ਭਾਰਤ ਅਮਰੀਕਾ ਵਪਾਰ ਸਮਝੌਤਾ, ਨਵੀਂ ਲੈਂਡ ਪੂਲਿੰਗ ਨੀਤੀ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਮੁਜਾਹਰਾ

On: ਜੁਲਾਈ 10, 2026 4:05 ਬਾਃ ਦੁਃ

 

ਭਾਰਤ ਅਮਰੀਕਾ ਵਪਾਰ ਸਮਝੌਤਾ, ਨਵੀਂ ਲੈਂਡ ਪੂਲਿੰਗ ਨੀਤੀ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਮੁਜਾਹਰਾ

ਚੰਡੀਗੜ੍ਹ 10 ਜੁਲਾਈ 2026

ਅੱਜ ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੱਦੇ ਤੇ ਪੰਜਾਬ ਦੇ ਕੋਨੇ ਕੋਨੇ ਤੋਂ ਵਰ੍ਹਦੇ ਮੀਂਹ ਚ ਚੰਡੀਗੜ੍ਹ ਪੁੱਜੇ ਦਹਿ ਹਜ਼ਾਰਾਂ ਕਿਸਾਨਾਂ ਮਰਦ ਔਰਤਾਂ ਨੇ ਭਾਰਤ ਅਮਰੀਕਾ ਵਪਾਰ ਸਮਝੌਤੇ ਅਤੇ ਨਵੀਂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਤੇ ਨਾਲ ਹੀ ਇਰਾਨ ‘ਤੇ ਅਮਰੀਕੀ ਹਮਲੇ ਖ਼ਿਲਾਫ਼ ਅਤੇ ਇਸ ਹਮਲੇ ਦੀ ਆੜ ਚ ਭਾਰਤੀ ਲੋਕਾਂ ‘ਤੇ ਮਹਿੰਗਾਈ ਦੇ ਪਾਏ ਜਾ ਰਹੇ ਬੋਝ ਖਿਲਾਫ਼ ਅੱਜ ਸੈਕਟਰ 34 ਦੇ ਦੁਸਹਿਰਾ ਗਰਾਊਂਡ ਚ ਵਿਸ਼ਾਲ ਰੈਲੀ ਕੀਤੀ ਅਤੇ ਮਟਕਾ ਚੌਂਕ ਤੱਕ ਮੁਜ਼ਾਹਰਾ ਕਰਕੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਜ਼ੋਰਦਾਰ ਸੁਣਵਾਈ ਕੀਤੀ।

ਇਸ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਸਿਰੇ ਚਾੜ੍ਹਿਆ ਜਾ ਰਿਹਾ ਭਾਰਤ ਅਮਰੀਕਾ ਵਪਾਰ ਸਮਝੌਤਾ ਕਿਸਾਨਾਂ ਦੇ ਨਾਲ ਨਾਲ ਸਮਾਜ ਦੇ ਸਭਨਾਂ ਮਿਹਨਤਕਸ਼ ਵਰਗਾਂ ‘ਤੇ ਮਾਰ ਪਾਵੇਗਾ। ਅਮਰੀਕੀ ਮੰਡੀ ਚੋਂ ਆਉਣ ਵਾਲੇ ਖੇਤੀ ਉਤਪਾਦ ਭਾਰਤੀ ਕਿਸਾਨਾਂ ਦਾ ਉਜਾੜਾ ਕਰਨਗੇ ਅਤੇ ਹੋਰ ਸਨਅਤੀ ਤਿਆਰ ਮਾਲ ਛੋਟੇ ਸਨਅਤਕਾਰਾਂ ਤੇ ਛੋਟੇ ਵਪਾਰੀਆਂ/ਕਾਰੋਬਾਰੀਆਂ ਦਾ ਉਜਾੜਾ ਕਰੇਗਾ। ਉਹਨਾਂ ਕਿਹਾ ਕਿ ਮੋਦੀ ਹਕੂਮਤ ਅਮਰੀਕੀ ਸਾਮਰਾਜੀਆਂ ਦੇ ਦਬਾਅ ਮੂਹਰੇ ਝੁਕ ਕੇ ਦੇਸ਼ ਨਾਲ ਧਰੋਹ ਕਮਾ ਰਹੀ ਹੈ ਜਦਕਿ ਮੁਲਕ ਅੰਦਰ ਖਰੀ ਰਾਸ਼ਟਰਵਾਦੀ ਸਰਕਾਰ ਹੋਣ ਦੇ ਦਾਅਵੇ ਕਰਦੀ ਰਹੀ ਹੈ। ਅਸਲੀਅਤ ਵਿੱਚ ਇਹ ਸਰਕਾਰ ਆਪਣੀ ਫਿਰਕੂ ਰਾਸ਼ਟਰਵਾਦੀ ਸਿਆਸਤ ਦੇ ਜ਼ਰੀਏ ਸਾਮਰਾਜੀਆਂ ਦੀ ਸੇਵਾ ਕਮਾ ਰਹੀ ਹੈ।

ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਦੇ ਸਖਤ ਵਿਰੋਧ ਦੇ ਮਗਰੋਂ ਰੱਦ ਕੀਤੀ ਗਈ ਲੁਟੇਰੀ ਲੈਂਡ ਪੂਲਿੰਗ ਨੀਤੀ ਮੁੜ ਲਿਆ ਕੇ ਕਾਰਪੋਰੇਟ ਕਾਰੋਬਾਰੀਆਂ ਤੇ ਰੀਅਲ ਅਸਟੇਟ ਦੀਆਂ ਜੋਕਾਂ ਨੂੰ ਹਰ ਹਾਲ ਕਿਸਾਨਾਂ ਦੀਆਂ ਜ਼ਮੀਨਾਂ ਲੁਟਾਉਣਾ ਚਾਹੁੰਦੀ ਹੈ। ਉਹਨਾਂ ਐਲਾਨ ਕੀਤਾ ਕਿ ਪੰਜਾਬ ਦੇ ਕਿਸਾਨ ਅਜਿਹੀ ਖੇਤੀ ਉਜਾੜੂ ਤੇ ਕਿਸਾਨ ਉਜਾੜੂ ਨੀਤੀ ਨੂੰ ਲਾਗੂ ਨਹੀਂ ਹੋਣ ਦੇਣਗੇ।
ਇਸ ਮੌਕੇ ਸੰਬੋਧਨ ਕਰਦਿਆਂ ਝੰਡਾ ਸਿੰਘ ਜੇਠੂਕੇ ਅਤੇ ਗੁਰਦੀਪ ਸਿੰਘ ਰਾਮਪੁਰਾ ਨੇ ਇਰਾਨ ‘ਤੇ ਅਮਰੀਕੀ ਸਾਮਰਾਜ ਵੱਲੋਂ ਵਿੱਢੇ ਹੋਏ ਫੌਜੀ ਹਮਲੇ ਦੀ ਸਖਤ ਨਿੰਦਾ ਕੀਤੀ। ਉਹਨਾਂ ਕਿਹਾ ਕਿ ਇਹ ਹਮਲਾ ਇਰਾਨ ਨੂੰ ਲੁੱਟਣ ਅਤੇ ਸਾਰੇ ਮੱਧ ਪੂਰਬ ਅੰਦਰ ਤੇਲ ‘ਤੇ ਕਬਜ਼ਾ ਜਮਾ ਕੇ ਰੱਖਣ ਲਈ ਇਰਾਨੀ ਟਾਕਰਾ ਖਤਮ ਕਰਨ ਲਈ ਕੀਤਾ ਗਿਆ ਹੈ।

ਅਮਰੀਕੀ ਸਾਮਰਾਜੀ ਹੁਕਮਰਾਨ ਦੁਨੀਆਂ ਭਰ ਦੇ ਦੇਸ਼ਾਂ ਨੂੰ ਲੁੱਟਣ ਲਈ ਆਪਣੇ ਸਮਝੌਤੇ ਤੇ ਲੋਟੂ ਨੀਤੀਆਂ ਮੜ੍ਹ ਰਹੇ ਹਨ ਅਤੇ ਇਹਨਾਂ ਨੀਤੀਆਂ ਖਿਲਾਫ ਆਵਾਜ਼ ਉਠਾਉਣ ਵਾਲੇ ਦੇਸ਼ਾਂ ਦੇ ਹੁਕਮਰਾਨਾਂ ਨੂੰ ਕਤਲ ਕਰਨ ਤੇ ਮੁਲਕਾਂ ਤੇ ਹਮਲੇ ਕਰਨ ਤੱਕ ਜਾ ਰਹੇ ਹਨ। ਮੋਦੀ ਸਰਕਾਰ ਹੱਕੀ ਜੰਗ ਲੜ ਰਹੇ ਇਰਾਨ ਨਾਲ ਖੜਨ ਦੀ ਥਾਂ ਅਮਰੀਕੀ ਸਾਮਰਾਜੀਆਂ ਦੀ ਚਾਕਰੀ ਵਿੱਚ ਇਜ਼ਰਾਈਲ ਤੇ ਅਮਰੀਕਾ ਦਾ ਸਾਥ ਦੇ ਰਹੀ ਹੈ। ਇਸ ਜੰਗ ਦੀ ਆੜ ਲੈ ਕੇ ਪੈਟਰੋਲ ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਵਧੇ ਰਾਹੀਂ ਲੋਕਾਂ ਤੇ ਭਾਰੀ ਬੋਝ ਪਾਇਆ ਜਾ ਰਿਹਾ ਹੈ।

ਉਹਨਾਂ ਮੰਗ ਕੀਤੀ ਕਿ ਇਹਨਾਂ ਕੀਮਤਾਂ ‘ਚ ਕੀਤੇ ਵਾਧੇ ਵਾਪਸ ਲਏ ਜਾਣ ਅਤੇ ਬਹੁਕੌਮੀ ਕੰਪਨੀਆਂ,ਵੱਡੇ ਸਰਮਾਏਦਾਰਾਂ ਤੇ ਭੌਂ-ਸਰਦਾਰਾਂ ‘ਤੇ ਸਿੱਧੇ ਭਾਰੀ ਟੈਕਸ ਲਾ ਕੇ ਖਜ਼ਾਨਾ ਭਰਿਆ ਜਾਵੇ ਅਤੇ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਖੋਲਿਆ ਜਾਵੇ। ਔਰਤ ਆਗੂ ਹਰਿੰਦਰ ਬਿੰਦੂ ਨੇ ਆਪਣੇ ਭਾਸ਼ਣ ਰਾਹੀਂ ਔਰਤਾਂ ਨੂੰ ਸੰਘਰਸ਼ਾਂ ਦੇ ਪਿੜ ਮੱਲਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਮਾਜ ਅੰਦਰ ਸਭ ਤੋਂ ਵੱਧ ਮਹਿੰਗਾਈ ਦੀ ਮਾਰ ਔਰਤ ਭੈਣਾਂ ਝੱਲਦੀਆਂ ਹਨ। ਇਸ ਲਈ ਇਸ ਵਰਗ ਨੂੰ ਵੱਧ ਜ਼ੋਰ ਨਾਲ ਲੜਾਈ ਦੇ ਮੈਦਾਨ ਵਿੱਚ ਨਿੱਤਰਨਾ ਪਊ। ਬੀਕੇਯੂ (ਏਕਤਾ ਡਕੌਂਦਾ) ਦੇ ਆਗੁ ਅੰਗਰੇਜ ਸਿੰਘ ਭਦੌੜ ਨੇ ਸਾਰੇ ਤਬਕਿਆਂ ਨੂੰ ਸਾਂਝੇ ਘੋਲਾਂ ਦੇ ਰਾਹ ਪੈਣ ਦਾ ਸੱਦਾ ਦਿੱਤਾ।

ਸਟੇਜ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਨਿਭਾਏ। ਅੱਜ ਦੇ ਇਕੱਠ ਦੌਰਾਨ ਸਤਲੁਜ ਫਿਲਮ ‘ਤੇ ਲਗਾਈ ਪਾਬੰਦੀ ਹਟਾਉਣ ਦੀ ਮੰਗ ਕਰਦਾ ਮਤਾ ਪੇਸ਼ ਕੀਤਾ ਤੇ ਲੋਕਾਂ ਵੱਲੋਂ ਹੱਥ ਖੜ੍ਹੇ ਕਰਕੇ ਮਤਾ ਪਾਸ ਕੀਤਾ ਗਿਆ ਅਤੇ ਨਾਲ ਹੀ ਲੋਕਾਂ ਨੂੰ ਫਿਰਕੂ ਵੋਟ ਸਿਆਸਤਦਾਨਾਂ ਦੇ ਮਨਸੂਬਿਆਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ ਗਿਆ। ਅੱਜ ਦੇ ਇਕੱਠ ਨੂੰ ਹੋਰਨਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਹਰਿਆਣੇ ਤੋਂ ਸੂਬਾ ਪ੍ਰਧਾਨ ਕੰਵਰਜੀਤ ਸਿੰਘ ,ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਦਰਸ਼ਨ ਸਿੰਘ‌, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਗੁਰਦੇਵ ਸਿੰਘ ਮਾਂਗੇਵਾਲ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟਰ ਵਰਕਰ ਯੂਨੀਅਨ ਦੇ ਕੁਲਦੀਪ ਸਿੰਘ ਨੇ ਵੀ ਸੰਬੋਧਨ ਕੀਤਾ।

 

Join WhatsApp

Join Now

More

ਪੰਜਾਬ ‘ਚ ਅਧਿਆਪਕਾਂ ਨੂੰ ਛੁੱਟੀ ਵਾਲੇ ਦਿਨ ਸਕੂਲ ਖੋਲ੍ਹਣ ਦੇ ਹੁਕਮ; ਡੀਟੀਐੱਫ ਵੱਲੋਂ ਸਖ਼ਤ ਨਿੰਦਾ

DTF ਆਗੂਆਂ ਅਤੇ ਕੰਪਿਊਟਰ ਅਧਿਆਪਕਾਂ ‘ਤੇ FIR ਦਰਜ਼, ਜਥੇਬੰਦੀ ਵੱਲੋਂ ਸਖ਼ਤ ਸ਼ਬਦਾਂ ‘ਚ ਨਿਖੇਧੀ

ਸ਼ਹੀਦ ਊਧਮ ਸਿੰਘ ਦੀ ਯਾਦ ‘ਚ 31 ਜੁਲਾਈ ਨੂੰ, ‘ਭਾਰਤ-ਵੰਡ ਵਿਰੋਧੀ ਮੁਸਲਮਾਨ’ ਪੁਸਤਕ ‘ਤੇ ਵਿਚਾਰ-ਚਰਚਾ

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਪ੍ਰਿੰਸੀਪਲਾਂ ਦੀਆਂ ਖਾਲੀ ਪਈਆਂ ਸਾਰੀਆਂ ਅਸਾਮੀਆਂ ਪਦਉਨਤੀ ਅਤੇ ਸਿੱਧੀ ਭਰਤੀ ਰਾਹੀਂ ਤੁਰੰਤ ਭਰੀਆਂ ਜਾਣ- ਪ੍ਰੇਮ ਚਾਵਲਾ

ਇੰਡੋ-ਅਮਰੀਕਾ ਟਰੇਡ ਡੀਲ ਅਤੇ ਲੈਂਡ ਪੁਲਿੰਗ ਪੋਲਿਸੀ ਦੇ ਵਿਰੋਧ ‘ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਕੀਤੀ ਗਈ ਕਨਵੈਨਸ਼ਨ; 22 ਜੁਲਾਈ ਨੂੰ ਟੋਲ ਪਾਲਜ਼ੇ ਫ੍ਰੀ ਕਰਨ ਦਾ ਸੱਦਾ

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (DTF) ਵੱਲੋਂ ਸੰਘਰਸ਼ੀਲ ਆਊਟਸੋਰਸਡ ਬਿਜਲੀ ਮੁਲਾਜ਼ਮਾਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ

Leave a Comment