1,000 ਤੋਂ ਵੱਧ ਅਫ਼ਵਾਹਾਂ ਫੈਲਾਉਣ ਵਾਲਾ ਸਾਬਕਾ ਪ੍ਰੋਫੈਸਰ ਗ੍ਰਿਫ਼ਤਾਰ
ਨਵੀਂ ਦਿੱਲੀ, 1 ਅਪ੍ਰੈਲ 2026:
ਬੁੱਧਵਾਰ ਨੂੰ ਦਿੱਲੀ ਮੇਅਰ ਦੇ ਦਫ਼ਤਰ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ।
ਅਧਿਕਾਰੀਆਂ ਅਨੁਸਾਰ ਇਹ ਧਮਕੀ ਮੇਅਰ ਦੀ ਸਰਕਾਰੀ ਈ-ਮੇਲ ਆਈਡੀ ‘ਤੇ ਭੇਜੀ ਗਈ ਸੀ, ਜਿਸ ਤੋਂ ਤੁਰੰਤ ਬਾਅਦ ਬੰਬ ਨਿਰੋਧਕ ਦਸਤਾ (Bomb Disposal Squad) ਮੌਕੇ ‘ਤੇ ਪਹੁੰਚ ਗਿਆ।
ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ 47 ਸਾਲਾ ਸ੍ਰੀਨਿਵਾਸ ਲੁਈਸ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ ਅਦਾਲਤ ਨੇ 6 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਦੋਸ਼ੀ ‘ਤੇ ਦੇਸ਼ ਭਰ ਦੇ ਸਰਕਾਰੀ ਦਫ਼ਤਰਾਂ, ਹਾਈ ਕੋਰਟਾਂ ਅਤੇ ਹੋਰ ਸੰਸਥਾਵਾਂ ਨੂੰ 1,000 ਤੋਂ ਵੱਧ ਝੂਠੀਆਂ (hoax) ਧਮਕੀਆਂ ਭੇਜਣ ਦੇ ਇਲਜ਼ਾਮ ਹਨ।
ਪੁਲਿਸ ਅਨੁਸਾਰ ਦੋਸ਼ੀ ਦੇ ਨਿਸ਼ਾਨੇ ‘ਤੇ ਨਾ ਸਿਰਫ਼ ਵੱਖ-ਵੱਖ ਸ਼ਹਿਰਾਂ ਦੀਆਂ ਅਦਾਲਤਾਂ ਸਨ, ਸਗੋਂ ਉਹ ਸੁਪਰੀਮ ਕੋਰਟ ਨੂੰ ਵੀ ਧਮਕੀਆਂ ਭੇਜ ਰਿਹਾ ਸੀ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ੍ਰੀਨਿਵਾਸ ਲੁਈਸ ਕੋਈ ਸਾਧਾਰਨ ਵਿਅਕਤੀ ਨਹੀਂ, ਸਗੋਂ ਨੈੱਟ (NET) ਕੁਆਲੀਫਾਈਡ ਹੈ ਅਤੇ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰ ਚੁੱਕਾ ਹੈ।
ਕਰਨਾਟਕ ਦੇ ਮੈਸੂਰ ਵਿੱਚ ਉਸ ਦਾ ਇੱਕ ਜ਼ਮੀਨੀ ਵਿਵਾਦ ਚੱਲ ਰਿਹਾ ਸੀ, ਜਿਸ ਵਿੱਚ ਉਸ ਦੇ ਪਿਤਾ ਨੂੰ ਹਿੱਸਾ ਨਹੀਂ ਮਿਲ ਰਿਹਾ ਸੀ।
ਇਨਸਾਫ਼ ਨਾ ਮਿਲਣ ਕਾਰਨ ਉਹ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦਾ ਸੀ ਅਤੇ ਅਦਾਲਤੀ ਪ੍ਰਣਾਲੀ ਤੋਂ ਕਾਫੀ ਨਾਰਾਜ਼ ਸੀ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਆਪਣੇ ਫ਼ੋਨ ਰਾਹੀਂ ਇਹ ਮੈਸੇਜ ਅਤੇ ਮੇਲ ਭੇਜਦਾ ਸੀ। ਉਹ ਆਪਣਾ ਆਈਪੀ (IP) ਐਡਰੈੱਸ ਲੁਕਾਉਣ (masking) ਵਿੱਚ ਮਾਹਰ ਸੀ ਤਾਂ ਜੋ ਪੁਲਿਸ ਦੀ ਪਕੜ ਵਿੱਚ ਨਾ ਆ ਸਕੇ।
ਦੋਸ਼ੀ ਨੇ ਭਾਰਤ ਦੇ ਕਈ ਸ਼ਹਿਰਾਂ ਤੋਂ ਇਲਾਵਾ ਪਾਕਿਸਤਾਨ ਦੇ ਕੁਝ ਸ਼ਹਿਰਾਂ ਵਿੱਚ ਵੀ ਧਮਕੀ ਭਰੀਆਂ ਮੇਲਾਂ ਭੇਜੀਆਂ ਸਨ। ਫੜੇ ਜਾਣ ਦੇ ਡਰੋਂ ਉਹ ਲਗਾਤਾਰ ਆਪਣਾ ਪਤਾ ਬਦਲਦਾ ਰਹਿੰਦਾ ਸੀ।
ਫਿਲਹਾਲ ਪੁਲਿਸ ਦੀ ਇੱਕ ਟੀਮ ਵਾਰਦਾਤ ਵਿੱਚ ਵਰਤਿਆ ਗਿਆ ਡਿਵਾਈਸ ਬਰਾਮਦ ਕਰਨ ਲਈ ਮੈਸੂਰ ਰਵਾਨਾ ਹੋ ਗਈ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।






