ਕੈਨੇਡਾ ‘ਚ ਪੰਜਾਬੀ ਔਰਤ ਦਾ ਬੇਰਹਿਮੀ ਨਾਲ ਕਤਲ
ਕੈਨੇਡਾ ‘ਚ ਘਰੇਲੂ ਹਿੰਸਾ ਨੇ ਲਈ ਪੰਜਾਬੀ ਔਰਤ ਦੀ ਜਾਨ, ਪਤੀ ‘ਤੇ ਦੂਜੇ ਦਰਜੇ ਦੇ ਕਤਲ ਦੇ ਇਲਜ਼ਾਮ ਤਹਿਤ ਮਾਮਲਾ ਦਰਜ
ਲੰਡਨ (ਕੈਨੇਡਾ), 18 ਸਤੰਬਰ 2026- ਕੈਨੇਡਾ ਦੇ ਓਂਟਾਰੀਓ ਸੂਬੇ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਸਦਮਾਪਹੁੰਚਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੇ ਲੰਡਨ ਸ਼ਹਿਰ ਵਿੱਚ ਵਾਪਰੀ ਇੱਕ ਹਿੰਸਕ ਘਟਨਾ ਨੇ ਪੂਰੇ ਪੰਜਾਬੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇੱਥੇ ਇੱਕ ਘਰ ਦੇ ਅੰਦਰ ਵਾਪਰੀ ਘਰੇਲੂ ਹਿੰਸਾ ਦੀ ਖ਼ੌਫ਼ਨਾਕ ਵਾਰਦਾਤ ਦੌਰਾਨ ਇੱਕ ਪਤੀ ਵੱਲੋਂ ਆਪਣੀ ਹੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਸਥਾਨਕ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਪਤੀ ਨੂੰ ਮੌਕੇ ‘ਤੇ ਹੀ ਹਿਰਾਸਤ ਵਿੱਚ ਲੈ ਲਿਆ ਹੈ।
ਲੰਡਨ ਪੁਲੀਸ ਸਰਵਿਸ ਵੱਲੋਂ ਦਿੱਤੀ ਗਈ ਅਧਿਕਾਰਤ ਜਾਣਕਾਰੀ ਅਨੁਸਾਰ ਇਹ ਖ਼ੂਨੀ ਘਟਨਾ 15 ਸਤੰਬਰ ਦੀ ਸ਼ਾਮ ਨੂੰ ਵਾਪਰੀ। ਸ਼ਾਮ ਕਰੀਬ 6:25 ਵਜੇ ਪੁਲੀਸ ਕੰਟਰੋਲ ਰੂਮ ਨੂੰ ਚੈਲਟਨ ਰੋਡ ਸਥਿਤ ਇੱਕ ਰਿਹਾਇਸ਼ੀ ਘਰ ਤੋਂ ਐਮਰਜੈਂਸੀ ਕਾਲ ਪ੍ਰਾਪਤ ਹੋਈ ਸੀ। ਕਾਲ ਮਿਲਦੇ ਹੀ ਪੁਲਿਸ ਅਤੇ ਪੈਰਾਮੈਡੀਕਲ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ। ਜਦੋਂ ਪੁਲੀਸ ਅਧਿਕਾਰੀ ਘਰ ਦੇ ਅੰਦਰ ਦਾਖ਼ਲ ਹੋਏ ਤਾਂ ਉਨ੍ਹਾਂ ਨੇ ਇੱਕ ਔਰਤ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਹਾਲਤ ਵਿੱਚ ਪਾਇਆ। ਔਰਤ ਦੇ ਸਰੀਰ ‘ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ। ਪੈਰਾਮੈਡੀਕਲ ਸਟਾਫ਼ ਨੇ ਬਿਨਾਂ ਕੋਈ ਸਮਾਂ ਗਵਾਏ ਔਰਤ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ, ਪਰ ਉਸ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ। ਹਸਪਤਾਲ ਵਿੱਚ ਇਲਾਜ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਉਸ ਔਰਤ ਨੇ ਦਮ ਤੋੜ ਦਿੱਤਾ।
ਪੁਲੀਸ ਨੇ ਵਾਰਦਾਤ ਵਾਲੀ ਥਾਂ ਤੋਂ ਹੀ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ। ਸ਼ੁਰੂਆਤੀ ਜਾਂਚ ਅਤੇ ਪੁੱਛਗਿੱਛ ਤੋਂ ਬਾਅਦ ਉਸ ਦੀ ਪਛਾਣ ਲੰਡਨ ਦੇ ਰਹਿਣ ਵਾਲੇ 41 ਸਾਲਾ ਮਨਦੀਪ ਸਿੰਘ ਵਜੋਂ ਹੋਈ, ਜੋ ਕਿ ਮ੍ਰਿਤਕ ਔਰਤ ਦਾ ਪਤੀ ਹੈ। ਲੰਡਨ ਪੁਲੀਸ ਨੇ ਮਨਦੀਪ ਸਿੰਘ ਦੇ ਖ਼ਿਲਾਫ਼ ਦੂਜੇ ਦਰਜੇ ਦੇ ਕਤਲ (Second-Degree Murder) ਦੇ ਗੰਭੀਰ ਦੋਸ਼ਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਹਾਲਾਂਕਿ, ਪੁਲਿਸ ਵੱਲੋਂ ਮ੍ਰਿਤਕ ਔਰਤ ਦੀ ਪਛਾਣ ਅਜੇ ਤੱਕ ਜਨਤਕ ਨਹੀਂ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਪੀੜਤਾ ਦੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਨਾਂ ਦਾ ਆਧਿਕਾਰਿਕ ਐਲਾਨ ਕੀਤਾ ਜਾਵੇਗਾ।
ਪੁਲੀਸ ਦੀ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਦੋਂ ਇਹ ਖ਼ੌਫ਼ਨਾਕ ਘਟਨਾ ਵਾਪਰੀ, ਉਸ ਸਮੇਂ ਘਰ ਵਿੱਚ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਸਨ। ਰਾਹਤ ਦੀ ਗੱਲ ਇਹ ਰਹੀ ਕਿ ਘਰ ਵਿੱਚ ਮੌਜੂਦ ਕਿਸੇ ਵੀ ਹੋਰ ਪਰਿਵਾਰਕ ਮੈਂਬਰ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ ਅਤੇ ਉਹ ਸਾਰੇ ਸੁਰੱਖਿਅਤ ਹਨ। ਉੱਥੇ ਹੀ, ਸਥਾਨਕ ਗੁਆਂਢੀਆਂ ਨੇ ਦੱਸਿਆ ਕਿ ਚੈਲਟਨ ਰੋਡ ਦਾ ਇਹ ਇਲਾਕਾ ਆਮ ਤੌਰ ‘ਤੇ ਬਹੁਤ ਸ਼ਾਂਤ ਮੰਨਿਆ ਜਾਂਦਾ ਹੈ ਅਤੇ ਇੱਥੇ ਅਜਿਹੀ ਘਟਨਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।
ਇੱਕ ਪ੍ਰਤੱਖਦਰਸ਼ੀ ਗੁਆਂਢੀ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਘਰ ਵਿੱਚੋਂ ਦੋ ਛੋਟੇ ਬੱਚਿਆਂ ਅਤੇ ਇੱਕ ਬਜ਼ੁਰਗ ਔਰਤ ਨੂੰ ਬਹੁਤ ਹੀ ਘਬਰਾਈ ਅਤੇ ਡਰੀ ਹੋਈ ਹਾਲਤ ਵਿੱਚ ਬਾਹਰ ਨਿਕਲਦੇ ਦੇਖਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਰਿਵਾਰ ਵਿੱਚ ਦੋ ਛੋਟੇ ਬੱਚੇ ਹਨ ਜੋ ਇਸ ਘਟਨਾ ਤੋਂ ਬਾਅਦ ਬਹੁਰ ਜ਼ਿਆਦਾ ਸਦਮੇ ਵਿੱਚ ਹਨ। ਹਾਲਾਂਕਿ, ਬੱਚਿਆਂ ਦੀ ਮੌਜੂਦਗੀ ਅਤੇ ਹੋਰ ਵੇਰਵਿਆਂ ਦੀ ਪੁਲੀਸ ਵੱਲੋਂ ਅਜੇ ਅਧਿਕਾਰਤ ਤੌਰ ’ਤੇ ਪੁਸ਼ਟੀ ਕੀਤੀ ਜਾਣੀ ਬਾਕੀ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲੀਸ ਨੇ ਚੈਲਟਨ ਰੋਡ ਨੂੰ ਕੁਝ ਸਮੇਂ ਲਈ ਦੋਵੇਂ ਪਾਸਿਆਂ ਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ ਤਾਂ ਜੋ ਸਬੂਤਾਂ ਨਾਲ ਕੋਈ ਛੇੜਛਾੜ ਨਾ ਹੋ ਸਕੇ।
ਮਾਮਲੇ ਦੀ ਜਾਂਚ ਲੰਡਨ ਪੁਲੀਸ ਦੇ ਮੇਜਰ ਕ੍ਰਾਈਮ ਸੈਕਸ਼ਨ (Major Crime Section) ਨੂੰ ਸੌਂਪੀ ਗਈ ਹੈ। ਫੋਰੈਂਸਿਕ ਟੀਮਾਂ ਨੇ ਘਰ ਦੇ ਅੰਦਰੋਂ ਕਈ ਮਹੱਤਵਪੂਰਨ ਸਬੂਤ ਇਕੱਠੇ ਕੀਤੇ ਹਨ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਇਸ ਦਰਦਨਾਕ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਡਿਟੈਕਟਿਵ ਸਾਰਜੈਂਟ ਮਿਕਾ ਬੋਰਡੋ ਨੇ ਕਿਹਾ ਕਿ ਘਰੇਲੂ ਹਿੰਸਾ ਅੱਜ ਵੀ ਸਾਡੇ ਪਰਿਵਾਰਾਂ ਅਤੇ ਭਾਈਚਾਰਿਆਂ ਲਈ ਇੱਕ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਮੁੱਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਪੂਰੇ ਸਮਾਜ ਨੂੰ ਪ੍ਰਭਾਵਿਤ ਕਰਦੀਆਂ ਹਨ।
ਦੂਜੇ ਪਾਸੇ, ‘ਲੰਡਨ ਅਬਿਊਜ਼ਡ ਵਿਮੈਨਜ਼ ਸੈਂਟਰ’ (London Abused Women’s Centre) ਦੀ ਕਾਰਜਕਾਰੀ ਨਿਰਦੇਸ਼ਕ ਜੈਨੀਫਰ ਡਨ ਨੇ ਵੀ ਇਸ ਕਤਲ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਔਰਤਾਂ ਵਿਰੁੱਧ ਹਿੰਸਾ ਸਾਡੇ ਸਮਾਜ ਵਿੱਚ ਇੱਕ ਲਗਾਤਾਰ ਵੱਧ ਰਹੀ ਗੰਭੀਰ ਸਮੱਸਿਆ ਹੈ, ਜਿਸ ਨੂੰ ਠੱਲ੍ਹ ਪਾਉਣ ਲਈ ਸਮਾਜਿਕ ਅਤੇ ਕਾਨੂੰਨੀ ਪੱਧਰ ‘ਤੇ ਹੋਰ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਫਿਲਹਾਲ ਮੁਲਜ਼ਮ ਮਨਦੀਪ ਸਿੰਘ ਪੁਲੀਸ ਹਿਰਾਸਤ ਵਿੱਚ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕੈਨੇਡੀਅਨ ਕਾਨੂੰਨ ਅਨੁਸਾਰ, ਅਦਾਲਤ ਵਿੱਚ ਦੋਸ਼ ਸਾਬਤ ਹੋਣ ਤੱਕ ਮੁਲਜ਼ਮ ਨੂੰ ਬੇਗੁਨਾਹ ਮੰਨਿਆ ਜਾਂਦਾ ਹੈ। ਪੁਲਿਸ ਵੱਲੋਂ ਜਲਦ ਹੀ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
















