ਵੱਡੀ ਖ਼ਬਰ: ਟਰੰਪ ਦੀ ਈਰਾਨ ਨੂੰ ਸਖ਼ਤ ਚੇਤਾਵਨੀ, ਕਿਹਾ ਜੇ ਪਰਮਾਣੂ ਹਥਿਆਰ ਬਣਾਇਆ ਤਾਂ..!
ਈਰਾਨ ਦਾ ਅਮਰੀਕਾ ‘ਤੇ ਪਲਟਵਾਰ: “ਅਮਰੀਕਾ ਹਾਰੇ ਹੋਏ ਜੂਏਬਾਜ਼ ਵਾਂਗ ਝੂਠੀਆਂ ਖ਼ਬਰਾਂ ਫੈਲਾਉਣਾ ਬੰਦ ਕਰੇ”
ਵਾਸ਼ਿੰਗਟਨ/ਤੇਹਰਾਨ 10 ਨਵੰਬਰ 2026: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਤਰ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲਰਹਿਮਾਨ ਬਿਨ ਜਾਸਿਮ ਅਲ ਥਾਨੀ ਨਾਲ ਵਾਈਟ ਹਾਊਸ ਵਿੱਚ ਹੋਈ ਇੱਕ ਬਹੁਤ ਹੀ ਮਹੱਤਵਪੂਰਨ ਬੈਠਕ ਤੋਂ ਬਾਅਦ ਪੱਛਮੀ ਏਸ਼ੀਆ (ਮੱਧ ਪੂਰਬ) ਦੇ ਮੌਜੂਦਾ ਹਾਲਾਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਈਰਾਨ ਨਾਲ ਚੱਲ ਰਹੀ ਜੰਗ ਫੌਜੀ ਦ੍ਰਿਸ਼ਟੀ ਤੋਂ ਹੁਣ ਪ੍ਰਭਾਵਸ਼ਾਲੀ ਢੰਗ ਨਾਲ ਖ਼ਤਮ ਹੋ ਚੁੱਕੀ ਹੈ।
ਆਪਣੇ ਸੋਸ਼ਲ ਮੀਡੀਆ ਮੰਚ ‘ਟਰੂਥ ਸੋਸ਼ਲ’ (Truth Social) ‘ਤੇ ਜਾਣਕਾਰੀ ਸਾਂਝੀ ਕਰਦਿਆਂ ਟਰੰਪ ਨੇ ਇਸ ਗੱਲਬਾਤ ਨੂੰ ‘ਸ਼ਾਨਦਾਰ’ ਦੱਸਿਆ ਅਤੇ ਕਿਹਾ ਕਿ ਈਰਾਨ ਸੰਕਟ ਨੂੰ ਸੁਲਝਾਉਣ ਵੱਲ ਹਾਂ-ਪੱਖੀ ਵੇਖਣ ਨੂੰ ਮਿਲ ਰਹੀ ਹੈ। ਰਾਸ਼ਟਰਪਤੀ ਟਰੰਪ ਨੇ ਦੱਸਿਆ ਕਿ ਬੈਠਕ ਦੌਰਾਨ ਇਸਲਾਮਿਕ ਰਿਪਬਲਿਕ ਆਫ਼ ਈਰਾਨ ਨੂੰ ਲੈ ਕੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਕਤਰ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ (UAE), ਬਹਿਰੀਨ ਅਤੇ ਕੁਵੈਤ ਵਰਗੇ ਖੇਤਰੀ ਦੇਸ਼ ਮੌਜੂਦਾ ਸਥਿਤੀ ਨੂੰ ਬਰਕਰਾਰ ਰੱਖਣ ਦੇ ਪੱਖ ਵਿੱਚ ਹਨ। ਇਸ ਰਣਨੀਤੀ ਵਿੱਚ ਇਤਿਹਾਸਕ ਸਮੁੰਦਰੀ ਨਾਕਾਬੰਦੀ ਅਤੇ ਨਵਾਂ ‘ਆਪ੍ਰੇਸ਼ਨ ਆਇਰਨ ਗੇਟ’ ਸ਼ਾਮਲ ਹੈ, ਤਾਂ ਜੋ ਜ਼ਮੀਨ ਅਤੇ ਸਮੁੰਦਰ ਦੋਵਾਂ ਪਾਸਿਆਂ ਤੋਂ ਸੁਰੱਖਿਆ ਨਿਗਰਾਨੀ ਕਾਇਮ ਰੱਖੀ ਜਾ ਸਕੇ।
ਅਮਰੀਕੀ ਰਾਸ਼ਟਰਪਤੀ ਨੇ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਕਿ ਅਮਰੀਕਾ ਦਾ ਸਭ ਤੋਂ ਵੱਡਾ ਅਤੇ ਅਟੱਲ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਈਰਾਨ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਾ ਕਰ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਖਾੜੀ ਖੇਤਰ ਦੇ ਸਾਰੇ ਦੇਸ਼ ਇਸ ਗੱਲ ‘ਤੇ ਪੂਰੀ ਤਰ੍ਹਾਂ ਸਹਿਮਤ ਹਨ। ਟਰੰਪ ਨੇ ਇਹ ਵੀ ਕਿਹਾ ਕਿ ਲਗਾਤਾਰ ਦਬਾਅ ਅਤੇ ਫੌਜੀ ਮੁਹਿੰਮਾਂ ਦੇ ਚਲਦਿਆਂ ਈਰਾਨ ਦੀ ਫੌਜੀ ਅਤੇ ਹਥਿਆਰ ਬਣਾਉਣ ਦੀ ਸਮਰੱਥਾ ਲਗਭਗ 85 ਫ਼ੀਸਦੀ ਤੱਕ ਤਬਾਹ ਹੋ ਚੁੱਕੀ ਹੈ।
ਹਾਲਾਤ ‘ਤੇ ਸਖ਼ਤ ਸੰਦੇਸ਼ ਦਿੰਦਿਆਂ ਟਰੰਪ ਨੇ ਕਿਹਾ ਕਿ ਜੇਕਰ ਸਥਿਤੀ ਬਦਲਦੀ ਹੈ ਤਾਂ ਅਮਰੀਕੀ ਫੌਜ ਕਿਸੇ ਵੀ ਕਾਰਵਾਈ ਲਈ ਪੂਰੀ ਤਰ੍ਹਾਂ ਤਿਆਰ (“ਲਾਕਡ ਐਂਡ ਲੋਡਡ”) ਹੈ। ਹਾਲਾਂਕਿ, ਉਨ੍ਹਾਂ ਇਹ ਵੀ ਜੋੜਿਆ ਕਿ ਮੌਜੂਦਾ ਹਾਲਾਤ ਵਿੱਚ ਅੱਗੇ ਫੌਜੀ ਟਕਰਾਅ ਵਧਣ ਦੀ ਸੰਭਾਵਨਾ ਕਾਫ਼ੀ ਘੱਟ ਨਜ਼ਰ ਆ ਰਹੀ ਹੈ। ਉਨ੍ਹਾਂ ਅਨੁਸਾਰ ਇਜ਼ਰਾਈਲ ਅਤੇ ਪੂਰਾ ਪੱਛਮੀ ਏਸ਼ੀਆ ਹੁਣ ਈਰਾਨੀ ਖ਼ਤਰਿਆਂ ਤੋਂ ਸੁਰੱਖਿਅਤ ਹੈ ਅਤੇ ਅਮਰੀਕਾ ਆਪਣੇ ਹਿੱਤਾਂ ਦੀ ਪੂਰੀ ਰਾਖੀ ਕਰੇਗਾ।
ਈਰਾਨ ਦਾ ਪਲਟਵਾਰ: “ਅਮਰੀਕਾ ਝੂਠੀਆਂ ਕਹਾਣੀਆਂ ਘੜਨਾ ਬੰਦ ਕਰੇ”
ਦੂਜੇ ਪਾਸੇ, ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦਰਮਿਆਨ ਈਰਾਨ ਨੇ ਵੀ ਅਮਰੀਕਾ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕੜਾ ਰੁੱਖ ਅਪਣਾਇਆ ਹੈ। ਈਰਾਨ ਦੇ ਸੁਰੱਖਿਆ ਮੁਖੀ ਮੋਹਸਿਨ ਰਜ਼ਾਈ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਈਰਾਨ ਵੱਲੋਂ ਰੱਖੀਆਂ ਗਈਆਂ 7 ਸ਼ਰਤਾਂ ਅੱਗੇ ਪੂਰੀ ਤਰ੍ਹਾਂ ਗੋਡੇ ਟੇਕ ਦੇਵੇ।
ਰਜ਼ਾਈ ਨੇ ਵਾਸ਼ਿੰਗਟਨ ‘ਤੇ ਦੋਸ਼ ਲਾਇਆ ਕਿ ਉਹ ਜੰਗ ਨੂੰ ਲੈ ਕੇ ਝੂਠੀਆਂ ਕਹਾਣੀਆਂ ਘੜ ਰਿਹਾ ਹੈ। ਉਨ੍ਹਾਂ ਕੜੇ ਸ਼ਬਦਾਂ ਵਿੱਚ ਕਿਹਾ, “ਈਰਾਨ ਨਾਲ ਜੰਗ ਨੇ ਅਮਰੀਕੀ ਸਰਕਾਰ ਨੂੰ ਬਰਬਾਦ ਕਰ ਦਿੱਤਾ ਹੈ। ਪਰ ਵਾਸ਼ਿੰਗਟਨ ਇੱਕ ਨਿਰਾਸ਼ ਅਤੇ ਹਾਰੇ ਹੋਏ ਜੂਏਬਾਜ਼ ਵਾਂਗ ਹੱਥ-ਪੈਰ ਮਾਰ ਰਿਹਾ ਹੈ।” ਉਨ੍ਹਾਂ ਅਮਰੀਕਾ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਹੁਣ ਆਪਣੀ ਖੇਡ ਸਮੇਟੇ ਅਤੇ ਕਾਲਪਨਿਕ ਗੱਲਬਾਤ ਨੂੰ ਲੈ ਕੇ ਝੂਠੀਆਂ ਖ਼ਬਰਾਂ (Fake News) ਫੈਲਾਉਣਾ ਤੁਰੰਤ ਬੰਦ ਕਰੇ।
















