ਬਹਿਰੀਨ ਵਾਲੀ ਬੀਬੀ ਨਾਲ ਬਲਾਤਕਾਰ ਦਾ ਮਾਮਲਾ! AAP ਨੇ SGPC ਦੀ ਜਾਂਚ ਕਮੇਟੀ ਦੀ ਨਿਰਪੱਖਤਾ ‘ਤੇ ਚੁੱਕੇ ਵੱਡੇ ਸਵਾਲ
SGPC ਪ੍ਰਧਾਨ ਧਾਮੀ ਜਵਾਬ ਦੇਣ, ਕੀ ਕਮੇਟੀ ਬਣਾਉਣ ਤੋਂ ਪਹਿਲਾਂ ਸੁਖਬੀਰ ਬਾਦਲ ਨਾਲ ਕੀਤੀ ਗਈ ਸੀ ਸਲਾਹ: ਬਲਤੇਜ ਪੰਨੂ
ਪੰਨੂ ਦਾ ਧਾਮੀ ‘ਤੇ ਤਿੱਖਾ ਹਮਲਾ: ਜੂਨੀਅਰ ਮੈਂਬਰਾਂ ਨਾਲ ਕਿਵੇਂ ਹੋਵੇਗੀ ਨਿਰਪੱਖ ਜਾਂਚ, ਪੀੜਤ ਔਰਤ ਦਾ ਨਾਮ ਜਨਤਕ ਕਰਨ ‘ਤੇ ਜਤਾਇਆ ਇਤਰਾਜ਼
ਚੰਡੀਗੜ੍ਹ, 25 ਸਤੰਬਰ 2026- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਾਬਕਾ ਮੈਂਬਰ ਅਤੇ ਸ਼ਿਰੋਮਣੀ ਅਕਾਲੀ ਦਲ ਦੇ ਆਗੂ ਅਮਰਜੀਤ ਸਿੰਘ ਚਾਵਲਾ ਨਾਲ ਜੁੜੇ ਕਥਿਤ ਜਬਰ-ਜਨਾਹ ਮਾਮਲੇ ‘ਚ ਹੁਣ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਆਮ ਆਦਮੀ ਪਾਰਟੀ (AAP) ਦੇ ਬੁਲਾਰੇ ਬਲਤੇਜ ਪੰਨੂ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ SGPC ਵੱਲੋਂ ਬਣਾਈ ਗਈ ਜਾਂਚ ਕਮੇਟੀ ਦੀ ਕਾਰਜਪ੍ਰਣਾਲੀ ਅਤੇ ਨਿਰਪੱਖਤਾ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਆਪ ਬੁਲਾਰੇ ਬਲਤੇਜ ਪੰਨੂ ਨੇ ਦੋਸ਼ ਲਾਇਆ ਕਿ ਇਸ ਪੂਰੇ ਮਾਮਲੇ ਦੀ ਜਾਂਚ ਲਈ SGPC ਵੱਲੋਂ ਜੋ ਜਾਂਚ ਕਮੇਟੀ ਗਠਿਤ ਕੀਤੀ ਗਈ ਹੈ, ਉਸ ਵਿੱਚ ਜੂਨੀਅਰ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਜਾਂਚ ਕਰਨ ਵਾਲੇ ਮੈਂਬਰ ਹੀ ਆਪਣੇ ਤੋਂ ਸੀਨੀਅਰਾਂ ਦੇ ਦਬਾਅ ਹੇਠ ਹੋਣਗੇ, ਤਾਂ ਅਜਿਹੀ ਕਮੇਟੀ ਤੋਂ ਨਿਰਪੱਖ ਅਤੇ ਸੱਚੀ ਜਾਂਚ ਦੀ ਉਮੀਦ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ? ਇਸ ਕਾਰਨ ਜਾਂਚ ਕਮੇਟੀ ਦੀ ਨਿਰਪੱਖਤਾ ਵੱਡੇ ਸਵਾਲਾਂ ਦੇ ਘੇਰੇ ਵਿੱਚ ਆ ਚੁੱਕੀ ਹੈ।
ਬਲਤੇਜ ਪੰਨੂ ਨੇ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਿੱਧਾ ਸਵਾਲ ਕਰਦਿਆਂ ਪੁੱਛਿਆ ਕਿ ਕੀ ਇਹ ਜਾਂਚ ਕਮੇਟੀ ਬਣਾਉਣ ਤੋਂ ਪਹਿਲਾਂ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕੋਈ ਸਲਾਹ-ਮਸ਼ਵਰਾ ਕੀਤਾ ਗਿਆ ਸੀ? ਪੰਨੂ ਨੇ ਕਿਹਾ ਕਿ SGPC ਪ੍ਰਧਾਨ ਨੂੰ ਇਸ ਮਾਮਲੇ ਨਾਲ ਸਬੰਧਤ ਉੱਠ ਰਹੇ ਹਰ ਸਵਾਲ ਦਾ ਜਵਾਬ ਸੰਗਤ ਦੇ ਸਾਹਮਣੇ ਦੇਣਾ ਚਾਹੀਦਾ ਹੈ।
ਉਨ੍ਹਾਂ ਧਾਮੀ ਨੂੰ ਘੇਰਦਿਆਂ ਕਿਹਾ ਕਿ ਉਹ ਸਵਾਲਾਂ ਤੋਂ ਭੱਜਣ ਦੀ ਬਜਾਏ ਇਸ ਪੂਰੇ ਘਟਨਾਕ੍ਰਮ ‘ਤੇ ਸਪੱਸ਼ਟਤਾ ਦੇਣ ਅਤੇ ਜਨਤਾ ਦੇ ਸਾਹਮਣੇ ਸੱਚ ਰੱਖਣ। ਬਲਤੇਜ ਪੰਨੂ ਨੇ ਇਸ ਮਾਮਲੇ ਵਿੱਚ ‘ਬਹਿਰੀਨ ਵਾਲੀ ਬੀਬੀ’ ਦਾ ਨਾਮ ਜਨਤਕ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਉਨ੍ਹਾਂ ਕਿਹਾ ਕਿ ਕਿਸੇ ਵੀ ਪੀੜਤ ਮਹਿਲਾ ਦੀ ਪਛਾਣ ਜਾਂ ਨਾਮ ਜਨਤਕ ਕਰਨਾ ਨਾ ਕੇਵਲ ਕਾਨੂੰਨੀ ਅਪਰਾਧ ਹੈ, ਸਗੋਂ ਇਹ ਔਰਤਾਂ ਦੀ ਇੱਜ਼ਤ, ਆਬਰੂ ਅਤੇ ਨਿੱਜਤਾ (Privacy) ਨਾਲ ਜੁੜਿਆ ਇੱਕ ਬਹੁਤ ਹੀ ਗੰਭੀਰ ਮਾਮਲਾ ਹੈ। ਅਜਿਹਾ ਕਰਕੇ ਪੀੜਤਾ ਦੇ ਮਾਨਸਿਕ ਅਤੇ ਸਮਾਜਿਕ ਸ਼ੋਸ਼ਣ ਨੂੰ ਹੋਰ ਵਧਾਵਾ ਦਿੱਤਾ ਜਾ ਰਿਹਾ ਹੈ, ਜੋ ਕਿ ਬੇਹੱਦ ਮੰਦਭਾਗਾ ਹੈ।
ਉਨ੍ਹਾਂ ਮੰਗ ਕੀਤੀ ਕਿ SGPC ਆਪਣੀਆਂ ਧਾਰਮਿਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਪੱਖਪਾਤ ਤੋਂ ਉੱਪਰ ਉੱਠ ਕੇ ਕੰਮ ਕਰੇ ਅਤੇ ਪੀੜਤ ਔਰਤ ਨੂੰ ਇਨਸਾਫ਼ ਦਿਵਾਉਣ ਲਈ ਇੱਕ ਪਾਰਦਰਸ਼ੀ ਅਤੇ ਸੁਤੰਤਰ ਜਾਂਚ ਯਕੀਨੀ ਬਣਾਏ।
















