ਪੰਜਾਬ ‘ਚ ਹੜ੍ਹਾਂ ਦਾ ਖ਼ਤਰਾ! ਸਰਹੱਦੀ ਪਿੰਡਾਂ ਦੀ 1100 ਏਕੜ ਫ਼ਸਲ ਜਲ-ਥਲ; ਆਵਾਜਾਈ ਠੱਪ- ਪਸ਼ੂਆਂ ਦੇ ਚਾਰੇ ਦਾ ਸੰਕਟ
ਬਰਸਾਤੀ ਪਾਣੀ ਦੀ ਮਾਰ: ਦੁਰੰਗਲਾ-ਕਲਾਨੌਰ ਮਾਰਗ ‘ਤੇ ਚੱਲਿਆ ਪਾਣੀ, ਪੁਰਾਣੇ ਹੜ੍ਹਾਂ ਦੀ ਯਾਦ ਨੇ ਸਹਿਮਾਏ ਸਰਹੱਦੀ ਲੋਕ
ਮੁਆਵਜ਼ੇ ਲਈ ਭਟਕ ਰਹੇ ਕਿਸਾਨ ਫਿਰ ਮੁਸੀਬਤ ਵਿੱਚ: ਨੋਮਨੀ ਨਾਲੇ ਦੀ ਸਫ਼ਾਈ ਨਾ ਹੋਣ ਕਰਕੇ ਪ੍ਰਸ਼ਾਸਨ ਖ਼ਿਲਾਫ਼ ਰੋਸ
ਗੁਰਦਾਸਪੁਰ/ਚੰਡੀਗੜ੍ਹ, 23 ਅਗਸਤ 2026-
ਗੁਰਦਾਸਪੁਰ ਦੇ ਸਰਹੱਦੀ ਇਲਾਕੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਹਾਲਾਤ ਬੇਹੱਦ ਨਾਜ਼ੁਕ ਬਣ ਗਏ ਹਨ। ਸਰਹੱਦੀ ਪਿੰਡਾਂ ਦੇ ਨੇੜਿਓਂ ਗੁਜ਼ਰਦਾ ਨੋਮਨੀ ਨਾਲਾ ਅਤੇ ਨਹਿਰ ਪੂਰੀ ਤਰ੍ਹਾਂ ਓਵਰਫਲੋ ਹੋ ਚੁੱਕੇ ਹਨ, ਜਿਸ ਕਾਰਨ ਬਰਸਾਤੀ ਪਾਣੀ ਖੇਤਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਤਬਾਹੀ ਮਚਾ ਰਿਹਾ ਹੈ। ਇਸ ਕਾਰਨ ਪਿੰਡ ਆਦੀਆਂ ਦੀ ਹੀ ਲਗਭਗ 1100 ਏਕੜ ਉਪਜਾਊ ਫ਼ਸਲ ਪਾਣੀ ਦੀ ਲਪੇਟ ਵਿੱਚ ਆ ਗਈ ਹੈ। ਖੇਤਾਂ ਵਿੱਚ ਕਈ-ਕਈ ਫੁੱਟ ਪਾਣੀ ਭਰ ਜਾਣ ਕਾਰਨ ਕਿਸਾਨਾਂ ਦੀਆਂ ਮਿਹਨਤ ਨਾਲ ਪਾਲੀਆਂ ਫ਼ਸਲਾਂ ਪੂਰੀ ਤਰ੍ਹਾਂ ਡੁੱਬ ਚੁੱਕੀਆਂ ਹਨ, ਜਿਸ ਨਾਲ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਣ ਦਾ ਖ਼ਦਸ਼ਾ ਬਣ ਗਿਆ ਹੈ।
ਪਾਣੀ ਦੀ ਨਿਕਾਸੀ ਦਾ ਕੋਈ ਯੋਗ ਅਤੇ ਸਹੀ ਪ੍ਰਬੰਧ ਨਾ ਹੋਣ ਕਰਕੇ ਬਰਸਾਤੀ ਪਾਣੀ ਹੁਣ ਖੇਤਾਂ ਤੋਂ ਬਾਹਰ ਨਿਕਲ ਕੇ ਮੁੱਖ ਸੜਕਾਂ ‘ਤੇ ਆ ਗਿਆ ਹੈ। ਦੁਰੰਗਲਾ ਤੋਂ ਕਲਾਨੌਰ ਨੂੰ ਜੋੜਨ ਵਾਲੀ ਮੁੱਖ ਸੜਕ ਦੇ ਉੱਪਰੋਂ ਦੀ ਪਾਣੀ ਤੇਜ਼ ਵਹਾਅ ਨਾਲ ਵਹਿ ਰਿਹਾ ਹੈ, ਜਿਸ ਕਾਰਨ ਆਵਾਜਾਈ ਕਾਫ਼ੀ ਪ੍ਰਭਾਵਿਤ ਹੋ ਰਹੀ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਕਿਸਾਨਾਂ ਨੇ ਆਪਣੇ ਪਸ਼ੂਆਂ ਲਈ ਹਰਾ ਚਾਰਾ ਲਿਆਉਣ ਵਾਸਤੇ ਧੁੱਸੀ ਬੰਨ੍ਹ ਤੋਂ ਪਾਰ ਜਾਣਾ ਸੀ, ਉਹ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਓਧਰ ਨਹੀਂ ਜਾ ਸਕੇ। ਇਸ ਨਾਲ ਪਸ਼ੂਆਂ ਦੇ ਚਾਰੇ ਦਾ ਗੰਭੀਰ ਸੰਕਟ ਵੀ ਪੈਦਾ ਹੋ ਗਿਆ ਹੈ।

ਸਥਾਨਕ ਨਿਵਾਸੀਆਂ ਅਤੇ ਕਿਸਾਨਾਂ ਨੇ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਨੋਮਨੀ ਨਾਲੇ ਅਤੇ ਨਹਿਰ ਦੀ ਸਮੇਂ ਸਿਰ ਸਫ਼ਾਈ ਨਹੀਂ ਕਰਵਾਈ ਗਈ। ਜੇਕਰ ਪ੍ਰਸ਼ਾਸਨ ਨੇ ਸਮਾਂ ਰਹਿੰਦਿਆਂ ਇਨ੍ਹਾਂ ਨਾਲਿਆਂ ਦੀ ਗਾਦ ਕਢਵਾਈ ਹੁੰਦੀ, ਤਾਂ ਅੱਜ ਇਹ ਨਹਿਰਾਂ ਅਤੇ ਨਾਲੇ ਓਵਰਫਲੋ ਨਾ ਹੁੰਦੇ ਅਤੇ ਕਿਸਾਨਾਂ ਦਾ ਇੰਨਾ ਵੱਡਾ ਨੁਕਸਾਨ ਹੋਣ ਤੋਂ ਬਚ ਸਕਦਾ ਸੀ।
ਪਿਛਲੇ ਸਾਲਾਂ ਦੌਰਾਨ ਆਏ ਭਿਆਨਕ ਹੜ੍ਹਾਂ ਦੀ ਮਾਰ ਝੱਲ ਚੁੱਕੇ ਪਿੰਡ ਆਦੀਆਂ, ਚੌਂਤਰਾ, ਸਲਾਚ, ਠੁੰਦੀ, ਅਤੇ ਸ਼ਾਹਪੁਰ ਵਰਗੇ ਸਰਹੱਦੀ ਪਿੰਡਾਂ ਦੇ ਲੋਕ ਇੱਕ ਵਾਰ ਫਿਰ ਤੋਂ ਡਰ ਅਤੇ ਸਹਿਮ ਦੇ ਸਾਏ ਹੇਠ ਜੀਣ ਲਈ ਮਜਬੂਰ ਹਨ। ਪਿਛਲੇ ਸਾਲ ਵੀ ਇਹਨਾਂ ਹੀ ਦਿਨਾਂ ਵਿੱਚ ਹੋਈ ਭਾਰੀ ਬਾਰਿਸ਼ ਤੋਂ ਬਾਅਦ ਆਏ ਹੜ੍ਹਾਂ ਨੇ ਫ਼ਸਲਾਂ, ਘਰਾਂ ਅਤੇ ਮਾਲ-ਅਸਬਾਬ ਦਾ ਬਹੁਤ ਵੱਡੇ ਪੱਧਰ ‘ਤੇ ਨੁਕਸਾਨ ਕੀਤਾ ਸੀ। ਇਲਾਕਾ ਨਿਵਾਸੀ ਇੱਕ ਵਾਰ ਫਿਰ ਤੋਂ ਉਹੀ ਖ਼ੌਫ਼ਨਾਕ ਮੰਜ਼ਰ ਯਾਦ ਕਰਕੇ ਕੰਬ ਰਹੇ ਹਨ।
ਪੀੜਤ ਕਿਸਾਨਾਂ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਉਨ੍ਹਾਂ ਨੂੰ ਹਜੇ ਤੱਕ ਨਹੀਂ ਮਿਲ ਸਕਿਆ। ਬਣਦੇ ਮੁਆਵਜ਼ੇ ਦੀ ਪ੍ਰਾਪਤੀ ਲਈ ਉਹ ਵਾਰ-ਵਾਰ ਡਿਪਟੀ ਕਮਿਸ਼ਨਰ (ਡੀ.ਸੀ.) ਦਫ਼ਤਰ ਦੇ ਚੱਕਰ ਕੱਟ ਕੇ ਥੱਕ ਚੁੱਕੇ ਹਨ, ਪਰ ਹਰ ਵਾਰ ਉਨ੍ਹਾਂ ਨੂੰ ਆਸ ਹੀ ਮਿਲਦੀ ਹੈ। ਕਿਸਾਨਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿਛਲੇ ਸਾਲਾਂ ਦਾ ਬਣਦਾ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ, ताकि ਉਹ ਆਪਣੀਆਂ ਫ਼ਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰ ਸਕਣ ਅਤੇ ਆਉਣ ਵਾਲੀ ਅਗਲੀ ਫ਼ਸਲ ਲਈ ਜ਼ਰੂਰੀ ਖ਼ਰਚੇ ਪੂਰੇ ਕਰ ਸਕਣ। ਨਾਲ ਹੀ ਉਨ੍ਹਾਂ ਮੰਗ ਕੀਤੀ ਹੈ ਕਿ ਮੌਜੂਦਾ ਹਾਲਾਤ ਨੂੰ ਦੇਖਦਿਆਂ ਪਾਣੀ ਦੀ ਤੁਰੰਤ ਨਿਕਾਸੀ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ।
















