Canada Breaking- ਕੈਨੇਡਾ ਪੁਲਿਸ ਦੀ ਵੱਡੀ ਕਾਰਵਾਈ; 17 ਪੰਜਾਬੀ ਨੌਜਵਾਨ ਗ੍ਰਿਫਤਾਰ

On: ਮਈ 28, 2026 10:51 ਪੂਃ ਦੁਃ

 

Canada Breaking- ਕੈਨੇਡਾ ਪੁਲਿਸ ਦੀ ਵੱਡੀ ਕਾਰਵਾਈ; 17 ਪੰਜਾਬੀ ਨੌਜਵਾਨ ਗ੍ਰਿਫਤਾਰ

ਪੀਲ ਰੀਜਨਲ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਕੈਨੇਡਾ-ਅਮਰੀਕਾ ਤੱਕ ਫੈਲੇ ਨੈੱਟਵਰਕ ਨੂੰ ਕੀਤਾ ਤਹਿਸ-ਨਹਿਸ

ਪੰਜਾਬੀ ਅਤੇ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਬਣਾਉਂਦੇ ਸਨ ਨਿਸ਼ਾਨਾ; ਗ੍ਰਿਫ਼ਤਾਰ ਮੁਲਜ਼ਮਾਂ ‘ਤੇ 106 ਅਪਰਾਧਿਕ ਮਾਮਲੇ ਦਰਜ

ਭੁਗਤਾਨ ਨਾ ਕਰਨ ‘ਤੇ ਚਲਾਈਆਂ 320 ਤੋਂ ਵੱਧ ਗੋਲੀਆਂ; ਅੱਗਜ਼ਨੀ ਅਤੇ ਹਿੰਸਕ ਹਮਲਿਆਂ ਦੀਆਂ 24 ਘਟਨਾਵਾਂ ਟਰੇਸ

6 ਮੁਲਜ਼ਮ ਇਮੀਗ੍ਰੇਸ਼ਨ ਉਲੰਘਣਾ ਤਹਿਤ CBSA ਦੀ ਹਿਰਾਸਤ ‘ਚ, ਭਾਰਤ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ

ਟੋਰਾਂਟੋ/ਬਰੈਂਪਟਨ, 28 ਮਈ 2026-

ਕੈਨੇਡਾ (Canada) ਦੀ ਪੀਲ ਰੀਜਨਲ ਪੁਲਿਸ ਨੇ ਇੱਕ ਵੱਡੇ ਅਤੇ ਸਾਂਝੇ ਅੰਤਰਰਾਸ਼ਟਰੀ ਆਪ੍ਰੇਸ਼ਨ ਦੌਰਾਨ ਜਬਰਨ ਪੈਸੇ ਵਸੂਲਣ (Extortion) ਵਾਲੇ ਇੱਕ ਵੱਡੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।

ਇਸ ਹਾਈ-ਪ੍ਰੋਫਾਈਲ ਮਾਮਲੇ ਵਿੱਚ ਪੁਲਿਸ ਨੇ ਭਾਰਤੀ ਅਤੇ ਪੰਜਾਬੀ ਮੂਲ ਦੇ 17 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗਿਰੋਹ ਸਰਹੱਦ ਪਾਰ ਸੰਗਠਿਤ ਅਪਰਾਧ ਨੈੱਟਵਰਕ ਨਾਲ ਜੁੜਿਆ ਹੋਇਆ ਸੀ, ਜਿਸ ਨੂੰ ਕਈ ਸੁਰੱਖਿਆ ਏਜੰਸੀਆਂ ਦੇ ਸਾਂਝੇ ਯਤਨਾਂ ਸਦਕਾ ਖ਼ਤਮ ਕੀਤਾ ਗਿਆ ਹੈ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀਲ ਖੇਤਰੀ ਪੁਲਿਸ ਦੇ ਮੁਖੀ ਨਿਸ਼ਾਨ ਦੁਰਈਅੱਪਾ ਨੇ ਦੱਸਿਆ ਕਿ ਇਹ ਅਪਰਾਧਿਕ ਗਿਰੋਹ ਬਰੈਂਪਟਨ, ਮਿਸੀਸਾਗਾ, ਕੈਲੇਡਨ, ਬ੍ਰਿਟਿਸ਼ ਕੋਲੰਬੀਆ ਅਤੇ ਅਮਰੀਕਾ ਦੇ ਕੈਲੀਫੋਰਨੀਆ ਤੱਕ ਸਰਗਰਮ ਸੀ।

ਇਸ ਗਿਰੋਹ ਦੇ ਨਿਸ਼ਾਨੇ ‘ਤੇ ਮੁੱਖ ਤੌਰ ‘ਤੇ ਕੈਨੇਡਾ ਅਤੇ ਅਮਰੀਕਾ ਵਿੱਚ ਰਹਿਣ ਵਾਲੇ ਪੰਜਾਬੀ ਅਤੇ ਦੱਖਣੀ ਏਸ਼ੀਆਈ ਮੂਲ ਦੇ ਕਾਰੋਬਾਰੀ ਹੁੰਦੇ ਸਨ।

ਪੁਲਿਸ ਜਾਂਚ ਵਿੱਚ ਇਹ ਖੌਫ਼ਨਾਕ ਖੁਲਾਸਾ ਹੋਇਆ ਹੈ ਕਿ ਇਹ ਗਿਰੋਹ ਰੈਸਟੋਰੈਂਟ ਮਾਲਕਾਂ, ਵੱਡੀਆਂ ਟਰੱਕਿੰਗ ਕੰਪਨੀਆਂ ਅਤੇ ਹੋਰਨਾਂ ਸਥਾਨਕ ਕਾਰੋਬਾਰੀਆਂ ਨੂੰ ਡਰਾ-ਧਮਕਾ ਕੇ ਮੋਟੀਆਂ ਰਕਮਾਂ ਦੀ ਮੰਗ ਕਰਦਾ ਸੀ।

ਜਿਹੜੇ ਕਾਰੋਬਾਰੀ ਪੈਸੇ ਦੇਣ ਤੋਂ ਇਨਕਾਰ ਕਰਦੇ ਸਨ, ਉਨ੍ਹਾਂ ਦੇ ਘਰਾਂ ਅਤੇ ਦਫ਼ਤਰਾਂ ‘ਤੇ ਗੋਲੀਬਾਰੀ, ਅੱਗਜ਼ਨੀ (ਲੂਟਮਾਰ/ਸਾੜਫੂਕ) ਅਤੇ ਜਾਨਲੇਵਾ ਹਿੰਸਕ ਹਮਲੇ ਕੀਤੇ ਜਾਂਦੇ ਸਨ। ਪੁਲਿਸ ਨੇ ਇਸ ਨੈੱਟਵਰਕ ਨਾਲ ਜੁੜੀਆਂ ਕੁੱਲ 24 ਵੱਖ-ਵੱਖ ਘਟਨਾਵਾਂ ਦਾ ਪਰਦਾਫਾਸ਼ ਕੀਤਾ ਹੈ, ਜਿਨ੍ਹਾਂ ਵਿੱਚ 16 ਬਹੁਤ ਹੀ ਗੰਭੀਰ ਅਤੇ ਹਿੰਸਕ ਵਾਰਦਾਤਾਂ ਸ਼ਾਮਲ ਹਨ।

ਪੁਲਿਸ ਮੁਤਾਬਕ ਵੱਖ-ਵੱਖ ਮਾਮਲਿਆਂ ਵਿੱਚ ਮੁਲਜ਼ਮਾਂ ਵੱਲੋਂ ਦਹਿਸ਼ਤ ਫੈਲਾਉਣ ਲਈ ਲਗਭਗ 324 ਗੋਲੀਆਂ ਚਲਾਈਆਂ ਗਈਆਂ ਸਨ।

ਵੱਖ-ਵੱਖ ਥਾਵਾਂ ‘ਤੇ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਛੇ ਗੈਰ-ਕਾਨੂੰਨੀ ਹਥਿਆਰ, ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ, ਮੋਬਾਈਲ ਫੋਨ, ਵਾਰਦਾਤਾਂ ਲਈ ਵਰਤੇ ਜਾਣ ਵਾਲੇ ਸਿਮ ਕਾਰਡ ਅਤੇ ਕਈ ਜਾਅਲੀ ਪਛਾਣ ਪੱਤਰ (Fake IDs) ਜ਼ਬਤ ਕੀਤੇ ਹਨ। ਫੜੇ ਗਏ ਸਾਰੇ 17 ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੁੱਲ 106 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ।

ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਦੀ ਪਛਾਣ ਇਕਬਾਲ ਸਿੰਘ ਭਗਾਰੀਆ, ਆਕਾਸ਼ਦੀਪ ਸਿੰਘ, ਰਵਿੰਦਰ ਸਿੰਘ, ਜਸ਼ਨਬੀਰ ਸਿੰਘ, ਦਿਲਾਵਰਪ੍ਰੀਤ ਸਿੰਘ, ਮਨਦੀਪ ਸਿੰਘ, ਪ੍ਰਭਦੀਪ ਸੋਹਲ, ਪ੍ਰਤਾਪਬੀਰ ਘੁੰਮਣ, ਅਜੈਦੀਪ ਸਿੰਘ, ਨਵਰੂਪ ਸਿੰਘ, ਰਾਜਨ ਸਿੰਘ, ਅੰਮ੍ਰਿਤਜੋਤ ਸਿੰਘ, ਜਸ਼ਨਪ੍ਰੀਤ ਸਿੰਘ, ਗੁਨੀਤ ਸਿੰਘ, ਸੁਖਵਿੰਦਰ ਸਿੰਘ, ਮਹਿੰਦਰ ਸਿੰਘ ਅਤੇ ਗੌਤਮ ਵਜੋਂ ਹੋਈ ਹੈ।

ਇਸ ਵੱਡੀ ਕਾਰਵਾਈ ਦੌਰਾਨ ‘ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ’ (CBSA) ਨੇ ਵੀ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ। ਏਜੰਸੀ ਨੇ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ 6 ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਨ੍ਹਾਂ 6 ਮੁਲਜ਼ਮਾਂ ਨੂੰ ਜਲਦ ਹੀ ਕੈਨੇਡਾ ਤੋਂ ਡਿਪੋਰਟ ਕਰਕੇ ਭਾਰਤ ਭੇਜੇ ਜਾਣ ਦੀ ਪੂਰੀ ਸੰਭਾਵਨਾ ਹੈ।

 

Join WhatsApp

Join Now

Leave a Comment