Breaking: ਭਾਜਪਾ-ਅਕਾਲੀ ਗੱਠਜੋੜ ‘ਤੇ ਕੇਂਦਰੀ ਮੰਤਰੀ ਦਾ ਵੱਡਾ ਬਿਆਨ.. ਪੜ੍ਹੋ ਸੀਟਾਂ ਦੀ ਵੰਡ ਬਾਰੇ ਕੀ ਕਿਹਾ?
ਅਕਾਲੀ-ਭਾਜਪਾ ਦਾ ਗੱਠਜੋੜ ਜੇਕਰ ਹੋਇਆ ਤਾਂ ਬਰਾਬਰੀ ਦੇ ਆਧਾਰ ’ਤੇ ਹੋਵੇਗਾ: ਹਰਦੀਪ ਪੁਰੀ
ਅੰਮ੍ਰਿਤਸਰ 20 ਸਤੰਬਰ 2026
ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਜੇ ਭਵਿੱਖ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਮੁੜ ਗੱਠਜੋੜ ਹੁੰਦਾ ਹੈ ਤਾਂ ਇਹ ਪਹਿਲਾਂ ਵਾਲੇ ਢਾਂਚੇ ਅਨੁਸਾਰ ਨਹੀਂ ਹੋਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਭਵਿੱਖ ਵਿੱਚ ਕਿਸੇ ਵੀ ਸੰਭਾਵਿਤ ਗੱਠਜੋੜ ਦਾ ਆਧਾਰ ਦੋਵੇਂ ਧਿਰਾਂ ਦੀ ਬਰਾਬਰੀ ਹੋਵੇਗਾ ਅਤੇ ਭਾਜਪਾ ਨੂੰ ‘ਛੋਟਾ ਭਰਾ’ ਮੰਨ ਕੇ ਸਮਝੌਤਾ ਨਹੀਂ ਕੀਤਾ ਜਾਵੇਗਾ।
ਹਰਦੀਪ ਸਿੰਘ ਪੁਰੀ ਅੰਮ੍ਰਿਤਸਰ ਵਿਖੇ ਰੁਜ਼ਗਾਰ ਮੇਲੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਪਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਵੀ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਮੁੜ ਗੱਠਜੋੜ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਜਾਣ ’ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਅੰਤਿਮ ਤੌਰ ’ਤੇ ਭਾਜਪਾ ਦੇ ਸੂਬਾਈ ਜਾਂ ਕੌਮੀ ਆਗੂ ਹੀ ਕੁਝ ਕਹਿ ਸਕਦੇ ਹਨ। ਹਾਲਾਂਕਿ ਉਨ੍ਹਾਂ ਆਪਣੀ ਨਿੱਜੀ ਰਾਇ ਪ੍ਰਗਟ ਕਰਦਿਆਂ ਕਿਹਾ ਕਿ ਜੇ ਦੋਵੇਂ ਪਾਰਟੀਆਂ ਭਵਿੱਖ ਵਿੱਚ ਇਕੱਠੀਆਂ ਹੁੰਦੀਆਂ ਹਨ ਤਾਂ ਇਹ ਬਰਾਬਰ ਦੇ ਸਾਥੀਆਂ ਵਜੋਂ ਹੀ ਹੋਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਆਸੀ ਸਥਿਤੀ ਵਿੱਚ ਪਿਛਲੇ ਸਮੇਂ ਦੌਰਾਨ ਕਾਫ਼ੀ ਤਬਦੀਲੀ ਆਈ ਹੈ। ਇਸ ਲਈ ਪਹਿਲਾਂ ਵਾਲੀ ਸਥਿਤੀ ਨੂੰ ਉਸੇ ਰੂਪ ਵਿੱਚ ਮੁੜ ਲਾਗੂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਸ਼ਾਰਾ ਕੀਤਾ ਕਿ ਹੁਣ ਅਜਿਹਾ ਪ੍ਰਬੰਧ ਸੰਭਵ ਨਹੀਂ ਹੋਵੇਗਾ ਜਿਸ ਵਿੱਚ ਭਾਜਪਾ ਨੂੰ ਛੋਟੇ ਭਰਾ ਦੀ ਭੂਮਿਕਾ ਵਿੱਚ ਰੱਖਿਆ ਜਾਵੇ ਅਤੇ ਉਹ ਸੀਮਤ ਗਿਣਤੀ ਦੀਆਂ ਵਿਧਾਨ ਸਭਾ ਸੀਟਾਂ ’ਤੇ ਹੀ ਚੋਣ ਲੜੇ।
ਹਰਦੀਪ ਪੁਰੀ ਦੇ ਇਸ ਬਿਆਨ ਨਾਲ ਪੰਜਾਬ ਦੀ ਸਿਆਸਤ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵਿਤ ਭਵਿੱਖੀ ਸਬੰਧਾਂ ਬਾਰੇ ਚਰਚਾ ਮੁੜ ਤੇਜ਼ ਹੋ ਸਕਦੀ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਗੱਠਜੋੜ ਬਾਰੇ ਕੋਈ ਅਧਿਕਾਰਤ ਫ਼ੈਸਲਾ ਭਾਜਪਾ ਦੀ ਅਗਵਾਈ ਵੱਲੋਂ ਹੀ ਕੀਤਾ ਜਾਵੇਗਾ।
















