ਸਰਹੱਦ ਦੀ ਸੁਰੱਖਿਆ ਜਾਂ ਪੰਜਾਬ ਦੇ ਪਿੰਡਾਂ ਦੀ ਤਬਾਹੀ? ਫਾਜ਼ਿਲਕਾ-ਫਿਰੋਜ਼ਪੁਰ ਦੇ ਲੋਕਾਂ ਨੇ ਡਿਫੈਂਸ ਬੰਨ੍ਹ ਪ੍ਰੋਜੈਕਟ ‘ਤੇ ਚੁੱਕੇ ਸਵਾਲ

On: ਜੂਨ 4, 2026 10:09 ਬਾਃ ਦੁਃ

 

ਸਰਹੱਦ ਦੀ ਸੁਰੱਖਿਆ ਜਾਂ ਪੰਜਾਬ ਦੇ ਪਿੰਡਾਂ ਦੀ ਤਬਾਹੀ? ਜ਼ੀਰੋ ਲਾਈਨ ਤੋਂ 4-5 ਕਿਲੋਮੀਟਰ ਦੂਰ ਬਣ ਰਹੇ ਬੰਨ੍ਹ ਕਾਰਨ ਕਈ ਆਬਾਦੀ ਵਾਲੇ ਪਿੰਡ ਹੜ੍ਹਾਂ ਅਤੇ ਜੰਗੀ ਖ਼ਤਰੇ ਦੀ ਮਾਰ ਹੇਠ ਆਉਣ ਦਾ ਡਰ- ਦੇਸ਼ ਦੀ ਸੁਰੱਖਿਆ ਦੇ ਖ਼ਿਲਾਫ਼ ਨਹੀਂ, ਪਰ ਬੰਨ੍ਹ ਨੂੰ ਜ਼ੀਰੋ ਲਾਈਨ ਦੇ ਹੋਰ ਨੇੜੇ ਬਣਾਇਆ ਜਾਵੇ- ਸਰਹੱਦੀ ਨਿਵਾਸੀ

ਫਾਜ਼ਿਲਕਾ/ਫਿਰੋਜ਼ਪੁਰ, 4 ਜੂਨ 2026:

ਭਾਰਤ-ਪਾਕਿਸਤਾਨ ਸਰਹੱਦ ਨੇੜੇ ਪੰਜਾਬ ਦੇ ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਬਣਾਏ ਜਾ ਰਹੇ ਡਿਫੈਂਸ ਬੰਨ੍ਹ (ਸੁਰੱਖਿਆ ਬੰਨ੍ਹ) ਪ੍ਰੋਜੈਕਟ ਨੇ ਸਰਹੱਦੀ ਪਿੰਡਾਂ ਦੇ ਹਜ਼ਾਰਾਂ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਪ੍ਰੋਜੈਕਟ ਦੇ ਸਰੂਪ ਨੂੰ ਲੈ ਕੇ ਸਥਾਨਕ ਲੋਕਾਂ ਦੇ ਮਨਾਂ ਵਿੱਚ ਵੱਡੇ ਸਵਾਲ ਖੜ੍ਹੇ ਹੋ ਗਏ ਹਨ ਕਿ ਇਹ ਕਦਮ ਸਰਹੱਦ ਦੀ ਸੁਰੱਖਿਆ ਲਈ ਹੈ ਜਾਂ ਸਰਹੱਦੀ ਪਿੰਡਾਂ ਦੀ ਤਬਾਹੀ ਦਾ ਸਬੱਬ ਬਣੇਗਾ।

ਮਾਰਕਿਟ ਕਮੇਟੀ ਫਾਜ਼ਿਲਕਾ ਦੇ ਚੇਅਰਮੈਨ ਪਰਮਜੀਤ ਸਿੰਘ ਸਮੇਤ ਵੱਖ-ਵੱਖ ਸਰਹੱਦੀ ਪਿੰਡਾਂ ਦੇ ਸਰਪੰਚਾਂ, ਕਿਸਾਨਾਂ ਅਤੇ ਮਜ਼ਦੂਰਾਂ ਨੇ ਇਸ ਸਬੰਧੀ ਗੰਭੀਰ ਚਿੰਤਾਵਾਂ ਸਾਂਝੀਆਂ ਕੀਤੀਆਂ ਹਨ। ਇਸ ਸਬੰਧੀ ਵੱਲੋਂ ਚੇਅਰਮੈਨ ਪਰਮਜੀਤ ਸਿੰਘ ਸਮੇਤ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਅਤੇ ਆਮ ਲੋਕਾਂ ਫਾਜਿਲਕਾ ਪ੍ਰਸਾਸ਼ਨ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।

ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਸੁਰੱਖਿਆ ਬੰਨ੍ਹ ਕੌਮਾਂਤਰੀ ਸਰਹੱਦ (ਜ਼ੀਰੋ ਲਾਈਨ) ਤੋਂ ਲਗਭਗ 4 ਤੋਂ 5 ਕਿਲੋਮੀਟਰ ਪਿੱਛੇ ਹਟ ਕੇ ਬਣਾਇਆ ਜਾ ਰਿਹਾ ਹੈ। ਸਥਾਨਕ ਆਗੂਆਂ ਅਤੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਬੰਨ੍ਹ ਇਸੇ ਜਗ੍ਹਾ ‘ਤੇ ਬਣਦਾ ਹੈ, ਤਾਂ ਸਰਹੱਦ ਨੇੜੇ ਵਸੇ ਕਈ ਆਬਾਦੀ ਵਾਲੇ ਪਿੰਡ ਇਸ ਬੰਨ੍ਹ ਦੇ ਦੂਜੇ ਪਾਸੇ ਰਹਿ ਜਾਣਗੇ, ਜਿਸ ਨਾਲ ਉਹ ਹੜ੍ਹਾਂ ਅਤੇ ਜੰਗੀ ਹਾਲਾਤਾਂ ਦੌਰਾਨ ਸਿੱਧੇ ਤੌਰ ‘ਤੇ ਖ਼ਤਰੇ ਦੀ ਮਾਰ ਹੇਠ ਆ ਜਾਣਗੇ।

ਸਰਹੱਦੀ ਇਲਾਕਿਆਂ ਵਿੱਚ ਜ਼ਿਆਦਾਤਰ ਛੋਟੇ ਕਿਸਾਨ ਰਹਿੰਦੇ ਹਨ, ਜੋ ਆਪਣੀ ਥੋੜ੍ਹੀ-ਬਹੁਤ ਜ਼ਮੀਨ ‘ਤੇ ਖੇਤੀਬਾੜੀ, ਸਬਜ਼ੀਆਂ ਉਗਾ ਕੇ ਅਤੇ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਂਦੇ ਹਨ। ਲੋਕਾਂ ਨੂੰ ਡਰ ਹੈ ਕਿ ਬੰਨ੍ਹ ਦੇ ਨਿਰਮਾਣ ਨਾਲ ਪਿੰਡਾਂ ਦਾ ਬਾਕੀ ਮੁੱਖ ਇਲਾਕਿਆਂ ਨਾਲੋਂ ਸੰਪਰਕ ਪੂਰੀ ਤਰ੍ਹਾਂ ਟੁੱਟ ਸਕਦਾ ਹੈ।

ਇਸ ਤੋਂ ਇਲਾਵਾ, ਬਰਸਾਤ ਦੇ ਦਿਨਾਂ ਵਿੱਚ ਹੜ੍ਹਾਂ ਦੇ ਪਾਣੀ ਦੀ ਕੁਦਰਤੀ ਨਿਕਾਸੀ ਰੁਕਣ ਕਾਰਨ ਇਹ ਪਿੰਡ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਜਾਣਗੇ, ਜਿਸ ਨਾਲ ਵੱਡੀ ਤਬਾਹੀ ਹੋ ਸਕਦੀ ਹੈ।

ਇਲਾਕਾ ਨਿਵਾਸੀਆਂ ਨੇ ਸਾਫ਼ ਕੀਤਾ ਹੈ ਕਿ ਉਹ ਦੇਸ਼ ਦੀ ਸੁਰੱਖਿਆ ਅਤੇ ਫ਼ੌਜੀ ਪ੍ਰੋਜੈਕਟਾਂ ਦੇ ਬਿਲਕੁਲ ਖ਼ਿਲਾਫ਼ ਨਹੀਂ ਹਨ, ਕਿਉਂਕਿ ਉਹ ਖੁਦ ਪੀੜ੍ਹੀਆਂ ਤੋਂ ਦੇਸ਼ ਦੀ ਪਹਿਲੀ ਰੱਖਿਆ ਲਾਈਨ ਬਣ ਕੇ ਸਰਹੱਦਾਂ ‘ਤੇ ਡਟੇ ਹੋਏ ਹਨ। ਪਰ ਉਨ੍ਹਾਂ ਦੀ ਜ਼ੋਰਦਾਰ ਮੰਗ ਹੈ ਕਿ ਪ੍ਰਸ਼ਾਸਨ ਅਤੇ ਸਰਕਾਰ ਇਸ ਬੰਨ੍ਹ ਨੂੰ ਮੌਜੂਦਾ ਜਗ੍ਹਾ ਦੀ ਬਜਾਏ ਜ਼ੀਰੋ ਲਾਈਨ ਦੇ ਹੋਰ ਨੇੜੇ ਲੈ ਕੇ ਜਾਣ। ਅਜਿਹਾ ਕਰਨ ਨਾਲ ਦੇਸ਼ ਦੀ ਸੁਰੱਖਿਆ ਵੀ ਮਜ਼ਬੂਤ ਹੋਵੇਗੀ ਅਤੇ ਸਰਹੱਦ ‘ਤੇ ਵਸਦੇ ਹਜ਼ਾਰਾਂ ਲੋਕਾਂ ਦੇ ਘਰ-ਬਾਰ ਅਤੇ ਜ਼ਮੀਨਾਂ ਵੀ ਤਬਾਹ ਹੋਣੋਂ ਬਚ ਜਾਣਗੀਆਂ।

ਲੋਕਾਂ ਨੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਦੇਸ਼ ਦੀ ਰੱਖਿਆ ਜਿੰਨੀ ਅਹਿਮ ਹੈ, ਉੱਥੇ ਹੀ ਸਰਹੱਦਾਂ ਦੀ ਰਾਖੀ ਕਰਨ ਵਾਲੇ ਇਨ੍ਹਾਂ ਦੇਸ਼ ਭਗਤ ਨਾਗਰਿਕਾਂ ਦੀ ਜ਼ਿੰਦਗੀ ਦੀ ਸੁਰੱਖਿਆ ਵੀ ਉੰਨੀ ਹੀ ਜ਼ਰੂਰੀ ਹੈ।

 

Join WhatsApp

Join Now

Leave a Comment