ਼ਲ ਕੇਡਰ ਪੰਜਾਬ ਦੇ ਵੱਖ-ਵੱਖ ਵਰਗ ਸ਼ਾਮਲ ਹਨ, ਜਿਨ੍ਹਾਂ ਵਿੱਚ ਆਈ.ਈ.ਏ.ਟੀ. (IEAT), ਪ੍ਰੀ-ਪ੍ਰਾਇਮਰੀ ਐਸੋਸੀਏਟ ਟੀਚਰਜ਼ ਅਤੇ ਪੱਕੇ ਆਰਡਰਾਂ ਤੋਂ ਵਾਂਝੇ ਰਹਿੰਦੇ ਕੱਚੇ ਅਧਿਆਪਕ ਪ੍ਰਮੁੱਖ ਤੌਰ ‘ਤੇ ਸ਼ਾਮਲ ਹਨ। ਇਹ ਸਾਰੇ ਅਧਿਆਪਕ ਤਿੰਨ ਮੁੱਖ ਕੈਟਾਗਰੀਆਂ ਦੇ ਅਧੀਨ ਆਉਂਦੇ ਹਨ ਅਤੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਦਰ-ਦਰ ਭਟਕਣ ਲਈ ਮਜਬੂਰ ਹਨ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਭਾਰੀ ਪੁਲਿਸ ਪ੍ਰਸ਼ਾਸਨ ਅਤੇ ਸੁਰੱਖਿਆ ਬਲ ਮੌਕੇ ‘ਤੇ ਪਹੁੰਚ ਗਏ। ਪੁਲਿਸ ਵੱਲੋਂ ਟੈਂਕੀ ‘ਤੇ ਚੜ੍ਹੇ ਅਧਿਆਪਕਾਂ ਨੂੰ ਹੇਠਾਂ ਉਤਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪ੍ਰਸ਼ਾਸਨ ਵੱਲੋਂ ਕੁਝ ਅਧਿਆਪਕਾਂ ਨੂੰ ਹੇਠਾਂ ਉਤਾਰਨ ਵਿੱਚ ਸਫ਼ਲਤਾ ਵੀ ਮਿਲੀ ਹੈ, ਪਰ ਚਾਰ ਅਧਿਆਪਕ ਅਜੇ ਵੀ ਟੈਂਕੀ ਦੀ ਕਾਫ਼ੀ ਉੱਚਾਈ ‘ਤੇ ਡਟੇ ਹੋਏ ਹਨ ਅਤੇ ਮੰਗਾਂ ਪੂਰੀਆਂ ਹੋਣ ਤੱਕ ਹੇਠਾਂ ਆਉਣ ਤੋਂ ਸਾਫ਼ ਇਨਕਾਰ ਕਰ ਰਹੇ ਹਨ। ਇਲਾਕੇ ਵਿੱਚ ਸਥਿਤੀ ਕਾਫ਼ੀ ਤਣਾਅਪੂਰਨ ਬਣੀ ਹੋਈ ਹੈ।
















