Join WhatsApp

Join Now

Tarn Taran Border: ਤਰਨਤਾਰਨ ਸਰਹੱਦ ‘ਤੇ BSF ਨੇ ਦੋ ਪਾਕਿਸਤਾਨੀ ਘੁਸਪੈਠੀਏ ਨੂੰ ਗੋਲੀਆਂ ਨਾਲ ਭੁੰਨਿਆ!

On: ਅਕਤੂਬਰ 2, 2026 2:21 ਬਾਃ ਦੁਃ

 

Tarn Taran Border: ਭਾਰਤ-ਪਾਕਿਸਤਾਨ ਬਾਰਡਰ ‘ਤੇ BSF ਦੀ ਤਿੱਖੀ ਨਜ਼ਰ; ਚੇਤਾਵਨੀ ਤੋਂ ਬਾਅਦ ਵੀ ਭਾਰਤੀ ਸੀਮਾ ‘ਚ ਦਾਖ਼ਲ ਹੋ ਰਹੇ 2 ਪਾਕਿਸਤਾਨੀ ਘੁਸਪੈਠੀਏ BSF ਨੇ ਕੀਤੇ ਢੇਰ, ਇਲਾਕੇ ‘ਚ ਤਲਾਸ਼ੀ ਅਭਿਆਨ ਜਾਰੀ

ਪੰਜਾਬ ਨੈੱਟਵਰਕ

ਤਰਨਤਾਰਨ / ਖੇਮਕਰਨ/ਚੰਡੀਗੜ੍ਹ, 2 ਅਕਤੂਬਰ 2026- Tarn Taran Border: ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਇੱਕ ਵਾਰ ਫਿਰ ਦੇਸ਼ ਵਿਰੋਧੀ ਅਨਸਰਾਂ ਦੀਆਂ ਨਾਪਾਕ ਹਰਕਤਾਂ ਨੂੰ ਨਾਕਾਮ ਕਰਦਿਆਂ ਵੱਡੀ ਸਫਲਤਾ ਹਾਸਲ ਕੀਤੀ ਹੈ। ਤਰਨਤਾਰਨ ਜ਼ਿਲ੍ਹੇ ਅਧੀਨ ਪੈਂਦੇ ਖੇਮਕਰਨ ਸੈਕਟਰ ਦੇ ਸਰਹੱਦੀ ਪਿੰਡ ਰਾਜੋਕੇ ਨੇੜੇ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਦੋ ਪਾਕਿਸਤਾਨੀ ਘੁਸਪੈਠੀਆਂ ਨੂੰ BSF ਦੇ ਜਵਾਨਾਂ ਨੇ ਗੋਲੀਬਾਰੀ ਦੌਰਾਨ ਢੇਰ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ, ਸਰਹੱਦ ’ਤੇ ਜ਼ੀਰੋ ਲਾਈਨ ਨੇੜੇ ਤਾਇਨਾਤ BSF ਦੇ ਜਵਾਨਾਂ ਨੇ ਰਾਤ ਦੇ ਸਮੇਂ ਦੋ ਸ਼ੱਕੀ ਵਿਅਕਤੀਆਂ ਦੀ ਹਿਲਜੁਲ ਦੇਖੀ। ਇਹ ਸ਼ੱਕੀ ਵਿਅਕਤੀ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਸੀਮਾ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਮੌਕੇ ‘ਤੇ ਮੌਜੂਦ ਜਵਾਨਾਂ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਉਨ੍ਹਾਂ ਨੂੰ ਰੁਕਣ ਅਤੇ ਵਾਪਸ ਜਾਣ ਦੀ ਚੇਤਾਵਨੀ ਦਿੱਤੀ। ਪਰ ਜਵਾਨਾਂ ਵੱਲੋਂ ਦਿੱਤੀ ਗਈ ਚੇਤਾਵਨੀ ਨੂੰ ਅਣਦੇਖਾ ਕਰਦਿਆਂ, ਦੋਵੇਂ ਘੁਸਪੈਠੀਏ ਲਗਾਤਾਰ ਭਾਰਤੀ ਸਰਹੱਦ ਵੱਲ ਵਧਦੇ ਰਹੇ। ਸੁਰੱਖਿਆ ਲਈ ਖ਼ਤਰਾ ਦੇਖਦਿਆਂ BSF ਵੱਲੋਂ ਜਵਾਬੀ ਗੋਲੀਬਾਰੀ ਕੀਤੀ ਗਈ, ਜਿਸ ਵਿੱਚ ਦੋਵੇਂ ਘੁਸਪੈਠੀਏ ਮੌਕੇ ’ਤੇ ਹੀ ਮਾਰੇ ਗਏ।

ਇਸ ਵੱਡੀ ਘਟਨਾ ਤੋਂ ਬਾਅਦ BSF ਅਤੇ ਪੰਜਾਬ ਪੁਲਿਸ ਵੱਲੋਂ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਹੋਰ ਵੀ ਸਖ਼ਤ ਕਰ ਦਿੱਤੇ ਗਏ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ BSF ਦੇ ਉੱਚ ਅਧਿਕਾਰੀ ਅਤੇ ਸਥਾਨਕ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਏ। ਮਾਰੇ ਗਏ ਘੁਸਪੈਠੀਆਂ ਨੂੰ ਪੁਲਿਸ ਹਵਾਲੇ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਪੂਰੇ ਸਰਹੱਦੀ ਖੇਤਰ, ਖਾਸ ਕਰਕੇ ਪਿੰਡ ਰਾਜੋਕੇ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਨ੍ਹਾਂ ਦੇ ਨਾਲ ਕੋਈ ਹੋਰ ਸਾਥੀ ਵੀ ਸਰਹੱਦ ਪਾਰ ਤੋਂ ਆਇਆ ਸੀ ਜਾਂ ਨਹੀਂ।

ਹਾਲਾਂਕਿ ਮੁੱਢਲੀ ਜਾਂਚ ਵਿੱਚ ਇਹ ਸਾਫ਼ ਹੋ ਗਿਆ ਹੈ ਕਿ ਇਹ ਦੋਵੇਂ ਮਾਰੇ ਗਏ ਵਿਅਕਤੀ ਪਾਕਿਸਤਾਨੀ ਨਾਗਰਿਕ ਸਨ, ਪਰ ਉਨ੍ਹਾਂ ਕੋਲੋਂ ਕੋਈ ਪਛਾਣ ਪੱਤਰ, ਹਥਿਆਰ, ਗੋਲਾ-ਬਾਰੂਦ ਜਾਂ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ ਜਾਂ ਨਹੀਂ, ਇਸ ਬਾਰੇ BSF ਅਤੇ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਇਸ ਗੱਲ ਦਾ ਵੀ ਪਤਾ ਲਗਾ ਰਹੀਆਂ ਹਨ ਕਿ ਭਾਰਤ ਵਾਲੇ ਪਾਸੇ ਇਹ ਕਿਸ ਦੇ ਸੰਪਰਕ ਵਿੱਚ ਸਨ ਅਤੇ ਇਹਨਾਂ ਦੀ ਮੁੱਖ ਮਕਸਦ ਕੀ ਸੀ? ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਪ੍ਰੈਸ ਕਾਨਫਰੰਸ ਰਾਹੀਂ ਇਸ ਮਾਮਲੇ ਦੀ ਪੂਰੀ ਜਾਣਕਾਰੀ ਅਤੇ ਬਰਾਮਦਗੀ ਬਾਰੇ ਵੱਡੇ ਖੁਲਾਸੇ ਕੀਤੇ ਜਾਣਗੇ।

ਸਰਹੱਦ ‘ਤੇ ਅਕਸਰ ਹੁੰਦੀਆਂ ਹਨ ਅਜਿਹੀਆਂ ਕੋਸ਼ਿਸ਼ਾਂ

ਜ਼ਿਕਰਯੋਗ ਹੈ ਕਿ ਪੰਜਾਬ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ, ਜਿਵੇਂ ਕਿ ਤਰਨਤਾਰਨ, ਅੰਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਪਾਕਿਸਤਾਨੀ ਸਮੱਗਲਰਾਂ ਅਤੇ ਅੱਤਵਾਦੀਆਂ ਵੱਲੋਂ ਅਕਸਰ ਘੁਸਪੈਠ ਕਰਨ ਅਤੇ ਡਰੋਨ ਰਾਹੀਂ ਨਸ਼ੀਲੇ ਪਦਾਰਥ ਤੇ ਹਥਿਆਰ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।

ਪਰ ਭਾਰਤੀ ਸੁਰੱਖਿਆ ਬਲਾਂ ਦੀ ਚੌਕਸੀ ਕਾਰਨ ਪਾਕਿਸਤਾਨ ਦੇ ਇਹ ਨਾਪਾਕ ਇਰਾਦੇ ਹਮੇਸ਼ਾ ਮਿੱਟੀ ਵਿੱਚ ਮਿਲ ਜਾਂਦੇ ਹਨ। BSF ਵੱਲੋਂ ਸਰਹੱਦਾਂ ‘ਤੇ ਨਿਗਰਾਨੀ ਹੋਰ ਤਿੱਖੀ ਕਰ ਦਿੱਤੀ ਗਈ ਹੈ ਤਾਂ ਜੋ ਭਵਿੱਖ ਵਿੱਚ ਵੀ ਕਿਸੇ ਸ਼ੱਕੀ ਗਤੀਵਿਧੀ ਨੂੰ ਰੋਕਿਆ ਜਾ ਸਕੇ।

 

Leave a Comment