ਵੱਡੀ ਖ਼ਬਰ: US ‘ਚ ਹਿੰਦੂ ਮੰਦਰ ‘ਤੇ ਹਮਲਾ!
ਓਹਾਇਓ ‘ਚ ਸ਼੍ਰੀ ਸਵਾਮੀਨਾਰਾਇਣ ਧਾਮ ‘ਤੇ ਇੱਟਾਂ ਸੁੱਟ ਕੇ ਕੀਤਾ ਵੱਡਾ ਨੁਕਸਾਨ
ਵਾਸ਼ਿੰਗਟਨ 3 ਅਕਤੂਬਰ 2026
ਸੰਯੁਕਤ ਰਾਜ ਅਮਰੀਕਾ (US) ਦੇ ਓਹਾਇਓ ਸੂਬੇ ਵਿੱਚ ਇੱਕ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾ ਕੇ ਤੋੜ-ਫੋੜ ਕਰਨ ਦੀ ਦੁਖਦ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਅਮਰੀਕਾ ਦੀ ਪ੍ਰਮੁੱਖ ਗੈਰ-ਲਾਭਕਾਰੀ ਸੰਸਥਾ ‘ਹਿੰਦੂ ਅਮਰੀਕੀ ਫਾਊਂਡੇਸ਼ਨ’ (HAF) ਨੇ ਦਾਅਵਾ ਕੀਤਾ ਹੈ ਕਿ ਅਣਪਛਾਤੇ ਦੋਸ਼ੀਆਂ ਵੱਲੋਂ ਮੰਦਰ ਦੀ ਇਮਾਰਤ ‘ਤੇ ਇੱਟਾਂ ਨਾਲ ਹਮਲਾ ਕੀਤਾ ਗਿਆ, ਜਿਸ ਨਾਲ ਮੰਦਰ ਦਾ ਕਾਫ਼ੀ ਭਾਰੀ ਨੁਕਸਾਨ ਹੋਇਆ ਹੈ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਇਸ ਘਟਨਾ ਦਾ ਵੇਰਵਾ ਸਾਂਝਾ ਕਰਦਿਆਂ ਹਿੰਦੂ ਅਮਰੀਕੀ ਫਾਊਂਡੇਸ਼ਨ ਨੇ ਦੱਸਿਆ ਕਿ ਇਹ ਘਟਨਾ ਓਹਾਇਓ ਦੇ ਰਿਚਮੰਡ ਹਾਈਟਸ ਸਥਿਤ ‘ਸ਼੍ਰੀ ਸਵਾਮੀਨਾਰਾਇਣ ਵਡਤਾਲ ਧਾਮ ਹਿੰਦੂ ਮੰਦਰ’ ਵਿਖੇ ਦੁਪਹਿਰ ਲਗਭਗ 1:30 ਵਜੇ ਵਾਪਰੀ। ਹਮਲਾਵਰਾਂ ਨੇ ਮੰਦਰ ਦੀਆਂ ਖਿੜਕੀਆਂ ਅਤੇ ਇਮਾਰਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਟਾਂ ਵਰ੍ਹਾਈਆਂ, ਜਿਸ ਕਾਰਨ ਧਾਰਮਿਕ ਅਸਥਾਨ ਦਾ ਮਹੱਤਵਪੂਰਨ ਨੁਕਸਾਨ ਹੋਇਆ ਹੈ।
ਇਹ ਘਟਨਾ ਅਜਿਹੇ ਨਾਜ਼ੁਕ ਸਮੇਂ ‘ਚ ਸਾਹਮਣੇ ਆਈ ਹੈ ਜਦੋਂ ਅਮਰੀਕਾ ਵਿੱਚ ਭਾਰਤੀ ਭਾਈਚਾਰੇ ਅਤੇ ਹੋਰ ਨਾਗਰਿਕਾਂ ਵਿਰੁੱਧ ਹਿੰਸਕ ਅਤੇ ਨਫ਼ਰਤੀ ਘਟਨਾਵਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਦਕਿ ਹਿੰਦੂ ਭਾਈਚਾਰੇ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
















