ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਗੈਰ-ਜ਼ਿੰਮੇਵਾਰਾਨਾ ਬਿਆਨ ਖ਼ਿਲਾਫ਼ ਭੜਕੇ ਕੰਪਿਊਟਰ ਅਧਿਆਪਕ! ਕਿਹਾ- ਸਾਰੇ ਚੋਣ ਵਾਅਦੇ ਝੂਠੇ ਨਿਕਲ਼ੇ, ਮੁੱਖ ਮੰਤਰੀ ਦੇ ਸ਼ਹਿਰ ਹੋਵੇਗਾ ਵੱਡਾ ਸੰਘਰਸ਼

On: ਜੁਲਾਈ 4, 2026 9:34 ਬਾਃ ਦੁਃ

 

ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਗੈਰ-ਜ਼ਿੰਮੇਵਾਰਾਨਾ ਬਿਆਨ ਖ਼ਿਲਾਫ਼ ਭੜਕੇ ਕੰਪਿਊਟਰ ਅਧਿਆਪਕ! ਕਿਹਾ- ਸਾਰੇ ਚੋਣ ਵਾਅਦੇ ਝੂਠੇ ਨਿਕਲ਼ੇ, ਮੁੱਖ ਮੰਤਰੀ ਦੇ ਸ਼ਹਿਰ ਹੋਵੇਗਾ ਵੱਡਾ ਸੰਘਰਸ਼

Punjab News, 04 ਜੁਲਾਈ 2026-

ਕੰਪਿਊਟਰ ਅਧਿਆਪਕਾਂ ਦੀਆਂ ਤਨਖਾਹਾਂ ਅਤੇ ਜਾਇਜ਼ ਹੱਕਾਂ ਨੂੰ ਲੈ ਕੇ ਬੀਤੇ ਦਿਨੀਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦਿੱਤੇ ਗਏ ਗੈਰ-ਜ਼ਿੰਮੇਵਾਰਾਨਾ ਬਿਆਨ ਤੋਂ ਬਾਅਦ ਸਮੁੱਚੇ ਅਧਿਆਪਕ ਵਰਗ ਵਿੱਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਇੱਕ ਪ੍ਰੈਸ ਕਾਨਫਰੰਸ ਦੌਰਾਨ ਜਦੋਂ ਇੱਕ ਪੱਤਰਕਾਰ ਵੱਲੋਂ ਸਿੱਖਿਆ ਮੰਤਰੀ ਨੂੰ ਕੰਪਿਊਟਰ ਅਧਿਆਪਕਾਂ ਦੇ ਹੱਕ ਬਹਾਲ ਕਰਨ ਸਬੰਧੀ ਕੀਤੇ ਗਏ ਵਾਅਦੇ ਬਾਰੇ ਸਵਾਲ ਪੁੱਛਿਆ ਗਿਆ, ਤਾਂ ਉਨ੍ਹਾਂ ਬੜੀ ਬੇਰੁਖ਼ੀ ਨਾਲ ਜਵਾਬ ਦਿੰਦਿਆਂ ਕਿਹਾ ਕਿ ਕੰਪਿਊਟਰ ਅਧਿਆਪਕ ਪਹਿਲਾਂ ਹੀ ਜ਼ਿਆਦਾ ਤਨਖਾਹ ਲੈ ਰਹੇ ਹਨ।

ਕੰਪਿਊਟਰ ਫੈਕਲਟੀ ਐਸੋਸੀਏਸ਼ਨ, ਪੰਜਾਬ ਨੇ ਸਿੱਖਿਆ ਮੰਤਰੀ ਦੇ ਇਸ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸਨੂੰ ਉਨ੍ਹਾਂ ਦੀ ਬੌਧਿਕ ਕੰਗਾਲੀ ਦਾ ਪ੍ਰਤੀਕ ਦੱਸਿਆ ਹੈ। ਇਸ ਬਿਆਨ ਦੇ ਵਿਰੋਧ ਵਿੱਚ ਅਧਿਆਪਕਾਂ ਨੇ ਐਲਾਨ ਕੀਤਾ ਹੈ ਕਿ ਉਹ ਜਲਦ ਹੀ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਸਰਕਾਰ ਖ਼ਿਲਾਫ਼ ਇੱਕ ਵੱਡਾ ਸੰਘਰਸ਼ ਵਿੱਢਣਗੇ।

ਐਸੋਸੀਏਸ਼ਨ ਦੇ ਅਹੁਦੇਦਾਰਾਂ ਪ੍ਰਦੀਪ ਕੁਮਾਰ ਮਲੂਕਾ, ਲਖਵਿੰਦਰ ਸਿੰਘ ਫ਼ਿਰੋਜ਼ਪੁਰ, ਜਸਪਾਲ ਫ਼ਤਹਿਗੜ੍ਹ ਸਾਹਿਬ, ਰਾਕੇਸ਼ ਸੈਣੀ, ਪਰਮਵੀਰ ਸਿੰਘ ਪੰਮੀ, ਹਰਚਰਨ ਸਿੰਘ, ਦਵਿੰਦਰ ਪਾਠਕ, ਜਤਿੰਦਰ ਸਿੰਘ ਸੋਢੀ, ਹਰਪ੍ਰੀਤ ਕੌਰ ਸਾਹਨੇਵਾਲ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਦੋਂ ਦੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਬਣੇ ਹਨ, ਪੰਜਾਬ ਵਿੱਚ ਸਕੂਲ ਸਿੱਖਿਆ ਦਾ ਬੁਰਾ ਹਾਲ ਹੋ ਚੁੱਕਾ ਹੈ।

ਸਿੱਖਿਆ ਮੰਤਰੀ ਆਪਣੇ ਬਿਆਨਾਂ ਨਾਲ ਅਸਲੀਅਤ ਨੂੰ ਛੁਪਾ ਰਹੇ ਹਨ, ਜਦਕਿ ਹਕੀਕਤ ਇਹ ਹੈ ਕਿ ਵਧੇਰੇ ਅਧਿਆਪਕ ਗਰੀਬ ਵਿਦਿਆਰਥੀਆਂ ਨੂੰ ਪੜ੍ਹਾਉਣਾ ਛੱਡ ਕੇ ਹੋਰਨਾਂ ਗੈਰ-ਵਿੱਦਿਅਕ ਕੰਮਾਂ ਅਤੇ ਸਰਕਾਰੀ ਡਿਊਟੀਆਂ ਵਿੱਚ ਉਲਝੇ ਹੋਏ ਹਨ। ਸਿੱਖਿਆ ਵਿਭਾਗ ਦੇ ਵਧੇਰੇ ਕਰਮਚਾਰੀ ਆਪਣੇ ਹੱਕਾਂ ਲਈ ਪਿਛਲੇ ਸਾਢੇ ਚਾਰ ਸਾਲਾਂ ਤੋਂ ਸੜਕਾਂ ‘ਤੇ ਜੱਦੋ-ਜਹਿਦ ਕਰ ਰਹੇ ਹਨ, ਪਰ ਸਿੱਖਿਆ ਮੰਤਰੀ ਕਿਸੇ ਵੀ ਕਰਮਚਾਰੀ ਵਰਗ ਦੀ ਮੰਗ ਪੂਰੀ ਕਰਨ ਵਿੱਚ ਪੂਰੀ ਤਰ੍ਹਾਂ ਅਸਫ਼ਲ ਸਾਬਿਤ ਹੋਏ ਹਨ।

ਚੋਣ ਗਾਰੰਟੀਆਂ ਅਤੇ ‘ਦੀਵਾਲੀ ਤੋਹਫ਼ਾ’ ਨਿਕਲਿਆ ਮਹਿਜ਼ ਲਾਰਾ

ਅਧਿਆਪਕ ਆਗੂਆਂ ਨੇ ਯਾਦ ਦਿਵਾਇਆ ਕਿ ਉਨ੍ਹਾਂ ਦੀ ਭਰਤੀ 21 ਸਾਲ ਪਹਿਲਾਂ ਹੋਈ ਸੀ ਅਤੇ 2011 ਵਿੱਚ ਉਨ੍ਹਾਂ ਨੂੰ ਪਿਕਟਸ ਸੁਸਾਇਟੀ ਅਧੀਨ ਰੈਗੂਲਰ ਕੀਤਾ ਗਿਆ ਸੀ। ਪਰ ਮੌਜੂਦਾ ਸਰਕਾਰ, ਜੋ ਬਦਲਾਅ ਦੇ ਵੱਡੇ-ਵੱਡੇ ਦਾਅਵੇ ਕਰਕੇ ਸੱਤਾ ਵਿੱਚ ਆਈ ਸੀ, ਨੇ ਉਨ੍ਹਾਂ ਦੀਆਂ ਤਨਖਾਹਾਂ ਅਤੇ ਲਾਭਾਂ ‘ਤੇ ਵੱਡਾ ਡਾਕਾ ਮਾਰਿਆ ਹੈ।

ਸਾਲ 2022 ਵਿੱਚ ਸਿੱਖਿਆ ਮੰਤਰੀ ਬਣਦਿਆਂ ਹੀ ਉਨ੍ਹਾਂ ਨੇ ਦੀਵਾਲੀ ਮੌਕੇ ਕੰਪਿਊਟਰ ਅਧਿਆਪਕਾਂ ਨੂੰ ‘ਦੀਵਾਲੀ ਤੋਹਫ਼ਾ’ ਦੇ ਕੇ ਸਾਰੇ ਹੱਕ ਬਹਾਲ ਕਰਨ ਦਾ ਜਨਤਕ ਐਲਾਨ ਕੀਤਾ ਸੀ, ਜੋ ਪੂਰੀ ਤਰ੍ਹਾਂ ਝੂਠਾ ਨਿਕਲਿਆ। ਅਤੇ ਇਸ ਝੂਠੇ ਬਿਆਨ ਦੇ ਰੋਸ ਵੱਜੋਂ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਘਰ ਅੱਗੇ ਦੀਵੇ ਜਗਾ ਕੇ ਪ੍ਰਦਰਸ਼ਨ ਕੀਤਾ ਗਿਆ ਸੀ ਜੋ ਕਿ ਪੂਰੇ ਦੇਸ਼ ਵਿਚ ਚਰਚਾ ਦਾ ਵਿਸ਼ਾ ਬਣਿਆ ਸੀ।

ਹੁਣ ਜਦੋਂ ਵੀ ਉਨ੍ਹਾਂ ਨੂੰ ਇਸ ਵਾਅਦੇ ਅਤੇ ਚੋਣ ਮੈਨੀਫੈਸਟੋ ਦੀਆਂ ‘ਗਾਰੰਟੀਆਂ’ ਬਾਰੇ ਸਵਾਲ ਕੀਤਾ ਜਾਂਦਾ ਹੈ, ਤਾਂ ਉਹ ਬੌਖਲਾਹਟ ਵਿੱਚ ਆ ਕੇ ਅਜਿਹੇ ਗੈਰ-ਵਾਜਿਬ ਬਿਆਨ ਦੇਣ ਲੱਗ ਪੈਂਦੇ ਹਨ, ਜਿਸ ਕਾਰਨ ਸੂਬੇ ਦੇ ਕੰਪਿਊਟਰ ਅਧਿਆਪਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।

ਆਪਣੀ ਤਨਖਾਹ ਕਈਂ ਗੁਣਾ ਵਧਾਈ, ਪਰ ਅਧਿਆਪਕਾਂ ਲਈ ਮੈਡੀਕਲ ਸਹੂਲਤ ਵੀ ਨਹੀਂ

ਦੂਜੇ ਪਾਸੇ, ਐਸੋਸੀਏਸ਼ਨ ਨੇ ਦੋਸ਼ ਲਾਇਆ ਕਿ ਇੱਕ ਪਾਸੇ ਸਿੱਖਿਆ ਮੰਤਰੀ ਅਧਿਆਪਕਾਂ ਦੀਆਂ ਤਨਖਾਹਾਂ ਨੂੰ ਜ਼ਿਆਦਾ ਦੱਸ ਰਹੇ ਹਨ, ਜਦਕਿ ਦੂਜੇ ਪਾਸੇ ਖ਼ੁਦ ਉਨ੍ਹਾਂ ਦੀ ਆਪਣੀ ਤਨਖਾਹ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਕਈਂ ਗੁਣਾ ਵਧ ਚੁੱਕੀ ਹੈ ਅਤੇ ਉਹ ਸਾਰੀਆਂ ਸਰਕਾਰੀ ਸੁੱਖ-ਸਹੂਲਤਾਂ ਦਾ ਆਨੰਦ ਮਾਣ ਰਹੇ ਹਨ।

ਅਧਿਆਪਕਾਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ 100 ਤੋਂ ਵੱਧ ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ, ਪਰ ਸਰਕਾਰ ਨੇ ਉਨ੍ਹਾਂ ਦੇ ਪੀੜਤ ਪਰਿਵਾਰਾਂ ਦੀ ਕਦੇ ਸਾਰ ਨਹੀਂ ਲਈ। ਰੈਗੂਲਰ ਹੋਣ ਦੇ ਬਾਵਜੂਦ ਇਨ੍ਹਾਂ ਅਧਿਆਪਕਾਂ ਨੂੰ ਨਾ ਤਾਂ 6ਵੇਂ ਪੇ ਕਮਿਸ਼ਨ ਦਾ ਲਾਭ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਮੈਡੀਕਲ ਰੀਇੰਬਰਸਮੈਂਟ ਦੀ ਸਹੂਲਤ ਮਿਲ ਰਹੀ ਹੈ, ਜਿਸ ਕਾਰਨ ਕਈ ਅਧਿਆਪਕ ਗੰਭੀਰ ਬਿਮਾਰੀਆਂ ਦਾ ਇਲਾਜ ਕਰਵਾਉਣ ਵਿੱਚ ਵੀ ਅਸਮਰੱਥ ਹਨ।

 

Join WhatsApp

Join Now

Leave a Comment