ਸਿੱਖਿਆ ਵਿਭਾਗ ਅਧਿਆਪਕਾਂ ਦੀ ਬਦਲੀ ਪ੍ਰਕਿਰਿਆ ‘ਚ ਲਿਆਵੇ ਤੇਜ਼ੀ

 

ਸਿੱਖਿਆ ਵਿਭਾਗ ਅਧਿਆਪਕਾਂ ਦੀ ਬਦਲੀ ਪ੍ਰਕਿਰਿਆ ‘ਚ ਲਿਆਵੇ ਤੇਜ਼ੀ

ਆਪਸੀ ਬਦਲੀ ਮੌਕੇ ਸਾਰੀਆਂ ਸ਼ਰਤਾਂ ਤੋਂ ਛੋਟ ਦਿੱਤੀ ਜਾਵੇ: 4161 ਮਾਸਟਰ ਕਾਡਰ ਯੂਨੀਅਨ

ਚੰਡੀਗੜ੍ਹ, 2 ਜੂਨ 2026- ਸਿੱਖਿਆ ਵਿਭਾਗ ਦੁਆਰਾ ਧੀਮੀ ਗਤੀ ਨਾਲ ਚਲਾਈ ਜਾ ਰਹੀ ਬਦਲੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਮੰਗ ਕਰਦਿਆਂ 4161 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੰਦੀਪ ਗਿੱਲ, ਜਨਰਲ ਸਕੱਤਰ ਗੁਰਧਿਆਨ ਸਿੰਘ, ਸੀਨੀਅਰ ਮੀਤ ਪ੍ਰਧਾਨ ਰਸ਼ਪਾਲ ਸਿੰਘ, ਮੀਤ ਪ੍ਰਧਾਨ ਲਵੀ ਢਿੰਗੀ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਬਦਲੀ ਪ੍ਰਕਿਰਿਆ ਨੂੰ ਬਿਨਾਂ ਕਿਸੇ ਕਾਰਣ ਲਟਕਾਇਆ ਜਾ ਰਿਹਾ ਹੈ।

ਇਸ ਸਬੰਧੀ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ 04 ਮਈ 2026 ਤੋਂ 14 ਮਈ 2026 ਤੱਕ ਅਧਿਆਪਕਾਂ ਨੂੰ ਬਦਲੀ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ ਸੀ ਪਰ ਈ ਪੰਜਾਬ ਪੋਰਟਲ ਦੇ ਠੀਕ ਢੰਗ ਨਾਲ ਕੰਮ ਨਾ ਕਰਨ ਕਰਕੇ ਬਦਲੀ ਅਪਲਾਈ ਕਰਨ ਦੀ ਆਖ਼ਰੀ ਮਿਤੀ ਵਿੱਚ 18 ਮਈ 2026 ਤੱਕ ਵਾਧਾ ਕੀਤਾ ਗਿਆ।

4 ਮਈ ਦੀ ਸ਼ੁਰੂ ਹੋਈ ਆਨ ਲਾਈਨ ਬਦਲੀ ਪ੍ਰਕਿਰਿਆ ਵਿੱਚ ਹਾਲੇ ਤੱਕ ਸਟੇਸ਼ਨ ਚੋਣ ਲਈ ਪੋਰਟਲ ਨੂੰ ਨਹੀਂ ਖੋਲ੍ਹਿਆ ਗਿਆ ਹੈ। ਇਸ ਤੋਂ ਇਲਾਵਾ ਉਨਾਂ ਮੰਗ ਕੀਤੀ ਕਿ ਵਿਭਾਗ ਨੂੰ ਆਪਸੀ ਬਦਲੀ ਦੇ ਸਬੰਧ ਵਿੱਚ ਸਧਾਰਨ ਬਦਲੀ ਵਾਲੀਆਂ ਸ਼ਰਤਾਂ ਤੋਂ ਛੋਟ ਦੇਣੀ ਚਾਹੀਦੀ ਹੈ ਤਾਂ ਜੋ ਅਧਿਆਪਕ ਆਪਸੀ ਬਦਲੀ ਕਰਾ ਕੇ ਨੇੜਲੇ ਸਟੇਸ਼ਨਾਂ ਤੇ ਕੰਮ ਕਰ ਸਕਣ ਅਤੇ ਆਪਣੀ ਸਰਵੋਤਮ ਕਾਰਗੁਜ਼ਾਰੀ ਦਿਖਾ ਸਕਣ।

ਆਗੂਆਂ ਨੇ ਮੰਗ ਕੀਤੀ ਕਿ ਬਦਲੀਆਂ ਦੇ ਪੂਰੇ ਤਿੰਨ ਰਾਊਂਡ ਚਲਾਏ ਜਾਣੇ ਚਾਹੀਦੇ ਹਨ, ਪਰ ਵਿਭਾਗ ਵੱਲੋਂ ਇੱਕ ਰਾਊਂਡ ਚਲਾਉਣ ਤੋਂ ਬਾਅਦ ਹੀ ਬਦਲਿਆਂ ਦੀ ਪ੍ਰਕਿਰਿਆ ਬੰਦ ਕਰ ਦਿੱਤੀ ਜਾਂਦੀ ਹੈ। ਤਿੰਨ ਰਾਉਂਡ ਚਲਾਉਣ ਨਾਲ ਅਧਿਆਪਕਾਂ ਨੂੰ ਪਹਿਲੇ ਦੋ ਰਾਉਂਡਾਂ ਦੌਰਾਨ ਖਾਲੀ ਹੋਏ ਸਟੇਸ਼ਨਾਂ ਤੇ ਬਦਲੀ ਕਰਾਉਣ ਦਾ ਮੌਕਾ ਮਿਲੇਗਾ।

ਇਸ ਤੋਂ ਇਲਾਵਾ ਆਗੂਆਂ ਨੇ ਮੰਗ ਕੀਤੀ ਕਿ ਬਦਲੀਆਂ ਲਈ ਅਪਲਾਈ ਕਰਨ ਦਾ ਮੌਕਾ ਹਰ ਰਾਊਂਡ ਵਿੱਚ ਨਵੇਂ ਸਿਰੇ ਤੋਂ ਦਿੱਤਾ ਜਾਣਾ ਚਾਹੀਦਾ ਹੈ ਇਸ ਨਾਲ ਕੁਝ ਦਿਨਾਂ ਦੀ ਘਾਟ ਕਾਰਨ ਪ੍ਰੋਬੇਸ਼ਨ ਅਤੇ ਸਟੇਅ ਦੀ ਸ਼ਰਤ ਪੂਰੀ ਨਾ ਕਰਨ ਵਾਲੇ ਅਧਿਆਪਕਾਂ ਨੂੰ ਆਪਣੀਆਂ ਸ਼ਰਤਾਂ ਪੂਰੀਆਂ ਹੋਣ ‘ਤੇ ਬਦਲੀ ਦੇ ਅਗਲੇ ਦੌਰਾਨ ਵਿੱਚ ਬਦਲੀ ਕਰਾਉਣ ਦਾ ਮੌਕਾ ਮਿਲ ਸਕੇਗਾ।

ਸੂਬਾ ਕਮੇਟੀ ਮੈਂਬਰ ਮੈਡਮ ਅਲਕਾ, ਗੁਰਜੀਤ ਕੌਰ, ਗੁਰਦਾਸ ਮਾਨਸਾ, ਬਲਕਾਰ ਮਘਾਣੀਆ,ਜਸਵਿੰਦਰ ਐਤੀਆਣਾ, ਹਰਦੀਪ ਬਠਿੰਡਾ, ਮਾਲਵਿੰਦਰ ਬਰਨਾਲਾ ਆਦਿ ਅਧਿਆਪਕ ਆਗੂਆਂ ਨੇ ਕਿਹਾ 4161 ਦੇ ਸਾਰੇ ਅਧਿਆਪਕਾਂ ਨੂੰ ਪਰਖ ਕਾਲ ਦੀ ਸ਼ਰਤ ਹਟਾ ਕੇ ਬਦਲੀਆਂ ਦਾ ਮੌਕਾ ਮਿਲਣਾ ਚਾਹੀਦਾ ਹੈ।

ਸੂਬਾ ਆਗੂ ਇਕਬਾਲ ਸਿੰਘ ਮੈਡਮ ਜਸਵਿੰਦਰ ਖਮਾਣੋਂ, ਹਰਜੋਤ ਸਿੰਘ, ਲਖਵਿੰਦਰ ਮੁਕਤਸਰ, ਜਗਸੀਰ ਸਿੰਘ, ਸੁਖਪਾਲ ਕੌਰ, ਬੀਰਬਲ ਸਿੰਘ ਆਦਿ ਅਧਿਆਪਕ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਬਦਲੀਆਂ ਦੀ ਪ੍ਰਕਿਰਿਆ ਕਿਸੇ ਕਿਸਮ ਦੀ ਦੇਰੀ ਕੀਤੀ ਤਾਂ ਯੂਨੀਅਨ ਤਿੱਖੇ ਸੰਘਰਸ਼ ਦਾ ਰਾਹ ਅਪਣਾਉਣ ਤੋਂ ਗ਼ੁਰੇਜ਼ ਨਹੀਂ ਕਰੇਗੀ।