ਭਗਵੰਤ ਮਾਨ ਦੀ ਨੰਗਲ ਰੈਲੀ ‘ਤੇ ਸੰਕਟ ਦੇ ਬੱਦਲ: 1158 ਸਹਾਇਕ ਪ੍ਰੋਫ਼ੈਸਰਾਂ ਨੇ AAP ਦੀ ‘ਝੂਠੀ ਕ੍ਰਾਂਤੀ’ ਦਾ ਭਾਂਡਾ ਭੰਨਣ ਦਾ ਕੀਤਾ ਐਲਾਨ
1158 ਭਰਤੀ ਮਾਮਲਾ: “ਸਰਕਾਰ ਦੀ ਨਾਕਾਮੀ ਕਾਰਨ ਉੱਜੜੇ ਘਰ”; ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸਹਾਇਕ ਪ੍ਰੋਫ਼ੈਸਰ ਸੜਕਾਂ ‘ਤੇ
ਰੁਜ਼ਗਾਰ ਬਚਾਉਣ ਲਈ 1158 ਸਹਾਇਕ ਪ੍ਰੋਫ਼ੈਸਰਾਂ ਨੇ ਵਿੱਢਿਆ ਮੋਰਚਾ; 31 ਮਾਰਚ ਨੂੰ ਸਿੱਖਿਆ ਮੰਤਰੀ ਦੇ ਹਲਕੇ ‘ਚ CM ਮਾਨ ਦਾ ਹੋਵੇਗਾ ਘਿਰਾਓ
Punjab Network
ਨੰਗਲ, 29 ਮਾਰਚ 2026:
ਆਪਣੇ ਰੁਜ਼ਗਾਰ ਨੂੰ ਬਚਾਉਣ ਲਈ ਲੰਬੇ ਸਮੇਂ ਤੋਂ ਜੱਦੋ-ਜਹਿਦ ਕਰ ਰਹੇ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ।
ਫ਼ਰੰਟ ਵੱਲੋਂ 31 ਮਾਰਚ 2026 ਨੂੰ ਨੰਗਲ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰੈਲੀ ਦਾ ਤਿੱਖਾ ਵਿਰੋਧ ਅਤੇ ਸੂਬਾ ਪੱਧਰੀ ਘਿਰਾਓ ਕੀਤਾ ਜਾਵੇਗਾ।
ਕੀ ਹੈ ਪੂਰਾ ਮਾਮਲਾ?
ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ 25 ਸਾਲਾਂ ਬਾਅਦ 2021 ਵਿੱਚ ਨਿੱਕਲੀ ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਸੁਪਰੀਮ ਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ ਹੈ।
ਫ਼ਰੰਟ ਦਾ ਦੋਸ਼ ਹੈ ਕਿ, ‘ਆਪ’ ਸਰਕਾਰ ਨੇ ਅਦਾਲਤ ਵਿੱਚ ਭਰਤੀ ਦੇ ਪੱਖ ਵਿੱਚ ਸਹੀ ਪੈਰਵਾਈ ਨਹੀਂ ਕੀਤੀ ਅਤੇ ਨਾ ਹੀ ਰੀਵਿਊ ਪਟੀਸ਼ਨ ਦਰੁਸਤ ਢੰਗ ਨਾਲ ਦਾਇਰ ਕੀਤੀ। ਇਸ ਫੈਸਲੇ ਨਾਲ 1158 ਉੱਚ-ਸਿੱਖਿਅਤ ਨੌਜਵਾਨਾਂ ਦਾ ਭਵਿੱਖ ਬਰਬਾਦ ਹੋ ਗਿਆ ਹੈ।
ਫ਼ਰੰਟ ਆਗੂਆਂ ਅਨੁਸਾਰ, ਸਰਕਾਰ ‘ਕਿਊਰੇਟਿਵ ਪਟੀਸ਼ਨ’ ਦਾਇਰ ਕਰਕੇ ਜਾਂ ਵਿਧਾਨ ਸਭਾ ਵਿੱਚ ਐਕਟ ਬਣਾ ਕੇ ਇਨ੍ਹਾਂ ਨੌਕਰੀਆਂ ਨੂੰ ਬਚਾ ਸਕਦੀ ਹੈ।
ਫ਼ਰੰਟ ਆਗੂ ਜਸਵਿੰਦਰ ਕੌਰ ਅਤੇ ਡਾ. ਪਰਮਜੀਤ ਸਿੰਘ ਨੇ ਕਿਹਾ ਕਿ ਉਹ ਮੈਰਿਟ ਦੇ ਆਧਾਰ ‘ਤੇ ਚੁਣੇ ਹੋਏ ਪੀ.ਐਚ.ਡੀ. ਹੋਲਡਰ ਨੌਜਵਾਨ ਹਨ।
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨਿੱਜੀ ਯੂਨੀਵਰਸਿਟੀਆਂ ਦੇ ਦਬਾਅ ਹੇਠ ਸਰਕਾਰੀ ਕਾਲਜਾਂ ਨੂੰ ਉਜਾੜ ਰਹੀ ਹੈ। ਨਵੀਂ ਭਰਤੀ ਦਾ ‘ਨਾਦਰਸ਼ਾਹੀ ਫਰਮਾਨ’ ਰੱਦ ਕਰਕੇ ਪੁਰਾਣੀ ਭਰਤੀ ਨੂੰ ਹੀ ਸਥਾਈ ਕੀਤਾ ਜਾਵੇ।
ਸਿੱਖਿਆ ਮੰਤਰੀ ‘ਤੇ ਦੋਸ਼ ਲਾਇਆ ਗਿਆ ਕਿ ਉਨ੍ਹਾਂ ਨੇ ਪ੍ਰੋਫ਼ੈਸਰਾਂ ਦੀਆਂ ਮੈਡੀਕਲ ਅਤੇ ਜੱਚਾ-ਬੱਚਾ ਛੁੱਟੀਆਂ ਤੱਕ ਬੰਦ ਕਰ ਦਿੱਤੀਆਂ ਹਨ।
ਇੱਕ ਸਾਥੀ ਦੀ ਖੁਦਕੁਸ਼ੀ ਦਾ ਗ਼ਮ
ਆਗੂਆਂ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਇਸ ਮਾਨਸਿਕ ਪੀੜਾ ਕਾਰਨ ਉਨ੍ਹਾਂ ਦੀ ਇੱਕ ਸਾਥੀ ਪ੍ਰੋਫ਼ੈਸਰ ਬਲਵਿੰਦਰ ਕੌਰ ਪਹਿਲਾਂ ਹੀ ਖੁਦਕੁਸ਼ੀ ਕਰ ਚੁੱਕੀ ਹੈ। ਕਈ ਹੋਰ ਸਾਥੀ ਵੀ ਗੰਭੀਰ ਮਾਨਸਿਕ ਤਣਾਅ ਵਿੱਚ ਹਨ।
ਜੇਕਰ ਸਰਕਾਰ ਨੇ 31 ਮਾਰਚ ਤੱਕ ਕੋਈ ਠੋਸ ਹੱਲ ਨਾ ਕੱਢਿਆ, ਤਾਂ ਪੂਰੇ ਪੰਜਾਬ ਵਿੱਚ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਪ੍ਰੋਗਰਾਮਾਂ ਦਾ ਵਿਰੋਧ ਜਾਰੀ ਰਹੇਗਾ।






