Join WhatsApp

Join Now

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਟਿਆਲਾ DC ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਵੱਖ-ਵੱਖ ਮੰਗਾਂ ਤੇ ਬਣੀ ਸਹਿਮਤੀ

On: October 6, 2026 8:04 PM

 

ਭਾਕਿਯੂ ਏਕਤਾ ਉਗਰਾਹਾਂ ਦੀ ਪਟਿਆਲਾ DC ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਵੱਖ-ਵੱਖ ਮੰਗਾਂ ਤੇ ਬਣੀ ਸਹਿਮਤੀ

ਪਟਿਆਲਾ, 6 ਅਕਤੂਬਰ 2026- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਟਿਆਲਾ ਸੱਕਤਰੇਤ ਦਾ ਲਗਾਤਾਰ ਚੱਲ ਰਹੇ ਘਿਰਾਓ ਦੇ ਦੂਜੇ ਦਿਨ ਸਵੇਰੇ ਸੱਕਤਰੇਤ ਦੇ ਸਾਰੇ ਦਫ਼ਤਰਾਂ ਦੇ ਗੇਟ ਪੂਰਨ ਤੌਰ ਤੇ ਬੰਦ ਰੱਖੇ ਗਏ। ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਬਿਨਾਂ ਕਿਸੇ ਦਫ਼ਤਰੀ ਅਧਿਕਾਰੀ ਤੇ ਕਰਮਚਾਰੀ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਛੰਨਾ ਨੇ ਦੱਸਿਆ ਕਿ ਬੀਤੀ ਸ਼ਾਮ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਅੱਗੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।

ਉਨ੍ਹਾਂ ਦੱਸਿਆ ਕਿ ਜਥੇਬੰਦੀ ਦੇ ਸੰਘਰਸ਼ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੱਲਬਾਤ ਸੱਦਾ ਦਿੱਤਾ ਗਿਆ। ਜ਼ਿਲ੍ਹਾ ਜਨਰਲ ਸਕੱਤਰ ਸੁਖਮਿੰਦਰ ਸਿੰਘ ਬਾਰਨ ਨੇ ਦੱਸਿਆ ਕਿ ਸਰਕਟ ਹਾਊਸ ਵਿਖੇ ਡਿਪਟੀ ਕਮਿਸ਼ਨਰ, ਵਧੀਕ ਕਮਿਸ਼ਨਰ, ਜ਼ਿਲ੍ਹਾ ਮਾਲ ਅਫਸਰ, ਐਸ. ਡੀ. ਐਮ., ਐਸ.ਐਸ‌. ਪੀ., ਅਤੇ ਹੋਰ ਪੁਲਿਸ ਅਧਿਕਾਰੀ ਜਿਨ੍ਹਾਂ ਵਿੱਚ ਜਸਵਿੰਦਰ ਸਿੰਘ ਟਿਵਾਣਾ ਆਦਿ ਅਧਿਕਾਰੀ ਤੇ ਜਥੇਬੰਦੀ ਦੇ ਦਰਜਨ ਦੇ ਕਰੀਬ ਆਗੂਆਂ ਦੀ ਮੀਟਿੰਗ ਹੋਈ, ਉਨ੍ਹਾਂ ਦੱਸਿਆ ਕਿ ਦੋ ਘੰਟੇ ਚੱਲੀ ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਬੌਣੇ ਬੂਟੇ ਦੇ ਮੁਆਵਜ਼ੇ ਸਬੰਧੀ ਕੈਬਨਿਟ ਮੰਤਰੀ ਡਾ. ਬਲਬੀਰ ਨਾਲ 8 ਤਾਰੀਖ ਦੀ ਮੀਟਿੰਗ ਤੈਅ ਕਰਵਾਈ ਗਈ।

ਇਸ ਤੋਂ ਇਲਾਵਾ ਪਿੰਡ ਰੀਠ ਖੇੜੀ ਤੇ ਨੰਦਪੁਰ ਕੇਸ਼ੋ ਦੀ ਅੱਗ ਦੇ ਮਾਮਲੇ ਵਿੱਚ ਇੱਕ ਹਫ਼ਤੇ ਵਿੱਚ ਮਾਮਲਾ ਹੱਲ ਕਰਨ ਤੇ ਸਹਿਮਤੀ ਬਣੀ, ਬਿਠੋਈ ਕਲਾਂ ਪਿੰਡ ਦੀ ਜ਼ਮੀਨ ਦੇ ਮਾਮਲੇ ਦਾ ਹੱਲ ਕਰਨ ਲਈ ਕਮੇਟੀ ਦਾ ਗਠਨ ਕੀਤਾ ਜਾਵੇਗਾ ਤੇ ਹਾਂ ਪੱਖੀ ਹੁੰਗਾਰਾ ਦਿੱਤਾ। ਸ਼ਹੀਦ ਪਰਿਵਾਰਾਂ ਦੇ ਵਾਰਸਾਂ ਨੂੰ ਨੌਕਰੀਆਂ ਸੰਬੰਧੀ ਸਾਰੀਆਂ ਫਾਇਲਾਂ ਵੀਹ ਅਕਤੂਬਰ ਤੱਕ ਸਰਕਾਰ ਤੱਕ ਪੁਜਦੀਆਂ ਕੀਤੀਆਂ ਜਾਣਗੀਆਂ। ਜਥੇਬੰਦੀ ਦੇ ਜ਼ਿਲ੍ਹਾ ਵਿੱਤ ਸਕੱਤਰ ਜਗਮੇਲ ਸਿੰਘ ਗਾਜੇਵਾਸ ਨੇ ਦੱਸਿਆ ਕਿ ਮੀਟਿੰਗ ਦੌਰਾਨ ਕਿਸਾਨਾਂ ਤੇ ਵੱਖ-ਵੱਖ ਸੰਘਰਸ਼ਾਂ ਦੌਰਾਨ ਦਰਜ਼ ਕੀਤੇ ਕੇਸ ਰੱਦ ਕਰਨ ਬਾਰੇ ਵੀ ਭਰੋਸਾ ਦਿੱਤਾ ਗਿਆ। ਜਾਹਲਾਂ ਪਿੰਡ ਦੀ ਜ਼ਮੀਨ ਦੇ ਮਾਮਲੇ ਤੇ ਵੀ ਵਿਚਾਰ ਕੀਤਾ ਗਿਆ ਤੇ ਠੋਸ ਹੱਲ ਕਰਨ ਲਈ ਕਦਮ ਚੁੱਕਣ ਦੀ ਗੱਲ ਕਹੀ ਗਈ।

ਇਸ ਤੋਂ ਇਲਾਵਾ ਜ਼ਿਲ੍ਹੇ ਨਾਲ ਸਬੰਧਿਤ ਹੋਰ ਵੱਖ-ਵੱਖ ਮਸਲਿਆਂ ਤੇ ਚਰਚਾ ਹੋਈ ਤੇ ਸਹਿਮਤੀ ਬਣੀ। ਜ਼ਿਲ੍ਹਾ ਸੰਗਠਨ ਸਕੱਤਰ ਬਲਰਾਜ ਜੋਸ਼ੀ ਨੇ ਦੱਸਿਆ ਕਿ ਕੱਲ੍ਹ ਪੁਲਿਸ ਨਾਲ ਹੋਈ ਖਿੱਚ ਧੂਅ ਦੌਰਾਨ ਅਨੇਕਾਂ ਕਿਸਾਨਾਂ ਤੇ ਔਰਤਾਂ ਨੂੰ ਸੱਟਾਂ ਲੱਗੀਆਂ ਤੇ ਪਿੰਡ ਚੁਬਕੀ ਬਲਾਕ ਪਾਤੜਾਂ ਤੋਂ ਜਥੇਬੰਦੀ ਦੀ ਔਰਤ ਕਾਰਕੁਨ ਦਾ ਗਿੱਟਾ ਟੁੱਟ ਗਿਆ। ਇਸ ਸੰਬੰਧੀ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਂਦੀ ਹੈ ਕਿ ਔਰਤ ਕਾਰਕੁਨ ਦਾ ਇਲਾਜ ਕਰਵਾਇਆ ਜਾਵੇ। ਜ਼ਿਕਰਯੋਗ ਹੈ ਕਿ ਉਕਤ ਮਾਤਾ ਦਾ ਪਤੀ ਵੀ ਦਿੱਲੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋ ਗਿਆ ਸੀ।

ਮੀਟਿੰਗ ਜ਼ਿਲ੍ਹਾ ਆਗੂਆਂ ਤੋਂ ਇਲਾਵਾ ਅਵਤਾਰ ਸਿੰਘ ਬੁਰੜ, ਗੁਰਮੁਖ ਸਿੰਘ ਕਲਵਾਣੁ, ਭਰਪੂਰ ਸਿੰਘ ਗਾਜੇਵਾਸ, ਹਰਦੀਪ ਸਿੰਘ ਡਰੌਲੀ, ਬਲਜੀਤ ਸਿੰਘ ਕੁਲੇਮਾਜਰਾ, ਪ੍ਰੇਮ ਲਲੌਛੀ, ਅਵਤਾਰ ਸਿੰਘ ਫੱਗਣਮਾਜਰਾ, ਦਵਿੰਦਰ ਸਿੰਘ ਸੀਲ, ਹਰਮਨਦੀਪ ਸਿੰਘ ਨੰਦਪੁਰ ਕੇਸ਼ੋ ਆਦਿ ਆਗੂ ਮੀਟਿੰਗ ਵਿੱਚ ਸ਼ਾਮਲ ਸਨ। ਮੀਟਿੰਗ ਦੌਰਾਨ ਸਕੱਤਰੇਤ ਦੇ ਗੇਟ ਅੱਗੇ ਅਮਰੀਕ ਘੱਗਾ, ਗੁਰਵੀਰ ਸਿੰਘ ਨੰਦਪੁਰ ਕੇਸ਼ੋ, ਵਰਿੰਦਰ ਸਿੰਘ ਕਕਰਾਲਾ ਆਦਿ ਪੁਰਸ਼ ਆਗੂ ਤੇ ਔਰਤਾਂ ਸ਼ਾਮਲ ਸਨ।

 

Leave a Comment