BREAKING- BJP ਵੱਲੋਂ ਰਾਜ ਸਭਾ ਚੋਣਾਂ ਲਈ 2 ਉਮੀਦਵਾਰਾਂ ਦਾ ਐਲਾਨ!
ਨਵੀਂ ਦਿੱਲੀ, 4 ਅਕਤੂਬਰ 2026: ਭਾਰਤੀ ਜਨਤਾ ਪਾਰਟੀ (BJP) ਨੇ ਆਗਾਮੀ ਰਾਜ ਸਭਾ ਚੋਣਾਂ ਲਈ ਉੱਤਰਾਖੰਡ ਅਤੇ ਪੱਛਮੀ ਬੰਗਾਲ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਉੱਤਰਾਖੰਡ ਤੋਂ ਦਿਨੇਸ਼ ਆਰਿਆ ਨੂੰ, ਜਦਕਿ ਪੱਛਮੀ ਬੰਗਾਲ ਤੋਂ ਪ੍ਰਸਿੱਧ ਬੰਗਾਲੀ ਅਦਾਕਾਰਾ ਰੁਕਮਣੀ ਮੱਲਿਕ, ਜੋ ਕੋਇਲ ਮੱਲਿਕ ਦੇ ਨਾਂ ਨਾਲ ਜਾਣੀ ਜਾਂਦੀ ਹੈ, ਨੂੰ ਉਮੀਦਵਾਰ ਬਣਾਇਆ ਹੈ। ਦੋਵਾਂ ਨਾਵਾਂ ਨੂੰ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਨੇ ਮਨਜ਼ੂਰੀ ਦਿੱਤੀ ਹੈ।
ਪੱਛਮੀ ਬੰਗਾਲ ਦੀ ਸੀਟ ’ਤੇ ਉਪ ਚੋਣ ਕੋਇਲ ਮੱਲਿਕ ਵੱਲੋਂ ਰਾਜ ਸਭਾ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਕਾਰਨ ਹੋ ਰਹੀ ਹੈ। ਉਹ ਹਾਲ ਹੀ ਵਿੱਚ ਤ੍ਰਿਣਮੂਲ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਈ ਸੀ। ਉੱਤਰਾਖੰਡ ਵਿੱਚ ਮੌਜੂਦਾ ਰਾਜ ਸਭਾ ਮੈਂਬਰ ਨਰੇਸ਼ ਬੰਸਲ ਦਾ ਕਾਰਜਕਾਲ ਪੂਰਾ ਹੋਣ ਜਾ ਰਿਹਾ ਹੈ।
ਇਨ੍ਹਾਂ ਰਾਜ ਸਭਾ ਸੀਟਾਂ ਲਈ 16 ਅਕਤੂਬਰ ਨੂੰ ਵੋਟਿੰਗ ਅਤੇ ਉਸੇ ਦਿਨ ਵੋਟਾਂ ਦੀ ਗਿਣਤੀ ਹੋਵੇਗੀ। ਇਸ ਤੋਂ ਇਲਾਵਾ ਭਾਜਪਾ ਨੇ ਮਹਾਰਾਸ਼ਟਰ ਵਿਧਾਨ ਪਰਿਸ਼ਦ ਚੋਣਾਂ ਲਈ ਵੀ ਤਿੰਨ ਉਮੀਦਵਾਰਾਂ ਸਮਿਤਾ ਯੋਗੇਸ਼ ਜਾਧਵ, ਸੁਧਾਕਰ ਵਿਠਲਰਾਓ ਕੋਹਲੇ ਅਤੇ ਕੌਸਤੁਭ ਮੁਰਲੀਧਰ ਗਾਵੜੇ, ਦੇ ਨਾਵਾਂ ਦਾ ਐਲਾਨ ਕੀਤਾ ਹੈ।
















