ਵੱਡੀ ਖ਼ਬਰ: ਬੇਰੁਜ਼ਗਾਰ ਅਧਿਆਪਕਾਂ ਨੇ CM ਮਾਨ ਦੀ ਕੋਠੀ ਘੇਰੀ; ਪੁਲਿਸ ਨਾਲ ਝੜਪ ‘ਚ ਲੇਡੀ ਟੀਚਰ ਬੇਹੋਸ਼!
ਮਾਸਟਰ ਕੇਡਰ ਦੀਆਂ 15000 ਭਰਤੀਆਂ ਅਤੇ 55% ਸ਼ਰਤ ਰੱਦ ਕਰਨ ਦੀ ਮੰਗ; ਬੇਰੁਜ਼ਗਾਰਾਂ ਨੇ DC ਦਫ਼ਤਰ ਤੋਂ CM ਕੋਠੀ ਵੱਲ ਕੀਤਾ ਕੂਚ- 3 ਨਵੰਬਰ ਦੀ ਮੀਟਿੰਗ ਦੇ ਭਰੋਸੇ ਤੋਂ ਬਾਅਦ ਸ਼ਾਂਤ ਹੋਇਆ ਮਾਮਲਾ
ਸੰਗਰੂਰ, 19 ਅਕਤੂਬਰ 2026: ਪੰਜਾਬ ਵਿੱਚ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਯੂਥ ਦਾ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਐਤਵਾਰ ਨੂੰ ਸੰਗਰੂਰ ਵਿਖੇ ਉਸ ਵੇਲੇ ਮਾਹੌਲ ਬਹੁਤ ਜ਼ਿਆਦਾ ਤਣਾਅਪੂਰਨ ਹੋ ਗਿਆ, ਜਦੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੀਐੱਮ (ਮੁੱਖ ਮੰਤਰੀ) ਕੋਠੀ ਦਾ ਘਿਰਾਓ ਕਰਨ ਪਹੁੰਚੇ ਬੇਰੁਜ਼ਗਾਰਾਂ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਭਾਰੀ ਧੱਕਾ-ਮੁੱਕੀ ਹੋ ਗਈ। ਇਸ ਜ਼ਬਰਦਸਤ ਝੜਪ ਅਤੇ ਹੰਗਾਮੇ ਦੌਰਾਨ ਪ੍ਰਦਰਸ਼ਨ ਕਰ ਰਹੀ ਇੱਕ ਲੜਕੀ ਬੇਹੋਸ਼ ਵੀ ਹੋ ਗਈ, ਜਿਸ ਤੋਂ ਬਾਅਦ ਮੌਕੇ ‘ਤੇ ਮੌਜੂਦ ਬੇਰੁਜ਼ਗਾਰਾਂ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਗੁੱਸੇ ਦੀ ਲਹਿਰ ਹੋਰ ਤੇਜ਼ ਹੋ ਗਈ।
ਇਸ ਤੋਂ ਪਹਿਲਾਂ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਮੁੱਖ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ, ਹਰਜਿੰਦਰ ਝੁਨੀਰ ਅਤੇ ਗੁਰਪਿਆਰ ਸਿੰਘ ਦੀ ਸਾਂਝੀ ਅਗਵਾਈ ਹੇਠ ਸਥਾਨਕ ਡਿਪਟੀ ਕਮਿਸ਼ਨਰ (DC) ਦਫ਼ਤਰ ਦੇ ਗੇਟ ਅੱਗੇ ਚੱਲ ਰਹੇ ਪੱਕੇ ਮੋਰਚੇ ‘ਤੇ ਵੱਡੀ ਗਿਣਤੀ ‘ਚ ਬੇਰੁਜ਼ਗਾਰ ਇਕੱਠੇ ਹੋਏ। ਇੱਥੋਂ ਉਨ੍ਹਾਂ ਨੇ ਸ਼ਹਿਰ ਵਿੱਚ ਵਿਸ਼ਾਲ ਰੋਸ ਮਾਰਚ ਕੱਢਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਦਾ ਇੱਕ ਦਿਓ ਕੱਦ ਪੁਤਲਾ ਫੂਕ ਕੇ ਅਨੋਖਾ ਦੁਸਹਿਰਾ ਮਨਾਇਆ।
ਇਸ ਪੁਤਲੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਅਮਨ ਅਰੋੜਾ, ਹਰਪਾਲ ਸਿੰਘ ਚੀਮਾ, ਸਿਹਤ ਮੰਤਰੀ ਡਾ. ਬਲਵੀਰ ਸਿੰਘ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਤਰਨਪ੍ਰੀਤ ਸੌਂਦ, ਹਰਭਜਨ ਸਿੰਘ ਈ.ਟੀ.ਓ. ਅਤੇ ਹਰਦੀਪ ਸਿੰਘ ਮੁੰਡੀਆ ਸਮੇਤ ਕੁੱਲ 11 ਆਗੂਆਂ ਦੇ ਮਖੌਟੇ ਚਿਪਕਾਏ ਹੋਏ ਸਨ।
ਬੇਰੁਜ਼ਗਾਰ ਆਗੂਆਂ ਨੇ ਦੋਸ਼ ਲਾਇਆ ਕਿ 2 ਅਕਤੂਬਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਕਰਵਾਉਣ ਦਾ ਲਿਖਤੀ ਆਸ਼ਵਾਸਨ ਦਿੱਤਾ ਗਿਆ ਸੀ, ਪਰ ਇਹ ਮੀਟਿੰਗ ਨਹੀਂ ਕਰਵਾਈ ਗਈ। ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁੱਖ ਮਸਲੇ ਜਿਵੇਂ ਕਿ 55 ਫੀਸਦੀ ਲਾਜ਼ਮੀ ਅੰਕਾਂ ਦੀ ਬੇਤੁਕੀ ਸ਼ਰਤ ਨੂੰ ਰੱਦ ਕਰਨਾ, ਉਮਰ ਹੱਦ ਵਿੱਚ ਛੋਟ ਦੇਣਾ ਅਤੇ ਮਾਸਟਰ ਕੇਡਰ ਦੀਆਂ 15,000 ਨਵੀਆਂ ਅਸਾਮੀਆਂ ਜਾਰੀ ਕਰਨਾ, ਸਿੱਧੇ ਤੌਰ ‘ਤੇ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਹਨ।
ਇਸੇ ਲਈ ਉਹ ਵਾਰ-ਵਾਰ ਮੁੱਖ ਮੰਤਰੀ ਨਾਲ ਸਿੱਧੀ ਮੀਟਿੰਗ ਕਰਨ ਦੀ ਮੰਗ ‘ਤੇ ਅੜੇ ਹੋਏ ਸਨ। ਜਦੋਂ ਉਹ ਸੀਐੱਮ ਕੋਠੀ ਅੰਦਰ ਜਾਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਕਾਫ਼ੀ ਸਮਾਂ ਤਿੱਖੀ ਝੜਪ ਅਤੇ ਧੱਕਾਮੁੱਕੀ ਚੱਲਦੀ ਰਹੀ। ਲੰਬੀ ਜੱਦੋਜਹਿਦ ਤੋਂ ਬਾਅਦ ਪ੍ਰਸ਼ਾਸਨ ਨੇ ਬੇਰੁਜ਼ਗਾਰਾਂ ਦੀ ਸਕੱਤਰ ਨਾਲ 3 ਨਵੰਬਰ ਲਈ ਮੀਟਿੰਗ ਨਿਸ਼ਚਿਤ ਕਰਵਾਈ, ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ।
ਪ੍ਰਦਰਸ਼ਨਕਾਰੀ ਆਗੂਆਂ ਨੇ ਸਰਕਾਰ ਅੱਗੇ ਆਪਣੀਆਂ ਅਹਿਮ ਮੰਗਾਂ ਰੱਖੀਆਂ ਕਿ, ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਸਾਰੀਆਂ ਖਾਲੀ ਪਈਆਂ ਅਸਾਮੀਆਂ ਉਮਰ ਹੱਦ ਵਿੱਚ ਵਿਸ਼ੇਸ਼ ਛੋਟ ਦੇ ਕੇ ਤੁਰੰਤ ਭਰੀਆਂ ਜਾਣ। ਮਾਸਟਰ ਕੇਡਰ ਅਤੇ ਹੋਰਨਾਂ ਵਰਗਾਂ ‘ਤੇ ਥੋਪੀ ਗਈ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਨੂੰ ਮੁੱਢੋਂ ਰੱਦ ਕੀਤਾ ਜਾਵੇ। ਮਾਸਟਰ ਕੇਡਰ ਦੀਆਂ 15000 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਹੋਵੇ ਅਤੇ ਸਕੂਲ ਲਾਇਬ੍ਰੇਰੀਆਂ ਵਿੱਚ ਮਨਜ਼ੂਰਸ਼ੁਦਾ 785 ਲਾਇਬ੍ਰੇਰੀਅਨ ਅਸਾਮੀਆਂ ਤੁਰੰਤ ਭਰੀਆਂ ਜਾਣ। ਸਿੱਖਿਆ ਵਿਭਾਗ ਵਿੱਚ ਆਰਟ ਐਂਡ ਕਰਾਫਟ ਦੀਆਂ ਪਹਿਲਾਂ ਜਾਰੀ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਜਲਦ ਲਈ ਜਾਵੇ ਅਤੇ ਲੈਕਚਰਾਰ ਦੇ ਰਹਿੰਦੇ ਵਿਸ਼ਿਆਂ ਦੀ ਪ੍ਰੀਖਿਆ ਵੀ ਤੁਰੰਤ ਕਰਵਾਈ ਜਾਵੇ। ਮਲਟੀਪਰਪਜ਼ ਹੈਲਥ ਵਰਕਰ (ਪੁਰਸ਼) ਦੀਆਂ ਖਾਲੀ ਅਸਾਮੀਆਂ ਉਮਰ ਛੋਟ ਨਾਲ ਭਰੀਆਂ ਜਾਣ ਅਤੇ ਕਰੋਨਾ ਵਲੰਟੀਅਰਾਂ ਨੂੰ ਬਿਨਾਂ ਸ਼ਰਤ ਰਾਸ਼ਟਰੀ ਸਿਹਤ ਮਿਸ਼ਨ (NHM) ਤਹਿਤ ਰੈਗੂਲਰ ਕੀਤਾ ਜਾਵੇ। ਸਰੀਰਕ ਸਿੱਖਿਆ ਦੀਆਂ ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣ ਅਤੇ ਮੁੜ ਬਹਾਲੀ ਕੱਚੇ ਅਧਿਆਪਕਾਂ ਸਮੇਤ ਸਪੈਸ਼ਲ ਐਜੂਕੇਟਰਾਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ।
ਇਸ ਰੋਸ ਪ੍ਰਦਰਸ਼ਨ ਦੌਰਾਨ ਲਾਇਬ੍ਰੇਰੀਅਨ ਫਰੰਟ ਤੋਂ ਰਾਜ ਸਿੰਘ ਭਦੌੜ, ਬੇਰੁਜ਼ਗਾਰ ਯੂਨਾਈਟਿਡ ਫਿਜੀਕਲ ਯੂਨੀਅਨ ਤੋਂ ਲਖਵੀਰ ਸਿੰਘ, ਲਖਵੀਰ ਸਿੰਘ ਖੁੱਡੀ ਕਲਾਂ, ਗੁਰਸ਼ਰਨ ਕੌਰ ਰਾਮਪੁਰਾ, ਸੁਪਿੰਦਰ ਬਰੇਟਾ, ਸੰਦੀਪ ਮੋਫ਼ਰ, ਮੰਗਤ ਰਾਮ ਬਠਿੰਡਾ ਅਤੇ ਗੁਰਿੰਦਰ ਸਿੰਘ ਕੇਰਾ ਖੇੜਾ ਸਮੇਤ ਵੱਡੀ ਗਿਣਤੀ ‘ਚ ਬੇਰੁਜ਼ਗਾਰ ਅਧਿਆਪਕ ਤੇ ਆਗੂ ਹਾਜ਼ਰ ਸਨ।
















