ਸਿੱਖਿਆ ਵਿਭਾਗ ਹੈਡ ਟੀਚਰ ਦੀ ਪੋਸਟ ਨੂੰ ਐਲਾਨੇ “ਪ੍ਰਬੰਧਕੀ ਪੋਸਟ”! ਕਲਾਸ ਤੋਂ ਮਿਲੇ ਪੂਰੀ ਛੋਟ
ਚੰਡੀਗੜ੍ਹ, 28 ਅਗਸਤ 2026– ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਸਿੱਖਿਆ ਮੰਤਰੀ, ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਹੈਡ ਟੀਚਰ ਦੀ ਪੋਸਟ ਨੂੰ ਪ੍ਰਬੰਧਕੀ ਪੋਸਟ ਐਲਾਨਿਆ ਜਾਵੇ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਅਤੇ ਉਪ ਪ੍ਰਧਾਨ ਰਘਵਿੰਦਰ ਸਿੰਘ ਧੂਲਕਾ, ਅੰਮ੍ਰਿਤਸਰ ਨੇ ਕਿਹਾ ਕਿ ਪ੍ਰਾਇਮਰੀ ਸਕੂਲ ਦਾ ਹੈਡ ਟੀਚਰ ਅੱਠ ਕਲਾਸਾਂ ਦਾ ਮੁਖੀ ਹੁੰਦਾ ਹੈ। ਉਸ ਨੂੰ ਪੂਰੇ ਸਕੂਲ ਦਾ ਪ੍ਰਬੰਧ ਵੀ ਚਲਾਉਣਾ ਹੁੰਦਾ ਹੈ।
ਵੱਖ-ਵੱਖ ਗ੍ਰਾਂਟਾਂ, ਮਿਡ-ਡੇ-ਮੀਲ, ਸਕੂਲ ਦੀ ਸਾਫ਼-ਸਫ਼ਾਈ, ਵਾਤਾਵਰਨ ਦੀ ਸਾਂਭ-ਸੰਭਾਲ, ਬੱਚਿਆਂ ਦਾ ਦਾਖਲਾ, ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕਰਨੀ, ਮੀਟਿੰਗਾਂ ਕਰਨੀਆਂ, ਐਸ.ਐਮ.ਸੀ. ਕਮੇਟੀ ਨਾਲ ਮੀਟਿੰਗਾਂ ਕਰਨੀਆਂ, ਮਾਪੇ-ਅਧਿਆਪਕ ਮਿਲਣ ਕਰਵਾਉਣੀਆਂ ਅਤੇ ਹੋਰ ਬਹੁਤ ਸਾਰੇ ਕੰਮ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹੈਡ ਟੀਚਰ ਸਾਰਾ ਦਿਨ ਕਲਾਸ ਵਿੱਚ ਰਹੇਗਾ ਤਾਂ ਨਾ ਉਹ ਬੱਚਿਆਂ ਨਾਲ ਇਨਸਾਫ਼ ਕਰ ਸਕੇਗਾ ਤੇ ਨਾ ਹੀ ਉਹ ਆਪਣੇ ਕੰਮ ਨਾਲ ਇਨਸਾਫ਼ ਕਰ ਸਕੇਗਾ।
ਜਥੇਬੰਦੀ ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬਛੋਆਣਾ ਨੇ ਕਿਹਾ ਕਿ ਹੈਡ ਟੀਚਰ ਨੂੰ ਕਲਾਸ ਤੋਂ ਬਿਲਕੁਲ ਛੋਟ ਮਿਲੇ ਤਾਂ ਜੋ ਉਹ ਸਕੂਲ ਦੀ ਬੇਹਤਰੀ ਲਈ ਸਾਰੇ ਕੰਮ ਕਰ ਸਕੇ। ਉਨ੍ਹਾਂ ਕਿਹਾ ਕਿ ਹੈਡ ਟੀਚਰ ਬਹੁਤ ਲੰਮਾ ਸਮਾਂ ਪੜਾਉਣ ਤੋਂ ਬਾਅਦ ਹੀ ਪ੍ਰਮੋਟ ਹੁੰਦਾ ਹੈ, ਤਾਂ ਹੀ ਉਸ ਨੂੰ ਅੱਠ ਕਲਾਸਾਂ ਦਾ ਮੁਖੀ ਬਣਾਇਆ ਜਾਂਦਾ ਹੈ; ਜੇਕਰ ਉਸ ਨੂੰ ਪੜਾਉਣ ਤੱਕ ਹੀ ਸੀਮਤ ਰੱਖਣਾ ਹੈ ਤਾਂ ਫਿਰ ਹੈਡ ਟੀਚਰ ਦੀ ਤਰੱਕੀ ਦਾ ਕੀ ਮਤਲਬ ਹੈ?
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੈਡ ਟੀਚਰ ਦੀ ਪੋਸਟ ਨੂੰ ਪ੍ਰਬੰਧਕੀ ਪੋਸਟ ਕੀਤਾ ਜਾਵੇ ਤਾਂ ਜੋ ਸਕੂਲਾਂ ਵਿੱਚ ਹੋਰ ਸੁਧਾਰ ਹੋ ਸਕੇ। ਇਸ ਮਸਲੇ ਨੂੰ ਲੈ ਕੇ ਜਥੇਬੰਦੀ ਦੀ ਸਟੇਟ ਪੱਧਰੀ ਮੀਟਿੰਗ 10 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋਵੇਗੀ। ਇਸ ਤੋਂ ਬਾਅਦ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।
















