ਬਿਜਲੀ ਵਿਭਾਗ ਦੇ JE ‘ਤੇ ਰਿਸ਼ਵਤ ਮੰਗਣ ਦੇ ਇਲਜ਼ਾਮ; ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਫਿਰੋਜ਼ਪੁਰ ‘ਚ ਐਕਸਨ ਦਫ਼ਤਰ ਦਾ ਘਿਰਾਓ

On: ਮਾਰਚ 14, 2026 11:43 ਪੂਃ ਦੁਃ

 

ਕਿਸਾਨ ਦਾ ਟਰਾਂਸਫਾਰਮਰ ਲਗਵਾਉਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਬਿਜਲੀ ਕਾਰਪੋਰੇਸ਼ਨ ਦੇ ਐਕਸਨ ਦਫਤਰ ਲਾਇਆ ਧਰਨਾ, ਤੁਰੰਤ ਕਿਸਾਨ ਦਾ ਟਰਾਂਸਫਾਰਮਰ ਨਾ ਲਗਾਉਣ ‘ਤੇ ਸੰਘਰਸ਼ ਕਰਾਂਗੇ ਤੇਜ਼ – ਅਵਤਾਰ ਮਹਿਮਾ

ਫਿਰੋਜ਼ਪੁਰ 14 ਮਾਰਚ 2026-

ਪਿੰਡ ਮਹਿਮਾ ਦੇ ਕਿਸਾਨ ਸਰਬਜੀਤ ਸਿੰਘ ਦੀ ਖੇਤੀ ਮੋਟਰ ਉੱਪਰ ਟਰਾਂਸਫਾਰਮਰ ਲਗਵਾਉਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਬਿਜਲੀ ਕਾਰਪੋਰੇਸ਼ਨ ਦੇ ਸ਼ਹਿਰੀ ਐਕਸਨ ਦਫਤਰ ਅੱਗੇ ਰੋਸ ਧਰਨਾ ਦਿੱਤਾ।

ਇਸ ਧਰਨੇ ਵਿੱਚ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ ਅਤੇ ਸਹਿ ਸਕੱਤਰ ਦਲਵਿੰਦਰ ਸਿੰਘ ਵੀ ਸ਼ਾਮਲ ਹੋਏ। ਇਕੱਤਰ ਹੋਏ ਕਿਸਾਨਾਂ ਨੇ ਬਿਜਲੀ ਮਹਿਕਮੇ ਦੇ ਜੇਈ ਅਮਨਦੀਪ ਸਿੰਘ ਖਿਲਾਫ਼ ਜ਼ੋਰਦਾਰ ਨਾਹਰੇਬਾਜੀ ਕੀਤੀ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਪਿੰਡ ਮਹਿਮਾ ਦੇ ਕਿਸਾਨ ਸਰਬਜੀਤ ਸਿੰਘ ਦੀ ਖੇਤੀ ਮੋਟਰ ਉੱਪਰ ਲੋੜੀਂਦਾ ਬਿਜਲੀ ਲੋਡ ਨਾ ਪਹੁੰਚਣ ਕਰਕੇ ਪਿਛਲੇ ਡੇਢ ਸਾਲ ਤੋਂ ਟਰਾਂਸਫਾਰਮਰ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਪਰ ਇਸ ਦੇ ਬਦਲੇ ਇੱਕ ਜੇ.ਈ. ਵੱਲੋਂ ਕਿਸਾਨ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ ਪਰ ਕਿਸਾਨ ਵੱਲੋਂ ਰਿਸ਼ਵਤ ਨਾ ਦੇਣ ਕਰਕੇ ਕਿਸਾਨ ਦੇ ਖੇਤ ਟਰਾਂਸਫਾਰਮਰ ਲਾਉਣ ਤੋਂ ਅੜਿੱਕਾ ਲਾਇਆ ਜਾ ਰਿਹਾ ਹੈ।

ਕਿਸਾਨਾਂ ਨੇ ਮੰਗ ਕੀਤੀ ਕਿ ਕਿਸਾਨ ਦੀ ਫਸਲ ਬਚਾਉਣ ਲਈ ਯੂਨੀਅਨ ਸੰਘਰਸ਼ ਕਰਨ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਤੁਰੰਤ ਟਰਾਂਸਫਾਰਮਰ ਲਗਾਇਆ ਜਾਵੇ ਅਤੇ ਰਿਸ਼ਵਤਖੋਰ ਜੇ.ਈ ਨੂੰ ਸਸਪੈਂਡ ਕਰਕੇ ਵਿਭਾਗੀ ਜਾਂਚ ਕੀਤੀ ਜਾਵੇ।

ਕਿਸਾਨਾਂ ਨੇ ਚੇਤਵਾਨੀ ਦਿੰਦਿਆਂ ਕਿਹਾ ਕਿ ਜੇਕਰ ਇਕ ਹਫਤੇ ਅੰਦਰ ਕਿਸਾਨ ਦੇ ਖੇਤ ਵਿੱਚ ਟਰਾਂਸਫਾਰਮਰ ਨਾ ਲਗਾਇਆ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਇਸਦੀ ਜਿੰਮੇਵਾਰੀ ਸਬੰਧਤ ਬਿਜਲੀ ਅਧਿਕਾਰੀਆਂ ਦੀ ਹੋਵੇਗੀ।

ਇਸ ਮੌਕੇ ਅਵਤਾਰ ਸਿੰਘ ਮਹਿਮਾ, ਗੁਰਮੀਤ ਸਿੰਘ ਮਹਿਮਾ, ਦਲਵਿੰਦਰ ਸਿੰਘ ਸ਼ੇਰਖਾਂ, ਅਮਰੀਕ ਸਿੰਘ, ਜਗਰੂਪ ਸਿੰਘ ਭੁੱਲਰ, ਰੇਸ਼ਮ ਸਿੰਘ ਹਜਾਰਾ, ਬਲਵਿੰਦਰ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।

 

Join WhatsApp

Join Now

Leave a Comment