ਡਿਫ਼ੈਂਸ ਬੰਨ੍ਹ ਦਾ ਮਸਲਾ ਗਰਮਾਇਆ: ਕਿਸਾਨਾਂ ਦੇ ਮੋਰਚੇ ‘ਚ ਪਹੁੰਚੇ ਸਾਬਕਾ ਮੰਤਰੀ ਜਿਆਣੀ; ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੀਟਿੰਗ ਦਾ ਦਿੱਤਾ ਭਰੋਸਾ

On: ਜੂਨ 15, 2026 8:41 ਬਾਃ ਦੁਃ

 

ਡਿਫ਼ੈਂਸ ਬੰਨ੍ਹ ਦਾ ਮਸਲਾ ਗਰਮਾਇਆ: ਕਿਸਾਨਾਂ ਦੇ ਮੋਰਚੇ ‘ਚ ਪਹੁੰਚੇ ਸਾਬਕਾ ਮੰਤਰੀ ਜਿਆਣੀ; ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੀਟਿੰਗ ਦਾ ਦਿੱਤਾ ਭਰੋਸਾ

ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਨੂਰਸ਼ਾਹ ਵਿਖੇ 245 ਫੁੱਟ ਚੌੜੇ ਬੰਨ੍ਹ ਖ਼ਿਲਾਫ਼ ਕਿਸਾਨਾਂ ਦਾ ਦਿਨ-ਰਾਤ ਦਾ ਪੱਕਾ ਮੋਰਚਾ ਜਾਰੀ।

ਭਾਜਪਾ ਦੇ ਸੀਨੀਅਰ ਆਗੂ ਜਿਆਣੀ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਦੱਸਿਆ ਜਾਇਜ਼; ਦਿੱਲੀ ‘ਚ ਮੀਟਿੰਗ ਕਰਵਾਉਣ ਦਾ ਕੀਤਾ ਵਾਅਦਾ।

ਕਿਸਾਨ ਆਗੂਆਂ ਦਾ ਵੱਡਾ ਐਲਾਨ- “ਜਦੋਂ ਤੱਕ ਬੰਨ੍ਹ ਦਾ ਕੰਮ ਪੱਕੇ ਤੌਰ ‘ਤੇ ਬੰਦ ਨਹੀਂ ਹੁੰਦਾ, ਧਰਨਾ ਰਹੇਗਾ ਜਾਰੀ।”

ਫ਼ਾਜ਼ਿਲਕਾ, 15 ਜੂਨ 2026-

ਜ਼ਿਲ੍ਹਾ ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਨੂਰਸ਼ਾਹ ਵਿਖੇ 245 ਫੁੱਟ ਚੌੜੇ ਡਿਫ਼ੈਂਸ ਬੰਨ੍ਹ ਦੇ ਨਿਰਮਾਣ ਖ਼ਿਲਾਫ਼ ਗੁਰਦੁਆਰਾ ਚੜ੍ਹਦੀ ਕਲਾ ਸਾਹਿਬ ਵਿਖੇ ਲੱਗੇ ਕਿਸਾਨਾਂ ਦੇ ਪੱਕੇ ਮੋਰਚੇ ਵਿੱਚ ਅੱਜ ਉਸ ਸਮੇਂ ਵੱਡੀ ਸਿਆਸੀ ਹਲਚਲ ਦੇਖਣ ਨੂੰ ਮਿਲੀ, ਜਦੋਂ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਵਿਸ਼ੇਸ਼ ਤੌਰ ‘ਤੇ ਕਿਸਾਨਾਂ ਦੇ ਹੱਕ ਵਿੱਚ ਧਰਨੇ ‘ਤੇ ਪਹੁੰਚੇ। ਸੁਰਜੀਤ ਕੁਮਾਰ ਜਿਆਣੀ ਦੇ ਮੋਰਚੇ ਵਿੱਚ ਪਹੁੰਚਣ ਨਾਲ ਇਸ ਸਰਹੱਦੀ ਮਸਲੇ ਨੇ ਹੁਣ ਹੋਰ ਵੱਡਾ ਰੂਪ ਅਖ਼ਤਿਆਰ ਕਰ ਲਿਆ ਹੈ।

ਮੋਰਚੇ ਵਿੱਚ ਇਕੱਠੇ ਹੋਏ ਸੈਂਕੜੇ ਬਾਰਡਰ ਖੇਤਰ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਮੰਚ ਤੋਂ ਕਿਸਾਨਾਂ ਦੀਆਂ ਮੰਗਾਂ ਨੂੰ ਬਿਲਕੁਲ ਜਾਇਜ਼ ਦੱਸਿਆ। ਉਨ੍ਹਾਂ ਕਿਸਾਨਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਉਹ ਇਸ ਗੰਭੀਰ ਮਸਲੇ ਦੇ ਸਥਾਈ ਹੱਲ ਲਈ ਬਹੁਤ ਜਲਦ ਕਿਸਾਨ ਆਗੂਆਂ ਦੀ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਦਿੱਲੀ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕਰਵਾਉਣਗੇ।

ਜਿਆਣੀ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਕੋਲ ਪਹੁੰਚ ਕਰਕੇ ਇਸ ਬੰਨ੍ਹ ਦੇ ਨਿਰਮਾਣ ਨੂੰ ਰੁਕਵਾਉਣ ਦੀ ਕੋਸ਼ਿਸ਼ ਕਰਨਗੇ ਤਾਂ ਜੋ ਸਰਹੱਦੀ ਖੇਤਰ ਦੇ ਕਿਸਾਨਾਂ ਦੇ ਹੋਣ ਵਾਲੇ ਵੱਡੇ ਨੁਕਸਾਨ ਨੂੰ ਹਰ ਹਾਲ ਬਚਾਇਆ ਜਾ ਸਕੇ।

ਦੂਜੇ ਪਾਸੇ, ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਨੇ ਸਾਫ਼ ਸ਼ਬਦਾਂ ਵਿੱਚ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਡਿਫ਼ੈਂਸ ਬੰਨ੍ਹ ਦਾ ਕੰਮ ਪੱਕੇ ਤੌਰ ‘ਤੇ ਬੰਦ ਨਹੀਂ ਹੁੰਦਾ ਅਤੇ ਕਿਸਾਨਾਂ ਦੇ ਹੱਕ ਵਿੱਚ ਕੋਈ ਠੋਸ ਪ੍ਰਸ਼ਾਸਨਿਕ ਜਾਂ ਸਿਆਸੀ ਹੱਲ ਨਹੀਂ ਨਿਕਲਦਾ, ਉਦੋਂ ਤੱਕ ਗੁਰਦੁਆਰਾ ਚੜ੍ਹਦੀ ਕਲਾ ਸਾਹਿਬ ਵਿਖੇ ਲੱਗਿਆ ਇਹ ਦਿਨ-ਰਾਤ ਦਾ ਪੱਕਾ ਮੋਰਚਾ ਬਿਲਕੁਲ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗਾ ਅਤੇ ਕਿਸਾਨ ਕਿਸੇ ਵੀ ਕੀਮਤ ‘ਤੇ ਪਿੱਛੇ ਨਹੀਂ ਹਟਣਗੇ।

 

Join WhatsApp

Join Now

Leave a Comment