AAP ਸਰਕਾਰ ਨੇ ਪੰਜਾਬ ਦੀ ਜਵਾਨੀ ਦਾ ਕੀਤਾ ਸਭ ਤੋਂ ਵੱਡਾ ਘਾਣ, ਨਸ਼ੇ ਅਤੇ ਗੈਂਗਸਟਰਵਾਦ ਕਾਰਨ ਘਰ-ਘਰ ਉੱਜੜੇ: ਕੇਵਲ ਢਿੱਲੋਂ
ਅਮਿਤ ਸ਼ਾਹ ਦੀ ਹਾਜ਼ਰੀ ‘ਚ ਭਾਜਪਾ ਆਗੂਆਂ ਦਾ ‘ਆਪ’ ‘ਤੇ ਵੱਡਾ ਹਮਲਾ: ਝੂਠੀਆਂ ਗਾਰੰਟੀਆਂ ਨਾਲ ਨਹੀਂ, ਨਸ਼ਾ ਜੜ੍ਹ ਤੋਂ ਪੁੱਟਣ ਨਾਲ ਖ਼ਤਮ ਹੋਵੇਗਾ
“ਪੰਜਾਬ ਨੂੰ ਸਿਆਸੀ ਡਰਾਮੇਬਾਜ਼ੀ ਨਹੀਂ, ਕੰਮ ਚਾਹੀਦਾ”: AAP ਦੇ ਸਾਢੇ ਚਾਰ ਸਾਲਾਂ ‘ਚ 100 ਗੁਣਾ ਵਧਿਆ ਨਸ਼ਾ: ਕੇਵਲ ਢਿੱਲੋਂ
ਫ਼ਰੀਦਕੋਟ ‘ਚ ‘ਮਕਾਨ ਵਿਕਾਊ ਹਨ’ ਦੇ ਲੱਗੇ ਬੋਰਡ; ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਅਸਫ਼ਲ: ਭਾਜਪਾ
ਚੰਡੀਗੜ੍ਹ, 30 ਸਤੰਬਰ 2026- ਭਾਰਤੀ ਜਨਤਾ ਪਾਰਟੀ (BJP) ਦੇ ਆਗੂ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ (AAP) ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧਦਿਆਂ ਦੋਸ਼ ਲਗਾਇਆ ਹੈ ਕਿ ਸੂਬੇ ਵਿੱਚ ਨਸ਼ੇ, ਗੈਂਗਸਟਰਵਾਦ ਅਤੇ ਬੇਰੋਜ਼ਗਾਰੀ ਕਾਰਨ ਹਰ ਪਾਸੇ ਤਬਾਹੀ ਦਾ ਮੰਜਰ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਰੀ ਵਾਲੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਵਲ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਪੀੜਤ ਪਰਿਵਾਰਾਂ ਦਾ ਦਰਦ ਘਰ-ਘਰ ਦੀ ਕਹਾਣੀ ਬਣ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖ਼ੁਦ ਪੀੜਤ ਮਾਵਾਂ-ਭੈਣਾਂ ਦੇ ਦੁੱਖ-ਦਰਦ ਅਤੇ ਅੱਖਾਂ ਦੇ ਹੰਝੂ ਸੁਣੇ ਹਨ, ਜਿਸ ਨਾਲ ਲੋਕਾਂ ਦੇ ਦਿਲਾਂ ਵਿੱਚ ਭਾਜਪਾ ਸਰਕਾਰ ਤੋਂ ਇੱਕ ਨਵੀਂ ਆਸ ਜਾਗੀ ਹੈ। ਕੇਵਲ ਢਿੱਲੋਂ ਨੇ ਕਿਹਾ ਕਿ ਮੋਗਾ ਵਿਖੇ ਵੀ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਣ ‘ਤੇ ਹੀ ਪੰਜਾਬ ਵਿੱਚੋਂ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕਦਾ ਹੈ। ਸੂਬੇ ਵਿੱਚ ਨਸ਼ੇ ਦੇ ਦਰਦਨਾਕ ਹਾਲਾਤ ਬਿਆਨ ਕਰਦਿਆਂ ਉਨ੍ਹਾਂ ਦੱਸਿਆ ਕਿ ਜਗਰਾਉਂ ਦੀ ਛਿੰਦੋ ਨਾਂ ਦੀ ਬੇਟੀ/ਭੈਣ ਦੇ 6 ਪੁੱਤ ਨਸ਼ੇ ਦੀ ਭੇਂਟ ਚੜ੍ਹ ਚੁੱਕੇ ਹਨ, ਜਦਕਿ ਸੁਲਤਾਨਪੁਰ ਲੋਧੀ ਵਿਖੇ ਇੱਕੋ ਮਾਂ ਦੇ 5 ਪੁੱਤ ਅਤੇ ਉਸ ਦਾ ਪਤੀ ਨਸ਼ੇ ਕਾਰਨ ਦੁਨੀਆ ਤੋਂ ਚਲੇ ਗਏ।
ਉਨ੍ਹਾਂ ਫ਼ਰੀਦਕੋਟ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉੱਥੇ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ‘ਮਕਾਨ ਵਿਕਾਊ ਹੈ’ ਦੇ ਬੋਰਡ ਲਗਾ ਦਿੱਤੇ ਹਨ। ਜਦੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਲੋਕਾਂ ਨੇ ਦੱਸਿਆ ਕਿ ਇਲਾਕੇ ਵਿੱਚ ਸ਼ਰੇਆਮ ਘਰ-ਘਰ ਨਸ਼ਾ ਵਿਕ ਰਿਹਾ ਹੈ ਅਤੇ ਕੋਈ ਵੀ ਮਾਪੇ ਆਪਣੇ ਬੱਚਿਆਂ ਨੂੰ ਨਸ਼ੇੜੀ ਬਣਦੇ ਨਹੀਂ ਦੇਖ ਸਕਦੇ। ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਕਾਰਨ ਅੱਜ ਲੋਕ ਆਪਣੇ ਹੀ ਘਰਾਂ ਤੋਂ ਬੇਘਰ ਹੋਣ ਲਈ ਮਜ਼ਬੂਰ ਹੋ ਰਹੇ ਹਨ। ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੌਜੂਦਾ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਲ 2022 ਵਿੱਚ ਤਿੰਨ ਮਹੀਨਿਆਂ ਦੇ ਅੰਦਰ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਅਦ ਵੀ ਨਸ਼ਾ ਖ਼ਤਮ ਹੋਣ ਦੀ ਬਜਾਏ 100 ਗੁਣਾ ਜ਼ਿਆਦਾ ਵਧ ਗਿਆ ਹੈ।
ਉਨ੍ਹਾਂ ਕਿਹਾ, “ਸਾਡਾ ‘ਆਪ’ ਨਾਲ ਕੋਈ ਵਿਅਕਤੀਗਤ ਸਿਆਸੀ ਵਿਰੋਧ ਨਹੀਂ ਹੈ, ਪਰ ਪੰਜਾਬ ਦੀ ਜਵਾਨੀ ਦਾ ਸਭ ਤੋਂ ਵੱਡਾ ਘਾਣ ਆਮ ਆਦਮੀ ਪਾਰਟੀ ਨੇ ਕੀਤਾ ਹੈ, ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਮਾਫ਼ ਨਹੀਂ ਕਰਨਗੇ।” ਉਨ੍ਹਾਂ ਅੱਗੇ ਕਿਹਾ ਕਿ ਅੱਜ ਪੰਜਾਬ ਦੀ ਸਮੱਸਿਆ ਸਿਰਫ਼ ਨਸ਼ਾ ਹੀ ਨਹੀਂ, ਸਗੋਂ ਵਿਗੜ ਰਹੀ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਫ਼ਰੋਤੀਆਂ, ਕਰਜ਼ਾ ਅਤੇ ਬੇਰੋਜ਼ਗਾਰੀ ਵਰਗੇ ਗੰਭੀਰ ਮੁੱਦੇ ਵੀ ਚਿੰਤਾ ਦਾ ਕਾਰਨ ਹਨ। ਸੂਬੇ ਦਾ ਕਿਸਾਨ ਦੁਖੀ ਹੈ, ਨੌਜਵਾਨ ਚਿੰਤਤ ਹਨ ਅਤੇ ਆਪਣੇ ਹੱਕ ਮੰਗ ਰਹੇ ਮੁਲਾਜ਼ਮਾਂ ‘ਤੇ ਸੜਕਾਂ ‘ਤੇ ਡੰਡੇ ਵਰ੍ਹਾਏ ਜਾ ਰਹੇ ਹਨ।
ਭਾਜਪਾ ਆਗੂ ਨੇ ਇੱਕ ਦਰਦਨਾਕ ਘਟਨਾ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਨਸ਼ੇ ਤੋਂ ਦੁਖੀ ਇੱਕ ਵਿਅਕਤੀ, ਜਿਸ ਦਾ ਪੁੱਤ ਚਿੱਟੇ ਦਾ ਆਦੀ ਸੀ ਅਤੇ ਜਿਸ ਦੇ ਘਰ ਦਾ ਸਾਮਾਨ, ਭਾਂਡੇ ਤੇ ਦਾਣਿਆਂ ਦੀਆਂ ਬੋਰੀਆਂ ਤੱਕ ਵਿਕ ਗਈਆਂ ਸਨ, ਨੇ ਜਦੋਂ ਮੰਤਰੀ ਤੋਂ ਸਵਾਲ ਪੁੱਛਿਆ ਤਾਂ ਸਰਕਾਰ ਵੱਲੋਂ ਉਸ ਨੂੰ ਬਰਬਾਦ ਕੀਤਾ ਗਿਆ। ਜਦੋਂ ਭਾਜਪਾ ਟੀਮ ਉਸ ਦਾ ਹਾਲ-ਚਾਲ ਪੁੱਛਣ ਗਈ ਤਾਂ ਉਨ੍ਹਾਂ ਨੂੰ ਵੀ ਘੇਰਿਆ ਗਿਆ।
















