ਪੰਜਾਬ ਦੇ 72 ਅਧਿਆਪਕਾਂ ਨੂੰ CM ਮਾਨ ਨੇ ਤੋਰਿਆ ‘ਵਿਦੇਸ਼’

 

ਪੰਜਾਬ ਦੇ 72 ਅਧਿਆਪਕਾਂ ਨੂੰ CM ਭਗਵੰਤ ਮਾਨ ਨੇ ਤੋਰਿਆ ਵਿਦੇਸ਼!

ਪੰਜਾਬ ਨੇ ਕੇਰਲਾ ਅਤੇ ਮਹਾਰਾਸ਼ਟਰ ਨੂੰ ਪਛਾੜ ਕੇ ਸਿੱਖਿਆ ‘ਚ ਹਾਸਲ ਕੀਤਾ ਪਹਿਲਾ ਸਥਾਨ

ਚੰਡੀਗੜ੍ਹ, 16 ਮਈ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। CM ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ 72 ਅਧਿਆਪਕਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਬੈਚ ਦਿੱਲੀ ਰਾਹੀਂ ਫਿਨਲੈਂਡ ਲਈ ਰਵਾਨਾ ਹੋਇਆ ਹੈ।

ਇਹ ਅਧਿਆਪਕ 29 ਮਈ ਤੱਕ ਫਿਨਲੈਂਡ ਦੀ ਵਿਸ਼ਵ ਪ੍ਰਸਿੱਧ ਯੂਨੀਵਰਸਿਟੀ ਵਿੱਚ ਆਧੁਨਿਕ ਸਿੱਖਿਆ ਪ੍ਰਣਾਲੀ ਅਤੇ ਪੜ੍ਹਾਉਣ ਦੇ ਨਵੇਂ ਤਰੀਕਿਆਂ ਦੀ ਟ੍ਰੇਨਿੰਗ ਲੈਣਗੇ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਦੇ ਨੀਤੀ ਆਯੋਗ ਵੱਲੋਂ ਜਾਰੀ ਤਾਜ਼ਾ ਸਰਵੇ ਵਿੱਚ ਪੰਜਾਬ ਨੇ ਕੇਰਲਾ, ਮਹਾਰਾਸ਼ਟਰ ਅਤੇ ਹਰਿਆਣਾ ਨੂੰ ਪਛਾੜ ਕੇ ਸਿੱਖਿਆ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।

ਪੰਜਾਬ ਦੇ 99% ਸਕੂਲਾਂ ਵਿੱਚ ਕੰਪਿਊਟਰ ਅਤੇ 99.9% ਸਕੂਲਾਂ ਵਿੱਚ ਬਿਜਲੀ ਪਹੁੰਚ ਚੁੱਕੀ ਹੈ। ਇਸ ਵਾਰ ਸਰਕਾਰੀ ਸਕੂਲਾਂ ਦੀ ਮੈਗਾ ਪੇਰੈਂਟ-ਟੀਚਰ ਮੀਟਿੰਗ (PTM) ਵਿੱਚ 24 ਲੱਖ ਤੋਂ ਵੱਧ ਮਾਪਿਆਂ ਨੇ ਹਿੱਸਾ ਲਿਆ।

ਉਨ੍ਹਾਂ ਧੂਰੀ ਹਲਕੇ ਦੀਆਂ 3 ਵਿਦਿਆਰਥਣਾਂ ਦਾ ਵਿਸ਼ੇਸ਼ ਜ਼ਿਕਰ ਕੀਤਾ, ਜਿਨ੍ਹਾਂ ਨੇ 100% ਅੰਕ ਹਾਸਲ ਕੀਤੇ ਹਨ। ਇਸ ਕਾਰਗੁਜ਼ਾਰੀ ਲਈ ਉਨ੍ਹਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵਧਾਈ ਦਿੱਤੀ।

ਕਾਨਫਰੰਸ ਦੌਰਾਨ ਉਨ੍ਹਾਂ ਨੇ ਸੂਬੇ ਵਿੱਚ ਚੱਲ ਰਹੀ ਸਿੱਖਿਆ ਕ੍ਰਾਂਤੀ, ਵੋਟਰ ਸੂਚੀਆਂ ਦੀ ਸੁਧਾਈ (SIR), ਸੁਰਜੀਤ ਸਿੰਘ ਰੱਖੜਾ ਦੇ ‘ਆਪ’ ਵਿੱਚ ਸ਼ਾਮਲ ਹੋਣ ਅਤੇ ਹਰਿਆਣਾ ਨਾਲ ਪਾਣੀ ਦੇ ਮੁੱਦੇ ਸਣੇ ਕਈ ਅਹਿਮ ਪਹਿਲੂਆਂ ‘ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਅਤੇ ਵਿਰੋਧੀ ਧਿਰਾਂ ‘ਤੇ ਤਿੱਖੇ ਸਿਆਸੀ ਨਿਸ਼ਾਨੇ ਵੀ ਸਾਧੇ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਸਿਆਸੀ ਧਮਾਕਾ ਕਰਦਿਆਂ ਪੁਸ਼ਟੀ ਕੀਤੀ ਕਿ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਜਲਦ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।

ਹਰਿਆਣਾ ਨੂੰ ਪਾਣੀ ਦੇਣ ਦੇ ਮੁੱਦੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਰੁਖ਼ ਅਖਤਿਆਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਆਪਣੇ ਹਿੱਸੇ ਦਾ ਇੱਕ ਘੁੱਟ ਪਾਣੀ ਵੀ ਫਾਲਤੂ ਨਹੀਂ ਦੇਵੇਗਾ।

21 ਜੂਨ ਤੋਂ ਜੋ ਨਿਰਧਾਰਿਤ ਸਾਲਾਨਾ ਕੋਟਾ ਹੈ, ਉਹੀ ਮਿਲੇਗਾ, ਉਸ ਤੋਂ ਪਹਿਲਾਂ ਕੋਈ ਵਾਧੂ ਪਾਣੀ ਨਹੀਂ ਦਿੱਤਾ ਜਾਵੇਗਾ, ਚਾਹੇ ਉੱਥੇ ਕੇਂਦਰੀ ਸੁਰੱਖਿਆ ਬਲ (CISF) ਹੀ ਕਿਉਂ ਨਾ ਤਾਇਨਾਤ ਕਰ ਦਿੱਤੀ ਜਾਵੇ।

ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰਾਂ ਦਾ ਸੂਪੜਾ ਸਾਫ਼ ਹੋਣਾ ਤੈਅ ਹੈ।

ਉਨ੍ਹਾਂ ਵਿਰੋਧੀਆਂ ‘ਤੇ ਤਨਜ਼ ਕਸਦਿਆਂ ਕਿਹਾ, “ਕੋਈ ਨਹੀਂ ਹੈ ਟੱਕਰ ਵਿੱਚ, ਕਿਉਂ ਪਏ ਹੋ ਚੱਕਰ ਵਿੱਚ।” ਮੁਫ਼ਤ ਬਿਜਲੀ, ਰੋਜ਼ਗਾਰ ਅਤੇ ਟੋਲ ਪਲਾਜ਼ੇ ਮੁਕਤ ਕਰਨ ਵਰਗੇ ਫੈਸਲਿਆਂ ਸਦਕਾ ਜਨਤਾ ‘ਆਪ’ ਦੇ ਨਾਲ ਖੜ੍ਹੀ ਹੈ।