Join WhatsApp

Join Now

Chandigarh: ਸੈਕਟਰ-17 ਦੇ ਨਾਮੀ ਹੋਟਲ ‘ਚੋਂ ਮਿਲੀ ਕਾਰੋਬਾਰੀ ਦੀ ਲਾਸ਼, ਮਚੀ ਸਨਸਨੀ

On: October 21, 2026 5:28 PM

 

Chandigarh: ਸੈਕਟਰ-17 ਦੇ ਨਾਮੀ ਹੋਟਲ ‘ਚੋਂ ਮਿਲੀ ਕਾਰੋਬਾਰੀ ਦੀ ਲਾਸ਼, ਮਚੀ ਸਨਸਨੀ

Chandigarh News: ਹੋਟਲ ਦੇ ਕਮਰੇ ਵਿੱਚੋਂ ਮਿਲਿਆ ਛੱਤੀਸਗੜ੍ਹ ਦਾ ਵਪਾਰੀ ਮ੍ਰਿਤਕ ਹਾਲਤ ਵਿੱਚ, ਪੁਲਿਸ ਨੇ ਇੱਕ ਲੜਕੀ ਨੂੰ ਲਿਆ ਹਿਰਾਸਤ ‘ਚ- ਫੋਰੈਂਸਿਕ ਟੀਮਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ

ਚੰਡੀਗੜ੍ਹ, 21 ਅਕਤੂਬਰ 2026: ਚੰਡੀਗੜ੍ਹ ਦੇ ਸਭ ਤੋਂ ਭੀੜ-ਭੜੱਕੇ ਅਤੇ ਪ੍ਰਮੁੱਖ ਇਲਾਕੇ ਸੈਕਟਰ-17 ਵਿੱਚੋਂ ਇੱਕ ਵੱਡੀ ਅਤੇ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਇੱਕ ਨਾਮੀ ਹੋਟਲ ਵਿੱਚੋਂ ਛੱਤੀਸਗੜ੍ਹ ਦੇ ਰਹਿਣ ਵਾਲੇ ਇੱਕ ਪ੍ਰਮੁੱਖ ਕਾਰੋਬਾਰੀ ਦੀ ਲਾਸ਼ ਬਰਾਮਦ ਹੋਈ ਹੈ, ਜੋ ਕਿ ਆਪਣੇ ਕਾਰੋਬਾਰੀ ਸਿਲਸਿਲਿਆਂ ਤਹਿਤ ਕੁਝ ਦਿਨ ਪਹਿਲਾਂ ਹੀ ਚੰਡੀਗੜ੍ਹ ਆਏ ਸਨ ਅਤੇ ਇਸ ਹੋਟਲ ਵਿੱਚ ਠਹਿਰੇ ਹੋਏ ਸਨ। ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ ਹੈ ਅਤੇ ਮੌਕੇ ਉੱਤੇ ਫੋਰੈਂਸਿਕ ਟੀਮਾਂ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ, ਇਹ ਸਾਰਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਅੱਜ ਸਵੇਰੇ ਕਰੀਬ ਸਾਢੇ ਗਿਆਰਾਂ ਵਜੇ ਹੋਟਲ ਦਾ ਵੇਟਰ ਕਮਰੇ ਦੀ ਸਫ਼ਾਈ ਜਾਂ ਹੋਰ ਕੰਮ ਲਈ ਉੱਥੇ ਗਿਆ। ਵੇਟਰ ਵੱਲੋਂ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਜਦੋਂ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ ਅਤੇ ਦਰਵਾਜ਼ਾ ਅੰਦਰੋਂ ਬੰਦ ਸੀ, ਤਾਂ ਸਟਾਫ਼ ਨੇ ਸ਼ੱਕ ਪੈਣ ‘ਤੇ ਮਾਸਟਰ ਚਾਬੀ (ਦੂਜੀ ਚਾਬੀ) ਦੀ ਮਦਦ ਨਾਲ ਕਮਰਾ ਖੋਲ੍ਹਿਆ। ਜਦੋਂ ਸਟਾਫ਼ ਅੰਦਰ ਦਾਖ਼ਲ ਹੋਇਆ ਤਾਂ ਕਾਰੋਬਾਰੀ ਦੀਪਕ ਮਿੱਤਲ ਦੀ ਕਮਰੇ ਵਿੱਚ ਪਈ ਮਿਲੀ, ਜਿਸ ਤੋਂ ਬਾਅਦ ਤੁਰੰਤ ਹੋਟਲ ਪ੍ਰਬੰਧਕਾਂ ਵੱਲੋਂ ਇਸਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ।

ਸੂਚਨਾ ਮਿਲਦਿਆਂ ਹੀ ਚੰਡੀਗੜ੍ਹ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਕਾਰੋਬਾਰੀ ਦੋ ਦਿਨ ਪਹਿਲਾਂ ਹੀ ਚੰਡੀਗੜ੍ਹ ਪਹੁੰਚਿਆ ਸੀ ਅਤੇ ਇਸ ਹੋਟਲ ਵਿੱਚ ਕਮਰਾ ਬੁੱਕ ਕਰਵਾ ਕੇ ਰੁਕਿਆ ਹੋਇਆ ਸੀ। ਪੁਲਿਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬੀਤੀ ਰਾਤ ਇਸ ਕਮਰੇ ਵਿੱਚ ਇੱਕ ਲੜਕੀ ਵੀ ਆਈ ਸੀ।

ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਲੜਕੀ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੌਤ ਦੇ ਸਮੇਂ ਕਮਰੇ ਵਿੱਚ ਹੋਰ ਕਿਹੜੇ-ਕਿਹੜੇ ਵਿਅਕਤੀ ਮੌਜੂਦ ਸਨ ਅਤੇ ਇਸ ਘਟਨਾ ਦੇ ਅਸਲ ਕਾਰਨ ਕੀ ਹਨ? ਕੀ ਇਹ ਮੌਤ ਕਿਸੇ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ ਜਾਂ ਫਿਰ ਇਸ ਪਿੱਛੇ ਕੋਈ ਹੋਰ ਸਾਜ਼ਿਸ਼ ਜਾਂ ਅੰਦਰੂਨੀ ਸਿਹਤ ਕਾਰਨ ਹੈ, ਇਹ ਸਭ ਪੁਲਿਸ ਦੀ ਮੁੱਖ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ।

ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਦੀ ਟੀਮ ਨੂੰ ਵੀ ਮੌਕੇ ਉੱਤੇ ਬੁਲਾ ਲਿਆ ਗਿਆ ਹੈ, ਜਿਨ੍ਹਾਂ ਨੇ ਕਮਰੇ ਵਿੱਚੋਂ ਫਿੰਗਰਪ੍ਰਿੰਟਸ ਅਤੇ ਹੋਰ ਅਹਿਮ ਸਬੂਤ ਇਕੱਠੇ ਕਰ ਲਏ ਹਨ। ਪੁਲਿਸ ਦਾ ਕਹਿਣਾ ਹੈ ਕਿ ਲੜਕੀ ਤੋਂ ਇਲਾਵਾ ਕੁਝ ਹੋਰ ਸ਼ੱਕੀ ਲੋਕਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ ਤਾਂ ਜੋ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਸਕੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਅਧਿਕਾਰਤ ਤੌਰ ‘ਤੇ ਖੁਲਾਸਾ ਹੋ ਸਕੇਗਾ।

 

Leave a Comment