Delhi Pollution: ‘ਪੰਜਾਬ ਦਾ ਧੂੰਆਂ ਇੰਨਾ ਸਿਆਣਾ ਕਿ ਸਿਰਫ਼ ਪੰਜਾਬੀ ਬਾਗ ਜਾ ਕੇ ਹੀ ਖੜ੍ਹ ਜਾਂਦਾ ਹੈ?’: ਪ੍ਰਦੂਸ਼ਣ ਦੇ ਮੁੱਦੇ ‘ਤੇ CM ਮਾਨ ਨੇ ਘੇਰੀ ਭਾਜਪਾ ਸਰਕਾਰ
ਪਰਾਲੀ ਤੇ ਝੋਨੇ ਦੀ ਖ਼ਰੀਦ ਨੂੰ ਲੈ ਕੇ ਭਗਵੰਤ ਮਾਨ ਨੇ CM ਨਾਇਬ ਸਿੰਘ ਸੈਣੀ ਅਤੇ ਮਨਜਿੰਦਰ ਸਿੰਘ ਸਿਰਸਾ ‘ਤੇ ਸਾਧੇ ਨਿਸ਼ਾਨੇ, ਪ੍ਰਧਾਨ ਮੰਤਰੀ ਨੂੰ ਕੀਤੀ ਇਹ ਖ਼ਾਸ ਅਪੀਲ
Punjab Network
ਚੰਡੀਗੜ੍ਹ, 13 ਨਵੰਬਰ 2026: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਸਿਆਸਤ ਲਗਾਤਾਰ ਭਖਦੀ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ (BJP) ਦੇ ਆਗੂਆਂ ਵੱਲੋਂ ਦਿੱਲੀ ਦੀ ਖ਼ਰਾਬ ਹੋ ਰਹੀ ਆਬੋ-ਹਵਾ ਲਈ ਪੰਜਾਬ ਦੇ ਕਿਸਾਨਾਂ ਅਤੇ ਪਰਾਲੀ ਸਾੜਨ (Delhi Pollution) ਨੂੰ ਜ਼ਿੰਮੇਵਾਰ ਠਹਿਰਾਏ ਜਾਣ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਭਾਜਪਾ ਦੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਹ ਸਭ ਪੰਜਾਬ ਅਤੇ ਇੱਥੋਂ ਦੇ ਮਿਹਨਤੀ ਕਿਸਾਨਾਂ ਨੂੰ ਜਾਣਬੁੱਝ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹਨ।
ਪ੍ਰਦੂਸ਼ਣ ਦੇ ਮੁੱਦੇ ‘ਤੇ ਤਕਨੀਕੀ ਅਤੇ ਭੂਗੋਲਿਕ ਪੱਖ ਰੱਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਅੰਗਮਈ ਲਹਿਜੇ ਵਿੱਚ ਕਿਹਾ ਕਿ ਪੰਜਾਬ ਤੋਂ ਦਿੱਲੀ ਤੱਕ ਧੂੰਆਂ ਪਹੁੰਚਣ ਲਈ ਘੱਟੋ-ਘੱਟ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚੱਲਣੀ ਜ਼ਰੂਰੀ ਹੈ, ਜਿਸ ਨੂੰ ਪਹੁੰਚਣ ਲਈ ਤਿੰਨ ਦਿਨ ਲੱਗਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਹਵਾ ਕਦੇ ਵੀ ਉੱਤਰ ਤੋਂ ਪੱਛਮ ਵੱਲ ਨਹੀਂ ਚੱਲਦੀ, ਸਗੋਂ ਇਹ ਪੂਰਬ ਤੋਂ ਪੱਛਮ ਜਾਂ ਪੱਛਮ ਤੋਂ ਪੂਰਬ ਵੱਲ ਵਗਦੀ ਹੈ।
ਭਾਜਪਾ ਮੰਤਰੀ ਮਨਜਿੰਦਰ ਸਿੰਘ ਸਿਰਸਾ ‘ਤੇ ਨਿਸ਼ਾਨਾ ਸਾਧਦਿਆਂ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਹਾਲੇ ਝੋਨੇ ਦੀ ਵਾਢੀ ਸ਼ੁਰੂ ਵੀ ਨਹੀਂ ਹੋਈ ਸੀ ਕਿ ਸਿਰਸਾ ਦਾ ਬਿਆਨ ਆ ਗਿਆ ਕਿ ਪੰਜਾਬ ਦਾ ਧੂੰਆਂ ਦਿੱਲੀ ਪਹੁੰਚ ਗਿਆ ਹੈ। ਉਨ੍ਹਾਂ ਚੁਟਕੀ ਲੈਂਦਿਆਂ ਕਿਹਾ, “ਕੀ ਪੰਜਾਬ ਦਾ ਧੂੰਆਂ ਇੰਨਾ ਸਿਆਣਾ ਹੈ ਕਿ ਉਹ ਸਿੱਧਾ ਦਿੱਲੀ ਦੇ ਪੰਜਾਬੀ ਬਾਗ ਜਾ ਕੇ ਹੀ ਰੁਕ ਜਾਂਦਾ ਹੈ ਅਤੇ ਉਸ ਤੋਂ ਅੱਗੇ ਆਗਰਾ ਜਾਂ ਹੋਰ ਇਲਾਕਿਆਂ ਵੱਲ ਨਹੀਂ ਜਾਂਦਾ?”
ਮੁੱਖ ਮੰਤਰੀ ਨੇ ਅੱਗੇ ਸਵਾਲ ਚੁੱਕਦਿਆਂ ਕਿਹਾ ਕਿ ਦਿੱਲੀ ਦੇ ਆਲੇ-ਦੁਆਲੇ ਗਾਜ਼ੀਆਬਾਦ, ਫਰੀਦਾਬਾਦ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਹਰਿਆਣਾ ਦੀਆਂ ਹੱਦਾਂ ਲੱਗਦੀਆਂ ਹਨ, ਜਿੱਥੇ ਵੱਡੇ ਪੱਧਰ ‘ਤੇ ਝੋਨੇ ਦੀ ਖੇਤੀ ਹੁੰਦੀ ਹੈ, ਪਰ ਨਿਸ਼ਾਨਾ ਸਿਰਫ਼ ਪੰਜਾਬ ਨੂੰ ਹੀ ਬਣਾਇਆ ਜਾਂਦਾ ਹੈ। ਹਰਿਆਣਾ ਸਰਕਾਰ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਆਗੂ ਸਾਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੋਂ ਐਮਐਸਪੀ (ਘੱਟੋ-ਘੱਟ ਸਮਰਥਨ ਮੁੱਲ) ਬਾਰੇ ਸਿੱਖਣ ਦੀ ਨਸੀਹਤ ਦਿੰਦੇ ਹਨ।
ਪਰ ਅਸਲੀਅਤ ਇਹ ਹੈ ਕਿ ਹਰਿਆਣਾ ਦੀਆਂ ਮੰਡੀਆਂ ਵਿੱਚ ਕਿਸਾਨਾਂ ਦਾ ਝੋਨਾ ਰੁਲ ਰਿਹਾ ਹੈ। ਇਸ ਦੇ ਉਲਟ ਪੰਜਾਬ ਸਰਕਾਰ ਨੇ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਦਾ ਆਪਣਾ ਟੀਚਾ ਪੂਰਾ ਕਰ ਲਿਆ ਹੈ ਅਤੇ ਵਧੀਆ ਝਾੜ ਕਾਰਨ ਇਹ ਖ਼ਰੀਦ 200 ਲੱਖ ਮੀਟ੍ਰਿਕ ਟਨ ਤੋਂ ਵੀ ਪਾਰ ਜਾਵੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਕਿਸਾਨਾਂ ਦਾ ਇੱਕ-ਇੱਕ ਦਾਣਾ ਖ਼ਰੀਦੇਗੀ।
ਪ੍ਰਦੂਸ਼ਣ ਦੀ ਸਮੱਸਿਆ ਦੇ ਸਥਾਈ ਹੱਲ ਲਈ ਮੁੱਖ ਮੰਤਰੀ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਪੂਰੀ ਦੁਨੀਆ ਦੇ ਵੱਡੇ-ਵੱਡੇ ਮਸਲੇ ਅਤੇ ਸਮਝੌਤੇ ਹੱਲ ਕਰਵਾ ਸਕਦੇ ਹਨ, ਤਾਂ ਉਨ੍ਹਾਂ ਨੂੰ ਉੱਤਰੀ ਭਾਰਤ ਦੇ ਇਸ ਗੰਭੀਰ ਸੰਕਟ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਤੋਂ 102 ਲੱਖ ਮੀਟ੍ਰਿਕ ਟਨ ਚੌਲ ਲੈਂਦੀ ਹੈ, ਤਾਂ ਜ਼ਾਹਿਰ ਹੈ ਕਿ ਪਰਾਲੀ ਵੀ ਪੈਦਾ ਹੋਵੇਗੀ। ਇਸ ਲਈ ਕੇਂਦਰ ਨੂੰ ਸਿਰਫ਼ ਕਾਗਜ਼ੀ ਕਾਰਵਾਈਆਂ ਕਰਨ ਦੀ ਬਜਾਏ ਉੱਤਰੀ ਭਾਰਤ ਦੇ ਚਾਰ-ਪੰਜ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਇਕੱਠੇ ਬਿਠਾ ਕੇ ਇਸ ਸਾਂਝੀ ਸਮੱਸਿਆ ਦਾ ਕੋਈ ਠੋਸ ਅਤੇ ਸਥਾਈ ਹੱਲ ਕੱਢਣਾ ਚਾਹੀਦਾ ਹੈ।
















