Canada ਦੀ ਨਵੀਂ ਇਮੀਗ੍ਰੇਸ਼ਨ ਪਾਲਿਸੀ; ਇਨ੍ਹਾਂ ਵਿਦਿਆਰਥੀਆਂ ਨੂੰ ਹਫ਼ਤੇ ‘ਚ ਮਿਲੇਗੀ PR
ਉੱਚੀ ਤਨਖਾਹ ਵਾਲਿਆਂ ਲਈ PR ਹੋਈ ਆਸਾਨ, ਗੈਰ-ਕਾਨੂੰਨੀ ਢੰਗ ਨਾਲ ਰਹਿਣ ਵਾਲਿਆਂ ਨੂੰ ਕੀਤਾ ਜਾਵੇਗਾ ਡਿਪੋਰਟ
ਇਨ੍ਹਾਂ ਕਿੱਤਿਆਂ ‘ਤੇ ਰਹੇਗਾ ਵਿਸ਼ੇਸ਼ ਫੋਕਸ, ਸਟੂਡੈਂਟ ਵੀਜ਼ਾ ਨਿਯਮਾਂ ਵਿੱਚ ਵੱਡੀ ਸਖ਼ਤੀ
ਓਟਾਵਾ (Canada), 26 ਅਪ੍ਰੈਲ 2026: ਕੈਨੇਡਾ ਸਰਕਾਰ ਨੇ ਆਪਣੀ ਇਮੀਗ੍ਰੇਸ਼ਨ ਪਾਲਿਸੀ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ, ਜਿਸ ਦਾ ਸਿੱਧਾ ਅਸਰ ਉੱਥੇ ਰਹਿ ਰਹੇ ਅਤੇ ਭਵਿੱਖ ਵਿੱਚ ਜਾਣ ਵਾਲੇ ਭਾਰਤੀਆਂ, ਖਾਸ ਕਰਕੇ ਪੰਜਾਬੀਆਂ ‘ਤੇ ਪਵੇਗਾ।
ਸਰਕਾਰ ਨੇ ਇਮੀਗ੍ਰੇਸ਼ਨ ਬਿੱਲ ਸੀ-12 ਅਤੇ ਨਾਗਰਿਕਤਾ ਕਾਨੂੰਨ ਸੀ-3 ਵਿੱਚ ਸੋਧਾਂ ਕੀਤੀਆਂ ਹਨ। ਨਵੀਂ ਪਾਲਿਸੀ ਦਾ ਮੁੱਖ ਉਦੇਸ਼ ਉਨ੍ਹਾਂ ਲੋਕਾਂ ਨੂੰ ਤਰਜੀਹ ਦੇਣਾ ਹੈ ਜੋ ਦੇਸ਼ ਦੀ ਆਰਥਿਕਤਾ ਵਿੱਚ ਤੁਰੰਤ ਯੋਗਦਾਨ ਪਾ ਸਕਦੇ ਹਨ।
ਨਵੀਂ ਪਾਲਿਸੀ ਅਨੁਸਾਰ, ਜਿਹੜੇ ਲੋਕ ਕੈਨੇਡਾ ਵਿੱਚ ਰਹਿ ਕੇ ਸਾਲਾਨਾ ਕਰੀਬ 70 ਲੱਖ ਰੁਪਏ (ਕੈਨੇਡੀਅਨ ਡਾਲਰਾਂ ਮੁਤਾਬਕ) ਕਮਾ ਰਹੇ ਹਨ, ਉਨ੍ਹਾਂ ਨੂੰ ਪੀ.ਆਰ. (ਪੱਕੀ ਰਿਹਾਇਸ਼) ਬਹੁਤ ਜਲਦੀ ਮਿਲ ਜਾਵੇਗੀ। ਅਜਿਹੇ ਬਿਨੈਕਾਰਾਂ ਨੂੰ ਸਿਰਫ਼ ਇੱਕ ਹਫ਼ਤੇ ਦੇ ਅੰਦਰ ਪੀ.ਆਰ. ਮਿਲ ਸਕਦੀ ਹੈ।
ਕੈਨੇਡਾ ਸਰਕਾਰ ਇਸ ਸਮੇਂ ਹਾਈ-ਸਕਿੱਲਡ ਵਰਕਰਾਂ ਨੂੰ ਪਹਿਲ ਦੇ ਰਹੀ ਹੈ। ਵਿਸ਼ੇਸ਼ ਤੌਰ ‘ਤੇ ਡਾਕਟਰ, ਨਰਸਾਂ, ਇੰਜੀਨੀਅਰ ਅਤੇ ਕੰਸਟਰੱਕਸ਼ਨ ਸੈਕਟਰ (ਜਿਵੇਂ ਪਲੰਬਰ, ਇਲੈਕਟ੍ਰੀਸ਼ੀਅਨ) ਨਾਲ ਜੁੜੇ ਲੋਕਾਂ ਨੂੰ ਤੁਰੰਤ ਵੀਜ਼ਾ ਅਤੇ ਪੀ.ਆਰ. ਮਿਲਣ ਦੇ ਮੌਕੇ ਵਧਣਗੇ।
ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਜਾਣ ਵਾਲਿਆਂ ਲਈ ਮਾੜੀ ਖ਼ਬਰ ਹੈ। ਹੁਣ ਕਾਲਜ ਅਤੇ ਕੋਰਸ ਖ਼ਤਮ ਕਰਨ ਤੋਂ ਬਾਅਦ ਵਰਕ ਪਰਮਿਟ ਮਿਲਣਾ ਪੱਕਾ ਨਹੀਂ ਹੋਵੇਗਾ।
ਕੈਨੇਡਾ ਸਰਕਾਰ ਕੋਰਸਾਂ ਦੀ ਇੱਕ ਸੂਚੀ ਤਿਆਰ ਕਰੇਗੀ। ਵਰਕ ਪਰਮਿਟ ਸਿਰਫ਼ ਉਨ੍ਹਾਂ ਨੂੰ ਹੀ ਮਿਲੇਗਾ, ਜਿਨ੍ਹਾਂ ਨੇ ਅਜਿਹੇ ਖੇਤਰਾਂ ਵਿੱਚ ਪੜ੍ਹਾਈ ਕੀਤੀ ਹੋਵੇਗੀ, ਜਿਨ੍ਹਾਂ ਦੀ ਮਾਰਕੀਟ ਵਿੱਚ ਮੰਗ ਹੈ।
ਗੈਰ-ਕਾਨੂੰਨੀ ਢੰਗ ਨਾਲ ਰਹਿਣ ਵਾਲਿਆਂ ਨੂੰ ਕੀਤਾ ਜਾਵੇਗਾ ਡਿਪੋਰਟ
ਬਿੱਲ ਸੀ-12 ਤਹਿਤ ਫਰਜ਼ੀਵਾੜੇ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਗਏ ਹਨ। ਜਿਹੜੇ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਕੈਨੇਡਾ ਵਿੱਚ ਦਾਖ਼ਲ ਹੋਏ ਹਨ, ਉਨ੍ਹਾਂ ਨੂੰ ਤੁਰੰਤ ਡਿਪੋਰਟ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਸਰਹੱਦ ਪਾਰ ਕਰਨ ਵਾਲਿਆਂ ਨੂੰ 14 ਦਿਨਾਂ ਦੇ ਅੰਦਰ ਆਪਣਾ ਕਲੇਮ ਪੇਸ਼ ਕਰਨਾ ਹੋਵੇਗਾ, ਨਹੀਂ ਤਾਂ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ।
ਸਰਕਾਰ ਨੇ ਉਨ੍ਹਾਂ ਬੱਚਿਆਂ ਨੂੰ ਰਾਹਤ ਦਿੱਤੀ ਹੈ ਜਿਨ੍ਹਾਂ ਦੇ ਮਾਪੇ ਕੈਨੇਡੀਅਨ ਹਨ ਪਰ ਉਨ੍ਹਾਂ ਦਾ ਜਨਮ ਕੈਨੇਡਾ ਤੋਂ ਬਾਹਰ ਹੋਇਆ ਹੈ। ਅਜਿਹੇ ਬੱਚੇ ਪੀ.ਆਰ. ਹਾਸਲ ਕਰ ਸਕਦੇ ਹਨ ਜੇਕਰ ਉਨ੍ਹਾਂ ਨੇ ਖ਼ੁਦ ਕੈਨੇਡਾ ਵਿੱਚ ਘੱਟੋ-ਘੱਟ 3 ਸਾਲ ਬਿਤਾਏ ਹੋਣ।
ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਬਦਲਾਅ ਨਾਲ ਕੈਨੇਡਾ ਜਾਣ ਵਾਲੇ ਕੱਚੇ ਕਾਮਿਆਂ ਅਤੇ ਆਮ ਕੋਰਸਾਂ ਵਾਲੇ ਵਿਦਿਆਰਥੀਆਂ ਦੀ ਭੀੜ ਘਟੇਗੀ ਅਤੇ ਸਿਰਫ਼ ਹੁਨਰਮੰਦ ਲੋਕਾਂ ਨੂੰ ਹੀ ਮੌਕਾ ਮਿਲੇਗਾ।






