ਡੀ.ਐਮ ਗਗਨਦੀਪ ਰੰਧਾਵਾ ਦੇ ਹੋਏ ਸਿਆਸੀ ਕਤਲ ਦੀ ਨਿਖੇਧੀ! DTF ਵੱਲੋਂ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ, 23 ਮਾਰਚ 2026:
ਪੰਜਾਬ ਦੀ ਆਵਾਮ ਨੇ 2022 ਵਿੱਚ ਰਿਵਾਇਤੀ ਪਾਰਟੀਆਂ ਨੂੰ ਨਕਾਰਦਿਆਂ ਤੇ ਵਿਰੋਧ ਪ੍ਰਗਟਾਉਂਦਿਆਂ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੂੰ ਭਾਰੀ ਬਹੁਮਤ ਰਾਹੀਂ ਸੂਬੇ ਦੀ ਕਮਾਨ ਸੌਪੀ, ਪਰ ਅੱਜ ਚਾਰ ਸਾਲ ਲੰਘਣ ਉਪਰੰਤ ਵੀ ਸੂਬੇ ਦੇ ਹਲਾਤ ਤਰੱਸਯੋਗ ਬਣੇ ਹੋਏ ਹਨ।
ਡੀ.ਟੀ.ਐਫ ਪੰਜਾਬ ਦੇ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ, ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਵਿੱਤ ਸਕੱਤਰ ਹਰਜਾਪ ਸਿੰਘ ਬੱਲ ਅਤੇ ਪ੍ਰੈਸ ਸਕੱਤਰ ਰਾਜੇਸ਼ ਕੁਮਾਰ ਪਰਾਸ਼ਰ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੂਬੇ ਅੰਦਰ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਸਰਕਾਰੀ ਕੰਮਾਂ ਵਿੱਚ ਸੰਵਿਧਾਨ ਨੂੰ ਛਿੱਕੇ ਟੰਗ ਕੇ ਸਿਆਸੀ ਦਖ਼ਲਅੰਦਾਜੀ ਤੇ ਪਹਿਲਾਂ ਹੀ ਮਾਨ ਨਹੀਂ ਸੀ, ਸਗੋਂ ਸਰਕਾਰੀ ਮੁਲਾਜ਼ਮਾਂ ਨਾਲ ਬਦਸਲੂਕੀ ਤੇ ਸਰਕਾਰੀ ਦਬਾਅ ਹੇਠ ਸਰਕਾਰੀ ਕੰਮਾਂ ਵਿੱਚ ਵਿਘਣ ਪਾਉਣ ਦੇ ਸਾਰੇ ਰਿਕਾਰਡ ਆਪ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਤੋੜ ਦਿੱਤੇ ਹਨ। ਪਿਛਲੇ ਦਿਨੀਂ ਮਾਰਚ 21, 2026 ਨੂੰ ਪੰਜਾਬ ਸਰਕਾਰ ਦੇ ਹੈਂਕੜਬਾਜ਼ ਸਾਬਕਾ ਟ੍ਰਾੰਸਪੋਰਟ ਤੇ ਜੇਲ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਡੀ.ਐਮ ਗਗਨਦੀਪ ਸਿੰਘ ਰੰਧਾਵਾ ਦਾ ਸਿਆਸੀ ਕਤਲ ਕਰ ਦਿੱਤਾ ਗਿਆ।
ਜਿਸ ਦਾ ਖੁਲਾਸਾ ਸਲਫ਼ਾਸ ਖਾ ਕੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪ ਮਹਿਰੂਮ ਐਮ.ਡੀ ਵੱਲੋਂ ਬਣਾਈ 12 ਮਿੰਟਾਂ ਦੀ ਵੀਡੀਓ ਰਾਹੀਂ ਹੋਇਆ, ਜਿਸ ਵਿੱਚ ਸਪਸ਼ਟ ਤੌਰ ਤੇ ਉਕਤ ਮੰਤਰੀ ਦਾ ਜ਼ਿਕਰ ਕੀਤਾ ਗਿਆ ਕਿ ਇਸ ਮੰਤਰੀ ਵੱਲੋਂ ਜ਼ਲੀਲ ਕਰਦੇ ਹੋਏ ਮਾਰ ਕੁਟਾਈ ਕੀਤੀ ਗਈ। ਇਸ ਜ਼ਲਾਲਤ ਤੇ ਮਾਰ ਕੁਟਾਈ ਕਾਰਨ ਹੋਈ ਪ੍ਰਤਾੜਨਾ ਕਾਰਨ ਇੱਕ ਪੜ੍ਹੇ ਲਿਖੇ ਅਫ਼ਸਰ ਵੱਲੋਂ ਸਲਫ਼ਾਸ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਅਤੀ ਦੁਖਦਾਈ ਤੇ ਸੰਵੇਦਨਸ਼ੀਲ ਘਟਨਾ ਤੇ ਡੀ.ਟੀ.ਐਫ ਪੰਜਾਬ ਵੱਲੋਂ ਅਫਸੋਸ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪਰਿਵਾਰ ਨੂੰ ਨਿਆਂ ਮਿਲਣ ਤੱਕ ਡੱਟ ਕੇ ਨਾਲ ਖੜਨ ਦਾ ਵਿਸ਼ਵਾਸ ਦਵਾਇਆ।
ਅੱਜ ਮੀਡੀਆ ਰਾਹੀਂ ਪ੍ਰਾਪਤ ਸੂਚਨਾਂ ਅਨੁਸਾਰ ਵਿਧਾਇਕ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫਤਾਰੀ ਦੀਆਂ ਖਬਰਾਂ ਆ ਰਹੀਆਂ ਹਨ, ਜਿਸ ਦਾ ਜਥੇਬੰਦੀ ਵੱਲੋਂ ਸਵਾਗਤ ਕਰਦਿਆਂ ਕਿਹਾ ਗਿਆ ਕਿ ਇਸ ਕੇਸ ਦੀ ਨਿਰਪੱਖ ਸੀ.ਬੀ.ਆਈ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ ਸਾਬਿਤ ਹੋਣ ਉਪਰੰਤ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਅਜੇ ਇਸ ਘਟਨਾ ਦਾ ਨਿਬੇੜਾ ਹੋਇਆ ਨਹੀਂ ਕਿ ਉੱਪ ਮੰਡਲ ਮੈਜਿਸਟ੍ਰੇਟ ਬਾਘਾਪੁਰਾਣਾ ਉੱਤੇ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਲਈ ਸੰਬੰਧਿਤ ਵਿਧਾਇਕ ਵੱਲੋਂ ਪਾਏ ਜਾ ਰਹੇ ਸਿਆਸੀ ਦਬਾਅ ਸੰਬੰਧੀ ਖਬਰਾਂ ਨਸ਼ਰ ਹੋ ਰਹੀਆਂ ਹਨ। ਸੰਬੰਧਿਤ ਅਫ਼ਸਰ ਵੱਲੋਂ ਆਪਣੀ ਜਾਣ ਦਾ ਖਤਰਾ ਹੋਣ ਦਾ ਖਦਸ਼ਾ ਜ਼ਾਹਿਰ ਕਰਦਿਆਂ ਮੁੱਖ ਸਕੱਤਰ ਪੰਜਾਬ ਨੂੰ ਬਦਲੀ ਕਰਨ ਦੀ ਗੁਜ਼ਾਰਿਸ਼ ਕੀਤੀ ਹੈ।
ਡੀ.ਐਮ.ਐਫ ਪੰਜਾਬ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਛੱਜਲਵੱਡੀ, ਸੂਬਾ ਕਮੇਟੀ ਮੈਂਬਰ ਗੁਰਦੇਵ ਸਿੰਘ, ਚਰਨਜੀਤ ਸਿੰਘ ਰਜਧਾਨ,ਸਹਾਇਕ ਪ੍ਰੈਸ ਸਕੱਤਰ ਕੁਲਦੀਪ ਸਿੰਘ ਵਰਨਾਲੀ, ਨਿਰਮਲ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਮਨਪ੍ਰੀਤ ਸਿੰਘ, ਵਿਪਨ ਰਿਖੀ, ਕੰਵਲਜੀਤ ਕੌਰ, ਵਿਸ਼ਾਲ ਕਪੂਰ, ਗੁਰ ਕਿਰਪਾਲ ਸਿੰਘ, ਸ਼ਮਸ਼ੇਰ ਸਿੰਘ, ਮੋਨਿਕਾ ਸੋਨੀ, ਹਰਵਿੰਦਰ ਸਿੰਘ, ਅਰਚਨਾ ਸ਼ਰਮਾ, ਬਿਕਰਮਜੀਤ ਸਿੰਘ ਭੀਲੋਵਾਲ, ਕੰਵਰਜੀਤ ਸਿੰਘ ਜੰਡਿਆਲਾ, ਕੰਵਲਨੀਤ ਸਿੰਘ ਫਤਿਹਪੁਰ, ਗੁਰਤੇਜ ਸਿੰਘ, ਸੁਖਵਿੰਦਰ ਸਿੰਘ ਬਿੱਟਾ, ਨਵਤੇਜ ਸਿੰਘ, ਗੁਰਤੇਜ ਸਿੰਘ, ਹਰਪ੍ਰੀਤ ਸਿੰਘ ਨਿਰੰਜਨਪੁਰ, ਰਾਜੀਵ ਕੁਮਾਰ ਮਰਵਾਹਾ, ਪ੍ਰਿਥੀਪਾਲ ਸਿੰਘ ਆਦਿ ਨੇ ਜਿਥੇ ਮਹਿਰੂਮ ਗਗਨਦੀਪ ਸਿੰਘ ਰੰਧਾਵਾ ਦੀ ਧਰਮਪਤਨੀ ਅਧਿਆਪਕ ਸ਼੍ਰੀਮਤੀ ਉਪਿੰਦਰ ਕੌਰ ਨਾਲ ਡੂੰਘੇ ਅਫਸੋਸ ਦਾ ਪ੍ਰਗਟਾਇਆ, ਉੱਥੇ ਹੀ ਇਸ ਸਿਆਸੀ ਕਤਲ ਦਾ ਬਣਦਾ ਨਿਆਂ ਮਿਲਣ ਤੱਕ ਡੱਟ ਕੇ ਖੜ੍ਹਨ ਦਾ ਵਿਸ਼ਵਾਸ ਦਵਾਇਆ। ਜੱਥੇਬੰਧਕ ਆਗੂਆਂ ਨੇ ਪੰਜਾਬ ਸਰਕਾਰ ਨੂੰ ਆਪਣੀ ਪਾਰਟੀ ਨਾਲ ਸੰਬੰਧਿਤ ਮੰਤਰੀਆਂ, ਵਿਧਾਇਕਾਂ, ਵਲੰਟੀਅਰਾਂ ਤੇ ਆਗੂਆਂ ਤੇ ਨਕੇਲ ਕੱਸਣ ਅਤੇ ਮਹਿਰੂਮ ਡੀ.ਐਮ ਦੀ ਮੌਤ ਦੀ ਨਿਰਪੱਖ ਤੇ ਬਿਨਾਂ ਦੇਰੀ ਸੀ.ਬੀ.ਆਈ ਜਾਂਚ ਕਰਵਾਉਣ ਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾਵਾਂ ਦੇਣ ਦੀ ਪੁਰਜ਼ੋਰ ਮੰਗ ਕੀਤੀ। ਨਿਆਂ ਨਾਂ ਮਿਲਣ ਦੀ ਸੂਰਤ ਵਿੱਚ ਸੰਘਰਸ਼ ਤਿੱਖਾ ਕੀਤਾ ਜਾਵੇਗਾ।






