ਸਕੂਲ ‘ਚ ਵੜ ਕੇ ਮਹਿਲਾ ਅਧਿਆਪਕਾ ਦਾ ਬੇਰਹਿਮੀ ਨਾਲ ਕਤਲ
ਫਰੀਦਾਬਾਦ ‘ਚ ਦਿਨ-ਦਿਹਾੜੇ ਕਲਾਸਰੂਮ ‘ਚੋਂ ਖਿੱਚ ਕੇ ਅਧਿਆਪਕਾ ਦਾ ਬੇਰਹਿਮੀ ਨਾਲ ਕਤਲ, CCTV ‘ਚ ਕੈਦ ਹੋਈ ਖੌਫ਼ਨਾਕ ਵਾਰਦਾਤ
ਫ਼ਰੀਦਾਬਾਦ, 5 ਅਗਸਤ 2026- ਹਰਿਆਣਾ ਦੇ ਫ਼ਰੀਦਾਬਾਦ ਜ਼ਿਲ੍ਹੇ ਤੋਂ ਇੱਕ ਬੇਹੱਦ ਖੌਫ਼ਨਾਕ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਕ ਨਿਜੀ ਸੈਕੰਡਰੀ ਸਕੂਲ ਵਿੱਚ ਸੋਮਵਾਰ ਦੀ ਸਵੇਰ ਦਿਨ-ਦਿਹਾੜੇ ਇੱਕ ਮਹਿਲਾ ਅਧਿਆਪਕਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇੱਕ ਨਕਾਬਪੋਸ਼ ਸਿਰਫਿਰੇ ਨੌਜਵਾਨ ਨੇ ਸਕੂਲ ਦੇ ਅੰਦਰ ਦਾਖ਼ਲ ਹੋ ਕੇ ਕਲਾਸਰੂਮ ‘ਚੋਂ ਅਧਿਆਪਕਾ ਨੂੰ ਬਾਹਰ ਧੂਹ ਲਿਆ ਅਤੇ ਮਾਤਰ 32 ਸੈਕਿੰਡਾਂ ਦੇ ਅੰਦਰ ਚਾਕੂ ਨਾਲ ਲਗਭਗ 34 ਵਾਰ ਕਰਕੇ ਉਸ ਦੀ ਜਾਨ ਲੈ ਲਈ। ਇਸ ਖੂਨੀ ਖੇਡ ਦੀ ਵੀਡੀਓ ਸੀਸੀਟੀਵੀ (CCTV) ਕੈਮਰੇ ‘ਚ ਵੀ ਕੈਦ ਹੋ ਗਈ ਹੈ।
ਇਹ ਦਿਲ-ਕੰਬਾਊ ਘਟਨਾ ਫ਼ਰੀਦਾਬਾਦ ਦੇ ਸਿਕਰੌਨਾ ਪਿੰਡ ਵਿੱਚ ਸਥਿਤ ‘ਸਰਸਵਤੀ ਸੀਨੀਅਰ ਸੈਕੰਡਰੀ ਸਕੂਲ’ ਦੀ ਹੈ। ਘਟਨਾ ਸੋਮਵਾਰ ਸਵੇਰੇ ਲਗਭਗ 9:30 ਵਜੇ ਵਾਪਰੀ। ਮ੍ਰਿਤਕਾ ਦੀ ਪਛਾਣ 25 ਸਾਲਾ ਸੰਧਿਆ ਵਜੋਂ ਹੋਈ ਹੈ, ਜੋ ਕਿ ਫਿਰੋਜ਼ਪੁਰ ਕਲਾਂ ਪਿੰਡ ਦੀ ਰਹਿਣ ਵਾਲੀ ਸੀ। ਸੰਧਿਆ ਵਿਆਹੀ ਹੋਈ ਸੀ ਅਤੇ ਉਸ ਦੇ ਦੋ ਛੋਟੇ ਬੱਚੇ ਹਨ, ਇੱਕ 7 ਸਾਲ ਦਾ ਬੇਟਾ ਅਤੇ ਇੱਕ 5 ਸਾਲ ਦੀ ਬੇਟੀ। ਉਹ ਬੀਤੇ ਕੁੱਝ ਸਮੇਂ ਤੋਂ ਸਿਕਰੌਨਾ ਦੇ ਇਸ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾ ਰਹੀ ਸੀ।
ਰੋਜ਼ਾਨਾ ਦੀ ਤਰ੍ਹਾਂ ਸੋਮਵਾਰ ਸਵੇਰੇ ਵੀ ਸੰਧਿਆ ਸਮੇਂ ਸਿਰ ਸਕੂਲ ਪਹੁੰਚੀ ਸੀ। ਇਸੇ ਦੌਰਾਨ ਮੁਲਜ਼ਮ ਅਮਿਤ ਆਪਣਾ ਮੂੰਹ ਕੱਪੜੇ ਨਾਲ ਢੱਕ ਕੇ ਸਕੂਲ ਦੀ ਇਮਾਰਤ ਵਿੱਚ ਦਾਖ਼ਲ ਹੋਇਆ। ਉਸ ਨੇ ਚਲਾਕੀ ਵਰਤਦਿਆਂ ਅਧਿਆਪਕਾ ਦੇ ਪਤੀ ਦਾ ਨਾਂ ਲੈ ਕੇ ਮਿਲਣ ਦਾ ਬਹਾਨਾ ਬਣਾਇਆ। ਜਿਵੇਂ ਹੀ ਸੰਧਿਆ ਉਸ ਦੇ ਸਾਹਮਣੇ ਆਈ, ਅਮਿਤ ਨੇ ਉਸ ਨੂੰ ਧੂਹ ਕੇ ਬਾਹਰ ਵੱਲ ਖਿੱਚਿਆ ਅਤੇ ਆਪਣੇ ਕੋਲ ਰੱਖੇ ਤੇਜ਼ਧਾਰ ਚਾਕੂ ਨਾਲ ਉਸ ‘ਤੇ ਤਾਬੜਤੋੜ ਹਮਲਾ ਕਰ ਦਿੱਤਾ।
ਉਸ ਨੇ ਮਾਤਰ 32 ਸੈਕਿੰਡਾਂ ਦੇ ਅੰਦਰ ਸੰਧਿਆ ‘ਤੇ ਲਗਭਗ 34 ਵਾਰ ਕੀਤੇ, ਜਿਸ ਨਾਲ ਉਹ ਲਹੂ-ਲੁਹਾਣ ਹੋ ਕੇ ਜ਼ਮੀਨ ‘ਤੇ ਡਿੱਗ ਪਈ। ਸਕੂਲ ‘ਚ ਚੀਕ-ਚਿਹਾਰਾ ਸੁਣ ਕੇ ਜਦੋਂ ਸਕੂਲ ਸੰਚਾਲਕ (ਚੇਅਰਮੈਨ) ਅਤੇ ਹੋਰ ਸਟਾਫ਼ ਉਸ ਨੂੰ ਬਚਾਉਣ ਲਈ ਦੌੜੇ, ਤਾਂ ਮੁਲਜ਼ਮ ਨੇ ਉਨ੍ਹਾਂ ‘ਤੇ ਵੀ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਮੁਲਜ਼ਮ ਮੌਕੇ ‘ਤੇ ਖੜ੍ਹੀ ਆਪਣੀ ਬਾਈਕ ‘ਤੇ ਸਵਾਰ ਹੋ ਕੇ ਫ਼ਰਾਰ ਹੋ ਗਿਆ। ਗੰਭੀਰ ਹਾਲਤ ‘ਚ ਅਧਿਆਪਕਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਫੋਰੈਂਸਿਕ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਵਾਰਦਾਤ ਦੇ ਮਾਤਰ ਦੋ ਘੰਟਿਆਂ ਦੇ ਅੰਦਰ ਹੀ ਮੁਲਜ਼ਮ ਅਮਿਤ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਅਮਿਤ ਕਾਫ਼ੀ ਸਮੇਂ ਤੋਂ ਸੰਧਿਆ ਨੂੰ ਪਰੇਸ਼ਾਨ ਕਰ ਰਿਹਾ ਸੀ। ਇਸ ਤੋਂ ਪਹਿਲਾਂ ਸੰਧਿਆ ਕੋਟ ਪਿੰਡ ਦੇ ਜਿਸ ਸਕੂਲ ਵਿੱਚ ਪੜ੍ਹਾਉਂਦੀ ਸੀ, ਉਹ ਇਮਾਰਤ ਅਮਿਤ ਦੇ ਪਰਿਵਾਰ ਦੀ ਹੀ ਸੀ। ਅਮਿਤ ਲਗਾਤਾਰ ਉਸ ਦਾ ਪਿੱਛਾ ਕਰਦਾ ਸੀ ਅਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ।
ਅਮਿਤ ਦੀਆਂ ਹਰਕਤਾਂ ਤੋਂ ਤੰਗ ਆ ਕੇ ਹੀ ਸੰਧਿਆ ਨੇ ਉਹ ਸਕੂਲ ਛੱਡ ਕੇ ਸਿਕਰੌਨਾ ਦੇ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਸੀ। ਪੁਲਿਸ ਪੜਤਾਲ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਸੰਧਿਆ ਨੇ ਪਹਿਲਾਂ ਅਮਿਤ ਖ਼ਿਲਾਫ਼ ਪੁਲਿਸ ‘ਚ ਛੇੜਛਾੜ ਅਤੇ ਪਿੱਛਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਸ ਸਮੇਂ ਅਮਿਤ ਨੇ ਪੁਲਿਸ ਅੱਗੇ ਆਪਣੀ ਗ਼ਲਤੀ ਮੰਨਦਿਆਂ ਜਨਤਕ ਤੌਰ ‘ਤੇ ਮਾਫ਼ੀ ਮੰਗ ਲਈ ਸੀ, ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ ਸੀ।
ਪਰ ਅਮਿਤ ਦੇ ਮਨ ‘ਚ ਸ਼ਿਕਾਇਤ ਦਾ ਬਦਲਾ ਲੈਣ ਦੀ ਅੱਗ ਬਲ ਰਹੀ ਸੀ। ਇਸੇ ਰੰਜਿਸ਼ ਤਹਿਤ ਉਸ ਨੇ ਇਸ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਪੂਰੀ ਵਾਰਦਾਤ ਦੀ ਇੱਕ ਸੀਸੀਟੀਵੀ ਫੁੱਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਨਕਾਬਪੋਸ਼ ਆਰੋਪੀ ਸਕੂਲ ਦੇ ਅੰਦਰ ਦਾਖ਼ਲ ਹੁੰਦਾ ਅਤੇ ਬੇਰਹਿਮੀ ਨਾਲ ਅਧਿਆਪਕਾ ‘ਤੇ ਚਾਕੂ ਨਾਲ ਵਾਰ ਕਰਦਾ ਨਜ਼ਰ ਆ ਰਿਹਾ ਹੈ। ਫਿਲਹਾਲ ਪੁਲਿਸ ਨੇ ਆਰੋਪੀ ਨੂੰ ਹਿਰਾਸਤ ‘ਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
















