Join WhatsApp

Join Now

ਵੱਡੀ ਖ਼ਬਰ: ਤਰਬੇਲਾ ਡੈਮ ਪ੍ਰੋਜੈਕਟ ਹੋ ਗਿਆ ਤਬਾਹ! ਐਮਰਜੈਂਸੀ ਦਾ ਐਲਾਨ

On: November 10, 2026 9:51 AM

 

ਤਰਬੇਲਾ ਡੈਮ ਪ੍ਰੋਜੈਕਟ ਹੋ ਗਿਆ ਤਬਾਹ! ਐਮਰਜੈਂਸੀ ਦਾ ਐਲਾਨ

ਤਰਬੇਲਾ ਡੈਮ ਦੇ 5ਵੇਂ ਐਕਸਟੈਂਸ਼ਨ ਪ੍ਰੋਜੈਕਟ ਦੀ ਲਾਗਤ ਤਿੰਨ ਸੌ ਫ਼ੀਸਦੀ ਵਧੀ, ਹੁਣ ਜੂਨ 2028 ਤੱਕ ਮੁਲਤਵੀ- ਘਟੀਆ ਡਿਜ਼ਾਈਨ ਅਤੇ ਤਕਨੀਕੀ ਖ਼ਾਮੀਆਂ ਨੇ ਪਾਕਿਸਤਾਨ ਲਈ ਬਣਾਇਆ ਸਭ ਤੋਂ ਮਹਿੰਗਾ ਬਿਜਲੀ ਪ੍ਰੋਜੈਕਟ

ਇਸਲਾਮਬਾਦ:

ਪਾਕਿਸਤਾਨ ਵਿੱਚ ਚੀਨੀ ਕੰਪਨੀਆਂ ਦੀ ਭਾਈਵਾਲੀ ਨਾਲ ਚੱਲ ਰਹੇ 1,530 ਮੈਗਾਵਾਟ ਸਮਰੱਥਾ ਵਾਲੇ ਤਰਬੇਲਾ ਡੈਮ 5ਵੇਂ ਐਕਸਟੈਂਸ਼ਨ ਪ੍ਰੋਜੈਕਟ ਨੂੰ ਇੱਕ ਵਾਰ ਫਿਰ ਵੱਡਾ ਹਾਦਸਾ ਝੱਲਣਾ ਪਿਆ ਹੈ। ਜਾਣਕਾਰੀ ਅਨੁਸਾਰ, ਬੀਤੇ ਦਿਨ ਸੋਮਵਾਰ ਨੂੰ ਇਸ ਮਹੱਤਵਪੂਰਨ ਉਸਾਰੀ ਅਧੀਨ ਸੁਰੰਗ ਦਾ ਇੱਕ ਹਿੱਸਾ ਅਚਾਨਕ ਢਹਿ ਗਿਆ, ਜਿਸ ਤੋਂ ਬਾਅਦ ਪਾਣੀ ਦਾ ਭਾਰੀ ਉਛਾਲ ਸੁਰੰਗ ਅਤੇ ਉਸਾਰੀ ਵਾਲੀ ਥਾਂ ਵੱਲ ਤੇਜ਼ੀ ਨਾਲ ਵਹਿ ਤੁਰਿਆ। ਸਥਿਤੀ ਨੂੰ ਬੇਕਾਬੂ ਹੁੰਦਿਆਂ ਦੇਖਦਿਆਂ ਪ੍ਰੋਜੈਕਟ ਵਾਲੀ ਥਾਂ ‘ਤੇ ਤੁਰੰਤ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ।

ਸੁਰੱਖਿਆ ਨੂੰ ਮੁੱਖ ਰੱਖਦਿਆਂ ਸਾਰੇ ਉਸਾਰੀ ਕਾਰਜਾਂ ਨੂੰ ਤਤਕਾਲ ਪ੍ਰਭਾਵ ਨਾਲ ਰੋਕ ਦਿੱਤਾ ਗਿਆ ਹੈ ਅਤੇ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਅਤੇ ਤਕਨੀਕੀ ਕਰਮਚਾਰੀਆਂ ਨੂੰ ਸੁਰੱਖਿਅਤ ਸਥਾਨਾਂ ਵੱਲ ਬਾਹਰ ਕੱਢ ਲਿਆ ਗਿਆ ਹੈ। ਇਸ ਵਿਸ਼ਾਲ ਪ੍ਰੋਜੈਕਟ ਦੇ ਸਿਵਲ ਕਾਰਜਾਂ ਦਾ ਠੇਕਾ ਚੀਨ ਦੀ ਪ੍ਰਮੁੱਖ ਕੰਪਨੀ ‘ਪਾਵਰ ਕੰਸਟਰਕਸ਼ਨ ਕਾਰਪੋਰੇਸ਼ਨ ਆਫ ਚਾਈਨਾ ਲਿਮਟਿਡ’ ਕੋਲ ਹੈ। ਸਾਲ 2025 ਤੋਂ ਬਾਅਦ ਇਸ ਵੱਡੇ ਪ੍ਰੋਜੈਕਟ ਵਿੱਚ ਵਾਪਰਿਆ ਇਹ ਦੂਜਾ ਵੱਡਾ ਹਾਦਸਾ ਹੈ, ਜਿਸ ਨੇ ਪ੍ਰੋਜੈਕਟ ਦੀ ਸੁਰੱਖਿਆ ਵਿਵਸਥਾ ‘ਤੇ ਗੰਭੀਰ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।

ਇਹ ਨਵੀਂ ਤਬਾਹੀ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਹਾਲ ਹੀ ਵਿੱਚ ਇੱਕ ਉੱਚ-ਪੱਧਰੀ ਜਾਂਚ ਰਿਪੋਰਟ ਵਿੱਚ ਪ੍ਰੋਜੈਕਟ ਦੇ ਪੁਰਾਣੇ ਡੈਮ ਦੇ ਹਿੱਸੇ ਡਿੱਗਣ ਲਈ ਚੀਨੀ ਠੇਕੇਦਾਰ, ਸਲਾਹਕਾਰਾਂ ਅਤੇ ਪਾਕਿਸਤਾਨ ਦੇ ਜਲ ਤੇ ਬਿਜਲੀ ਵਿਕਾਸ ਅਥਾਰਟੀ ਦੀ ਭਾਰੀ ਲਾਪਰਵਾਹੀ ਦਾ ਪਰਦਾਫਾਸ਼ ਕੀਤਾ ਗਿਆ ਸੀ। ਪਾਕਿਸਤਾਨੀ ਮੀਡੀਆ ਕੋਲ ਮੌਜੂਦ ਪੰਦਰਾਂ ਪੰਨਿਆਂ ਦੀ ਜਾਂਚ ਰਿਪੋਰਟ ਮੁਤਾਬਕ ਠੇਕਾ ਦੇਣ ਤੋਂ ਬਾਅਦ ਡੈਮ ਦੇ ਮੂਲ ਨਕਸ਼ੇ ਅਤੇ ਡਿਜ਼ਾਈਨ ਵਿੱਚ ਗ਼ੈਰ-ਕਾਨੂੰਨੀ ਤਬਦੀਲੀਆਂ ਕੀਤੀਆਂ ਗਈਆਂ ਸਨ।

ਚੀਨੀ ਕੰਪਨੀ ਨੇ ਉਸਾਰੀ ਦੀ ਲਾਗਤ ਘਟਾਉਣ ਦੇ ਮਕਸਦ ਨਾਲ ਕਮਜ਼ੋਰ ਬਣਤਰ ਵਾਲੇ ਪ੍ਰਸਤਾਵ ਰੱਖੇ ਸਨ, ਜਿਨ੍ਹਾਂ ਨੂੰ ਸਮਝੌਤੇ ਦੀਆਂ ਸ਼ਰਤਾਂ ਦੇ ਉਲਟ ਜਾ ਕੇ ਲਾਗੂ ਕੀਤਾ ਗਿਆ। ਇੰਜੀਨੀਅਰਾਂ ਅਤੇ ਸਬੰਧਤ ਅਥਾਰਟੀ ਨੇ ਪ੍ਰੋਜੈਕਟ ਦੇ ਨੇਪਰੇ ਚੜ੍ਹਨ ਦੇ ਨੇੜੇ ਪਹੁੰਚਣ ‘ਤੇ ਬਿਨਾਂ ਕਿਸੇ ਤਕਨੀਕੀ ਜਾਂਚ ਜਾਂ ਇਕਰਾਰਨਾਮੇ ਦੀ ਵੈਧਤਾ ਪਰਖੇ ਇਸ ਨੁਕਸਦਾਰ ਡਿਜ਼ਾਈਨ ਨੂੰ ਮਨਜ਼ੂਰੀ ਦੇ ਦਿੱਤੀ ਸੀ।

ਪਹਿਲਾਂ ਅਧਿਕਾਰੀਆਂ ਵੱਲੋਂ ਇਸ ਨਾਕਾਮੀ ਦਾ ਸਾਰਾ ਦੋਸ਼ ਮੌਸਮੀ ਹੜ੍ਹਾਂ ਅਤੇ ਕੁਦਰਤੀ ਬਹਾਨਿਆਂ ‘ਤੇ ਮੜ੍ਹਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਜਾਂਚ ਕਮੇਟੀ ਨੇ ਸਪੱਸ਼ਟ ਕੀਤਾ ਕਿ ਪਾਣੀ ਦਾ ਵਹਾਅ ਆਪਣੇ ਤੈਅਸ਼ੁਦਾ ਸਧਾਰਨ ਪੱਧਰ ‘ਤੇ ਹੀ ਸੀ ਅਤੇ ਇਹ ਨਾਕਾਮੀ ਮਾੜੀ ਉਸਾਰੀ ਸਮੱਗਰੀ ਅਤੇ ਕਮਜ਼ੋਰ ਸੁਰੱਖਿਆ ਪਰਤਾਂ ਕਾਰਨ ਹੋਈ ਹੈ। ਵਾਰ-ਵਾਰ ਵਾਪਰ ਰਹੀਆਂ ਇਨ੍ਹਾਂ ਅਣਹੋਣੀਆਂ ਅਤੇ ਤਕਨੀਕੀ ਖ਼ਾਮੀਆਂ ਨੇ ਪਾਕਿਸਤਾਨ ਦੇ ਸਰਕਾਰੀ ਖ਼ਜ਼ਾਨੇ ‘ਤੇ ਬਹੁਤ ਵੱਡਾ ਆਰਥਿਕ ਬੋਝ ਪਾ ਦਿੱਤਾ ਹੈ।

ਇਸ ਮਹੱਤਵਪੂਰਨ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ ਜੋ ਕਿ ਪਹਿਲਾਂ 82.36 ਅਰਬ ਪਾਕਿਸਤਾਨੀ ਰੁਪਏ ਸੀ, ਉਹ ਹੁਣ ਤਿੰਨ ਸੌ ਫ਼ੀਸਦੀ ਤੋਂ ਵੱਧ ਵਧ ਕੇ 317 ਅਰਬ ਰੁਪਏ ਤੱਕ ਜਾ ਪਹੁੰਚੀ ਹੈ। ਇਸ ਤੋਂ ਇਲਾਵਾ ਜੋ ਪ੍ਰੋਜੈਕਟ ਸਾਲ 2026 ਦੇ ਅੰਤ ਤੱਕ ਪੂਰਾ ਹੋਣਾ ਤੈਅ ਸੀ, ਉਸਦੀ ਮਿਆਦ ਨੂੰ ਵਧਾ ਕੇ ਹੁਣ ਜੂਨ 2028 ਕਰ ਦਿੱਤਾ ਗਿਆ ਹੈ। ਦੇਸ਼ ਦੇ ਯੋਜਨਾ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਆਉਣ ਵਾਲੇ ਤਿੰਹ ਸਾਲਾਂ ਵਿੱਚ ਇਸ ਡੈਮ ਤੋਂ ਪੈਦਾ ਹੋਣ ਵਾਲੀ ਬਿਜਲੀ ਦੀ ਪ੍ਰਤੀ ਯੂਨਿਟ ਲਾਗਤ 27 ਤੋਂ 28 ਰੁਪਏ ਤੱਕ ਪਹੁੰਚ ਸਕਦੀ ਹੈ, ਜਿਸ ਨਾਲ ਇਹ ਦੇਸ਼ ਦਾ ਸਭ ਤੋਂ ਮਹਿੰਗਾ ਊਰਜਾ ਪ੍ਰੋਜੈਕਟ ਬਣ ਜਾਵੇਗਾ।

ਇਸ ਪੂਰੇ ਪ੍ਰੋਜੈਕਟ ਲਈ ਵਿਸ਼ਵ ਬੈਂਕ ਅਤੇ ਏਸ਼ੀਅਨ ਇਨਫਰਾਸਟਰਕਚਰ ਇਨਵੈਸਟਮੈਂਟ ਬੈਂਕ ਵੱਲੋਂ 70 ਕਰੋੜ ਡਾਲਰ ਦਾ ਭਾਰੀ-ਭਰਕਮ ਕਰਜ਼ਾ ਦਿੱਤਾ ਗਿਆ ਹੈ। ਮੌਜੂਦਾ ਸਮੇਂ ਇਸ ਕੰਮ ਵਿੱਚ ਕਈ ਵਿਦੇਸ਼ੀ ਕੰਪਨੀਆਂ ਸ਼ਾਮਲ ਹਨ, ਜਦਕਿ ਇਸ ਤੋਂ ਪਹਿਲਾਂ ਸਲਾਹਕਾਰ ਵਿਵਾਦਾਂ ਦੇ ਚਲਦਿਆਂ ਇੱਕ ਵਿਦੇਸ਼ੀ ਫਰਮ ਨਾਲੋਂ ਵੀ ਸਮਝੌਤਾ ਖ਼ਤਮ ਕੀਤਾ ਜਾ ਚੁੱਕਾ ਹੈ।

 

Leave a Comment