ਵੱਡੀ ਖ਼ਬਰ: ਬੇਰੁਜ਼ਗਾਰ ਲਾਇਬ੍ਰੇਰੀਅਨ ‘ਕਿਡਨੀਆਂ ਵੇਚ’ ਕੇ ਭਗਵੰਤ ਮਾਨ ਸਰਕਾਰ ਨੂੰ ਦੇਣਗੇ ਫ਼ੰਡ, ਪੜ੍ਹੋ ਕੀ ਹੈ ਪੂਰਾ ਮਾਮਲਾ
ਭਰਤੀ ਫਾਈਲ ਪਾਸ ਕਰਵਾਉਣ ਲਈ ਬੇਰੁਜ਼ਗਾਰ ਲਾਇਬ੍ਰੇਰੀਅਨਾਂ ਵੱਲੋਂ ‘ਕਿਡਨੀਆਂ ਵੇਚ’ ਸਰਕਾਰ ਨੂੰ ਦਿੱਤਾ ਜਾਵੇਗਾ ਫੰਡ; 2 ਅਕਤੂਬਰ ਨੂੰ CM ਕੋਠੀ ਘੇਰਨਗੇ
ਚੰਡੀਗੜ੍ਹ, 28 ਸਤੰਬਰ 2026- ਬੇਰੁਜ਼ਗਾਰ ਲਾਇਬ੍ਰੇਰੀਅਨ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਰਾਜ ਸਿੰਘ ਭਾਦੌੜ ਅਤੇ ਸਹਾਇਕ ਸੂਬਾ ਪ੍ਰਧਾਨ ਭੂਪਿੰਦਰ ਸਿੰਘ ਜਵੰਧਾ ਦੀ ਅਗਵਾਈ ਹੇਠ ਦਿੜਬਾ ਵਿਖੇ ਅਨੋਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਫੰਡਾਂ ਦੀ ਕਮੀ ਦਾ ਬਹਾਨਾ ਬਣਾ ਕੇ ਵਿੱਤ ਵਿਭਾਗ ਤੇ ਕੈਬਨਿਟ ਵਿੱਚ ਅਟਕਾਈ 785 ਲਾਇਬ੍ਰੇਰੀਅਨਾਂ ਦੀ ਭਰਤੀ ਫਾਈਲ ਪਾਸ ਕਰਵਾਉਣ ਲਈ ਸੰਕੇਤਕ ਤੌਰ ‘ਤੇ ਆਪਣੀਆਂ ਕਿਡਨੀਆਂ ਵੇਚ ਕੇ ਸਰਕਾਰ ਲਈ ਫੰਡ ਇਕੱਠਾ ਕੀਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਇਹ ਸਰਕਾਰ ਰੁਜ਼ਗਾਰ, ਸਿੱਖਿਆ ਤੇ ਸਿਹਤ ਦੇ ਨਾਂ ‘ਤੇ ਬਣੀ ਸੀ ਪਰ ਵਾਅਦੇ ਪੂਰੇ ਨਹੀਂ ਕੀਤੇ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਧਾਨ ਸਭਾ ‘ਚ ਸਵਾਲ 1923 ਦੇ ਜਵਾਬ ‘ਚ ਵਾਅਦਾ ਕੀਤਾ ਸੀ ਕਿ 785 ਪੋਸਟਾਂ ਕੱਢ ਕੇ ਦਸੰਬਰ ਤੱਕ ਭਰਤੀ ਹੋਵੇਗੀ , ਪਰ ਹੁਣ ਫਾਈਲ ਤਿਆਰ ਹੋਣ ਦੇ ਬਾਵਜੂਦ ਫੰਡਾਂ ਦੀ ਘਾਟ ਦਾ ਬਹਾਨਾ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਵਿਅੰਗ ਕੀਤਾ ਕਿ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਅਤੇ ਮਹੀਨਾਵਾਰ 1000-1500 ਰੁਪਏ ਲਈ ਕਰੋੜਾਂ ਰੁਪਏ ਹਨ, ਪਰ ਨੌਜਵਾਨਾਂ ਦੇ ਰੁਜ਼ਗਾਰ ਲਈ ਖ਼ਜ਼ਾਨਾ ਖਾਲੀ ਹੈ। ਫਰੰਟ ਵੱਲੋਂ 2 ਅਕਤੂਬਰ ਨੂੰ ਸਵੇਰੇ 10 ਵਜੇ ਵੇਰਕਾ ਪਲਾਂਟ, ਸੰਗਰੂਰ ਵਿਖੇ ਇਕੱਠੇ ਹੋ ਕੇ CM ਕੋਠੀ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਇਸ ਮੌਕੇ ਪਰਮਿੰਦਰ ਕੌਰ, ਗਗਨਦੀਪ ਸਿੰਘ, ਰਿੰਕੂ ਸਿੰਘ, ਬਲਵੀਰ ਸਿੰਘ, ਸੰਦੀਪ ਸਿੰਘ ਤੇ ਕਾਲਾ ਸਿੰਘ ਹਾਜ਼ਰ ਸਨ।
















