ਵੱਡੀ ਖ਼ਬਰ: ਪੰਜਾਬ ਦੀ ਇਸ ਯੂਨੀਵਰਸਿਟੀ ‘ਚ “ਸਿੱਖ ਧਰਮ ਦੀ ਮੁੱਢਲੀ ਜਾਣਕਾਰੀ” ਦਾ ਕੋਰਸ ਕਰਨਾ ਹੋਇਆ ਲਾਜ਼ਮੀ
ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਨਵੇਂ ਤਕਨੀਕੀ ਹੁਨਰਾਂ ਨਾਲ ਆਪਣੇ ਆਪ ਨੂੰ ਤਿਆਰ ਕਰਨਾ ਪਵੇਗਾ: ਵਾਈਸ-ਚਾਂਸਲਰ
ਅੰਮ੍ਰਿਤਸਰ, 6 ਮਾਰਚ 2026–
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਦੀ ਮੀਟਿੰਗ ਵਿੱਚ ਅਕਾਦਮਿਕ ਸਾਲ 2026-27 ਤੋਂ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਗੁਰੂ ਨਾਨਕ ਅਧਿਐਨ ਵਿਭਾਗ ਵੱਲੋਂ ਤਿਆਰ ਕੀਤਾ ਗਿਆ “ਸਿੱਖ ਧਰਮ ਦੀ ਮੁੱਢਲੀ ਜਾਣਕਾਰੀ” ਦਾ ਕੋਰਸ ਯੂ.ਜੀ. ਪ੍ਰੋਗਰਾਮ ਵਿੱਚ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ। ਇਹ ਦੋ ਕਰੈਡਿਟ ਦਾ ਕੋਰਸ ਹੋਵੇਗਾ।
ਉਪ ਕੁਲਪਤੀ ਵੱਲੋਂ ਪ੍ਰਵਾਣਤ ਬੋਰਡ ਆਫ ਕੰਟਰੋਲ, ਗੁਰੂ ਨਾਨਕ ਅਧਿਐਨ ਵਿਭਾਗ ਦੀ ਇਕੱਤਰਤਾ ਦੀ ਕਾਰਵਾਈ ਅਨੁਸਾਰ ਇਸ ਕੋਰਸ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਸਬੰਧੀ ਸਿਫ਼ਾਰਸ਼ਾਂ ‘ਤੇ ਅੱਜ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਵੱਲੋਂ ਮੋਹਰ ਲਗਾ ਦਿੱਤੀ ਗਈ।ਜਿਸ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਕਰ ਰਹੇ ਸਨ।ਇਹ ਕੋਰਸ ਆਨਲਾਈਨ ਮਾਧਿਅਮ ਰਾਹੀਂ ਓ.ਡੀ.ਐਲ. ਐਂਡ ਆਨਲਾਈਨ ਸਟਡੀ ਭਾਗ ਵੱਲੋਂ ਪੜ੍ਹਾਇਆ ਜਾਵੇਗਾ।
ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਯੂਨੀਵਰਸਿਟੀ ਕੈਂਪਸ ਵਿੱਚ ਸਥਿਤ ਸੈਂਟਰ ਫਾਰ ਸਾਊਥ ਸੈਂਟਰਲ ਏਸ਼ੀਆ ਸਟਡੀਜ਼ ਦਾ ਨਾਮ ਬਦਲ ਕੇ ਹੁਣ ਸੈਂਟਰ ਫਾਰ ਸੈਂਟਰਲ ਏਸ਼ੀਆ ਸਟਡੀਜ਼ ਰੱਖਿਆ ਜਾਵੇਗਾ।
ਅਕੈਡਮਿਕ ਕੌਂਸਲ ਵਿੱਚ ਇਕ ਹੋਰ ਅਹਿਮ ਫੈਸਲੇ ‘ਤੇ ਵੀ ਵਿਚਾਰ ਕੀਤਾ ਗਿਆ, ਜਿਸ ਅਨੁਸਾਰ ਡਾਇਰੈਕਟਰ ਓ.ਡੀ.ਐਲ. ਅਤੇ ਆਨਲਾਈਨ ਸਟਡੀ ਅਧੀਨ ਚੱਲ ਰਹੇ ਪ੍ਰੋਗਰਾਮਾਂ ਦੇ ਸਿਲੇਬਸ ਵਿੱਚ ਯੂਨੀਵਰਸਿਟੀ ਅਤੇ ਕਾਲਜਾਂ ਵਿੱਚ ਪੜ੍ਹਾਏ ਜਾਂਦੇ ਇਨਵਾਇਰਨਮੈਂਟਲ ਸਟਡੀਜ਼, ਡਰੱਗ ਐਬਿਊਜ਼ ਪ੍ਰੋਬਲਮ ਮੈਨੇਜਮੈਂਟ ਐਂਡ ਪ੍ਰਿਵੈਂਸ਼ਨ, ਹਿਊਮਨ ਰਾਈਟਸ ਅਤੇ ਹਿਊਮਨ ਵੈਲਿਊਜ਼ ਐਂਡ ਅੰਡਰਸਟੈਂਡਿੰਗ ਹਾਰਮਨੀ ਵਰਗੇ ਕੋਰਸਾਂ ਨੂੰ ਸੈਸ਼ਨ 2026-27 ਤੋਂ ਆਨਲਾਈਨ ਮੋਡ ਵਿੱਚ ਲਾਗੂ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਵਾਈਸ-ਚਾਂਸਲਰ ਨੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕੈਡਮਿਕ ਕੌਂਸਲ ਯੂਨੀਵਰਸਿਟੀ ਦੀ ਅਕਾਦਮਿਕ ਨੀਤੀ ਬਣਾਉਣ ਅਤੇ ਪਾਠਕ੍ਰਮ ਵਿੱਚ ਸੁਧਾਰ ਕਰਨ ਲਈ ਬਹੁਤ ਮਹੱਤਵਪੂਰਨ ਮੰਚ ਹੈ।
ਉਨ੍ਹਾਂ ਆਨਲਾਈਨ ਅਤੇ ਆਫਲਾਈਨ ਹਾਜ਼ਰ ਸਾਰੇ ਮੈਂਬਰਾਂ, ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ।ਉਨ੍ਹਾਂ ਕਿਹਾ ਕਿ ਨਵੇਂ ਕੋਰਸ ਸ਼ੁਰੂ ਕਰਨ ਤੋਂ ਪਹਿਲਾਂ ਯੂਨੀਵਰਸਿਟੀ ਨੂੰ ਢਾਂਚਾਗਤ ਸੁਵਿਧਾਵਾਂ ਅਤੇ ਹੋਰ ਲੋੜੀਂਦੇ ਸਰੋਤਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ। ਇਸ ਲਈ ਯੂਨੀਵਰਸਿਟੀ ਬਿਨਾਂ ਯੋਜਨਾ ਦੇ ਨਵੇਂ ਕੋਰਸ ਸ਼ੁਰੂ ਕਰਨ ਦੀ ਜਲਦੀ ਵਿੱਚ ਨਹੀਂ ਹੈ, ਪਰ ਸਮੇਂ ਦੀ ਲੋੜ ਅਨੁਸਾਰ ਕਰੀਕੁਲਮ ਨੂੰ ਅਪਡੇਟ ਕਰਨਾ ਜ਼ਰੂਰੀ ਹੈ।
ਵਾਈਸ-ਚਾਂਸਲਰ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਅਮਰੀਕਾ ਦੀ ਯੂਨੀਵਰਸਿਟੀ ਆਫ ਮੇਰੀਲੈਂਡ ਨਾਲ ਅਕਾਦਮਿਕ ਸਹਿਯੋਗ ਲਈ ਸਮਝੌਤਾ (ਐਮ.ਓ.ਯੂ.) ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸ ਸਹਿਯੋਗ ਦੇ ਤਹਿਤ ਆਰਟੀਫ਼ੀਸ਼ਲ ਇੰਟੈਲੀਜੈਂਸ, ਮਸ਼ੀਨ ਲਰਨਿੰਗ ਅਤੇ ਸਾਇਬਰ ਸਿਕਿਊਰਿਟੀ ਵਰਗੀਆਂ ਉਭਰਦੀਆਂ ਤਕਨੀਕਾਂ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਮੌਕੇ ਮਿਲਣਗੇ।
ਉਨ੍ਹਾਂ ਕਿਹਾ ਕਿ ਇਸ ਯੋਜਨਾ ਅਧੀਨ ਵਿਦਿਆਰਥੀਆਂ ਨੂੰ ਵੱਡੇ ਖਰਚ ਤੋਂ ਬਿਨਾਂ ਅੰਤਰਰਾਸ਼ਟਰੀ ਅਕਾਦਮਿਕ ਤਜਰਬਾ ਮਿਲ ਸਕੇਗਾ।ਉਨ੍ਹਾਂ ਅੱਗੇ ਦੱਸਿਆ ਕਿ ਸ਼ੁਰੂਆਤੀ ਪੜਾਅ ਵਿੱਚ ਕੰਪਿਊਟਰ ਸਾਇੰਸ ਨਾਲ ਜੁੜੇ ਲਗਭਗ 60 ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ, ਜਿਨ੍ਹਾਂ ਵਿੱਚੋਂ 30 ਵਿਦਿਆਰਥੀਆਂ ਨੂੰ ਆਨਲਾਈਨ ਇੰਟਰਐਕਸ਼ਨ ਅਤੇ ਸਾਂਝੇ ਅਕਾਦਮਿਕ ਪ੍ਰੋਗਰਾਮਾਂ ਦਾ ਮੌਕਾ ਮਿਲੇਗਾ।
ਇਸ ਪ੍ਰਕਿਰਿਆ ਵਿੱਚ ਵਿਦਿਆਰਥੀਆਂ ‘ਤੇ ਕੋਈ ਵੱਡਾ ਆਰਥਿਕ ਬੋਝ ਨਹੀਂ ਹੋਵੇਗਾ ਅਤੇ ਸਾਰਾ ਅਕਾਦਮਿਕ ਕੰਮ ਆਨਲਾਈਨ ਮਾਧਿਅਮ ਰਾਹੀਂ ਕੀਤਾ ਜਾਵੇਗਾ।ਮੀਟਿੰਗ ਦੌਰਾਨ ਵੱਖ-ਵੱਖ ਫੈਕਲਟੀਆਂ ਵੱਲੋਂ ਕੁੱਲ 14 ਨਵੇਂ ਕੋਰਸਾਂ ਦੇ ਪ੍ਰਸਤਾਵ ਵੀ ਪੇਸ਼ ਕੀਤੇ ਗਏ। ਇਨ੍ਹਾਂ ਵਿੱਚ ਸਾਈਕੋਲੋਜੀ ਨਾਲ ਸੰਬੰਧਤ ਨਵੇਂ ਕੋਰਸ, ਸੋਸ਼ਲ ਸਾਇੰਸ ਦਾ ਚਾਰ ਸਾਲਾ ਪ੍ਰੋਗਰਾਮ, ਕੁਝ ਸਰਟੀਫਿਕੇਟ ਕੋਰਸ ਅਤੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਵਿੱਚ ਐਮ.ਟੈਕ. ਪ੍ਰੋਗਰਾਮ ਸ਼ਾਮਲ ਹਨ।
ਵਾਈਸ-ਚਾਂਸਲਰ ਨੇ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਵਿੱਚ ਪਹਿਲਾਂ ਚੱਲ ਰਹੇ ਕੁਝ ਕੇਂਦਰਾਂ ਨੂੰ ਮੁੜ ਸਰਗਰਮ ਕਰਨ ਦੀ ਯੋਜਨਾ ਹੈ। ਇਸ ਵਿੱਚ ਦਰਸ਼ਨ ਸ਼ਾਸਤਰ ਨਾਲ ਸੰਬੰਧਤ ਵਿਭਾਗ ਅਤੇ ਸੈਂਟਰਲ ਏਸ਼ੀਆ ਸਟਡੀਜ਼ ਕੇਂਦਰ ਨੂੰ ਦੁਬਾਰਾ ਚਾਲੂ ਕਰਨ ਦੀ ਸੰਭਾਵਨਾ ਵੀ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰੋਜ਼ਗਾਰ ਯੋਗ ਬਣਾਉਣਾ ਹੈ। ਇਸ ਲਈ “ਰਿਮੋਟ ਲਰਨਿੰਗ” ਅਤੇ “ਰਿਮੋਟ ਐਮਪਲਾਇਮੈਂਟ” ਵਰਗੇ ਨਵੇਂ ਮਾਡਲਾਂ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ, ਤਾਂ ਜੋ ਵਿਦਿਆਰਥੀ ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਵਿਸ਼ਵ ਪੱਧਰੀ ਮੌਕਿਆਂ ਨਾਲ ਜੁੜ ਸਕਣ।
ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਮੌਜੂਦਾ ਸਮੇਂ ਵਿੱਚ ਤਕਨਾਲੋਜੀ ਅਤੇ ਖ਼ਾਸ ਕਰਕੇ ਆਰਟੀਫ਼ੀਸ਼ਲ ਇੰਟੈਲੀਜੈਂਸ ਦੇ ਤੇਜ਼ੀ ਨਾਲ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਸਿੱਖਿਆ ਪ੍ਰਣਾਲੀ ਵਿੱਚ ਨਵੇਂ ਹੁਨਰਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।
ਖ਼ਾਸ ਕਰਕੇ ਸੋਸ਼ਲ ਸਾਇੰਸ ਦੇ ਖੇਤਰ ਵਿੱਚ ਵੀ ਤਬਦੀਲੀਆਂ ਤੇਜ਼ੀ ਨਾਲ ਆ ਰਹੀਆਂ ਹਨ, ਇਸ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਨਵੇਂ ਤਕਨੀਕੀ ਹੁਨਰਾਂ ਨਾਲ ਆਪਣੇ ਆਪ ਨੂੰ ਤਿਆਰ ਕਰਨਾ ਪਵੇਗਾ। ਮੀਟਿੰਗ ਦੀ ਸ਼ੁਰੂਆਤ ਵਿੱਚ ਡੀਨ ਅਕਾਦਮਿਕ ਮਾਮਲੇ ਡਾ. ਹਰਿੰਦਰ ਸਿੰਘ ਸੈਣੀ ਨੇ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦਾ ਉਚੇਚੇ ਤੌਰ ‘ਤੇ ਜ਼ਿਕਰ ਕੀਤਾ, ਜਦਕਿ ਬਾਅਦ ਵਿੱਚ ਰਜਿਸਟਰਾਰ ਡਾ. ਕੇ.ਐੱਸ. ਚਾਹਲ ਵੱਲੋਂ ਮੀਟਿੰਗ ਦਾ ਏਜੰਡਾ ਪੇਸ਼ ਕੀਤਾ ਗਿਆ।






