Join WhatsApp

Join Now

ਪੰਜਾਬ ‘ਚ ਚਿੱਟੇ ਦਿਨੇ ਡਾਕਾ! ਲੁਟੇਰਿਆਂ ਨੇ ਸਾਬਕਾ ਸਰਪੰਚ ਦੀ ਪਤਨੀ ਬੰਧਕ ਬਣਾ ਕੇ ਲੱਖਾਂ ਦਾ ਸੋਨਾ ਅਤੇ ਨਕਦੀ ਲੁੱਟੀ

On: October 18, 2026 10:10 AM

Photo Credit- PK

ਪੰਜਾਬ ‘ਚ ਚਿੱਟੇ ਦਿਨੇ ਡਾਕਾ! ਲੁਟੇਰਿਆਂ ਨੇ ਸਾਬਕਾ ਸਰਪੰਚ ਦੀ ਪਤਨੀ ਬੰਧਕ ਬਣਾ ਕੇ ਲੱਖਾਂ ਦਾ ਸੋਨਾ ਅਤੇ ਨਕਦੀ ਲੁੱਟੀ

ਕਲਾਨੌਰ, 18 ਅਕਤੂਬਰ 2026: ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਵਡਾਲਾ ਬਾਂਗਰ ਵਿੱਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਦੋ ਅਣਪਛਾਤੇ ਵਿਅਕਤੀਆਂ ਨੇ ਸਾਬਕਾ ਸਰਪੰਚ ਜਸਬੀਰ ਸਿੰਘ ਦੀ ਪਤਨੀ ਜਸਬੀਰ ਕੌਰ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਦੀਆਂ ਸੋਨੇ ਦੀਆਂ ਵਾਲੀਆਂ ਅਤੇ ਅਲਮਾਰੀ ਵਿੱਚ ਰੱਖੇ 25 ਹਜ਼ਾਰ ਰੁਪਏ ਲੁੱਟ ਲਏ। ਵਾਰਦਾਤ ਤੋਂ ਬਾਅਦ ਮੁਲਜ਼ਮ ਔਰਤ ਨੂੰ ਸਟੋਰ ਵਿੱਚ ਬੰਦ ਕਰਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਕਲਾਨੌਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

ਪੀੜਤਾ ਜਸਬੀਰ ਕੌਰ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ 7 ਵਜੇ ਦੋ ਵਿਅਕਤੀ ਉਸ ਦੇ ਘਰ ਪਹੁੰਚੇ। ਉਨ੍ਹਾਂ ਨੇ ਆਪਣੇ ਆਪ ਨੂੰ ਜੇਲ੍ਹ ਵਿੱਚ ਡਿਊਟੀ ਕਰਨ ਵਾਲੇ ਮੁਲਾਜ਼ਮ ਦੱਸਿਆ ਅਤੇ ਕਿਹਾ ਕਿ ਜੇਲ੍ਹ ਵਿੱਚ ਬੰਦ ਉਸ ਦੇ ਪਤੀ ਜਸਬੀਰ ਸਿੰਘ ਨੇ ਕੁਝ ਸਾਮਾਨ ਮੰਗਵਾਇਆ ਹੈ। ਔਰਤ ਨੇ ਜਦੋਂ ਕਿਹਾ ਕਿ ਉਸ ਨੂੰ ਇਸ ਸਬੰਧੀ ਕੋਈ ਫ਼ੋਨ ਨਹੀਂ ਆਇਆ ਤਾਂ ਮੁਲਜ਼ਮਾਂ ਨੇ ਉਸ ਕੋਲੋਂ ਚਾਹ ਪੀਣ ਦੀ ਮੰਗ ਕੀਤੀ।

ਪੀੜਤਾ ਅਨੁਸਾਰ, ਜਦੋਂ ਉਹ ਰਸੋਈ ਵਿੱਚ ਚਾਹ ਬਣਾਉਣ ਲੱਗੀ ਤਾਂ ਦੋਵੇਂ ਵਿਅਕਤੀ ਉੱਥੇ ਪਹੁੰਚ ਗਏ। ਇਸ ਦੌਰਾਨ ਉਨ੍ਹਾਂ ਨੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਉਤਾਰ ਲਈਆਂ ਅਤੇ ਅਲਮਾਰੀ ਵਿੱਚੋਂ 25 ਹਜ਼ਾਰ ਰੁਪਏ ਲੁੱਟ ਲਏ।

ਜਸਬੀਰ ਕੌਰ ਨੇ ਦੋਸ਼ ਲਾਇਆ ਕਿ ਵਾਰਦਾਤ ਦੌਰਾਨ ਮੁਲਜ਼ਮਾਂ ਨੇ ਫਾਇਰਿੰਗ ਵੀ ਕੀਤੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਉਹ ਉਸ ਨੂੰ ਘਰ ਦੇ ਸਟੋਰ ਵਿੱਚ ਬੰਦ ਕਰਕੇ ਫ਼ਰਾਰ ਹੋ ਗਏ। ਮੁਲਜ਼ਮ ਆਪਣੇ ਨਾਲ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਲੈ ਗਏ, ਜਿਸ ਕਾਰਨ ਘਟਨਾ ਦੀ ਜਾਂਚ ਵਿੱਚ ਪੁਲਿਸ ਨੂੰ ਹੋਰ ਸਬੂਤ ਇਕੱਠੇ ਕਰਨੇ ਪੈਣਗੇ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਕਲਾਨੌਰ ਦੇ ਐੱਸਐੱਚਓ ਅਮਨਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੀੜਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਾਲ ਹੀ ਇਲਾਕੇ ਵਿੱਚ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਫਿਲਹਾਲ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਸਬੰਧੀ ਪੁਲਿਸ ਦੀ ਜਾਂਚ ਦੇ ਨਤੀਜਿਆਂ ਦੀ ਉਡੀਕ ਹੈ।

 

Leave a Comment