ਭਰਤੀ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਕੱਲ੍ਹ ਤੋਂ ਹੋਵੇਗੀ ਸ਼ੁਰੂ!
ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਚਾਨਣ ਮੁਨਾਰਾ ਸਾਬਤ ਹੋ ਰਿਹਾ ਹੈ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਵਿਸ਼ੇਸ਼ ਪ੍ਰੋਜੈਕਟ

ਪੰਜਾਬ ਪੁਲਿਸ, ਫ਼ੌਜ ਅਤੇ ਪੈਰਾ ਮਿਲਟਰੀ ਫੋਰਸਿਜ਼ ਲਈ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਮੁਫ਼ਤ ਫਿਜ਼ੀਕਲ ਟ੍ਰੇਨਿੰਗ ਵੀ ਜਾਰੀ
ਮਹਿੰਗੀਆਂ ਕਿਤਾਬਾਂ ਦਾ ਖ਼ਰਚਾ ਬਚੇਗਾ; ਅੰਬੁਜਾ ਫਾਊਂਡੇਸ਼ਨ CSR ਅਧੀਨ ਅਧਿਆਪਕਾਂ ਦੀ ਮਾਨਭੇਟਾ ਦਾ ਚੁੱਕ ਰਹੀ ਹੈ ਜ਼ਿੰਮਾ
ਬਠਿੰਡਾ, 30 ਜੂਨ 2026:
ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਉੱਚ ਮੁਕਾਮ ‘ਤੇ ਪਹੁੰਚਾਉਣ ਅਤੇ ਸਰਕਾਰੀ ਨੌਕਰੀਆਂ ਦੇ ਯੋਗ ਬਣਾਉਣ ਲਈ ਚਲਾਇਆ ਜਾ ਰਿਹਾ ‘ਮਿਸ਼ਨ ਪ੍ਰਗਤੀ’ ਪ੍ਰੋਜੈਕਟ ਵਿਦਿਆਰਥੀਆਂ ਦੇ ਭਵਿੱਖ ਲਈ ਚਾਨਣ ਮੁਨਾਰਾ ਸਾਬਤ ਹੋ ਰਿਹਾ ਹੈ। ਇਸ ਮਿਸ਼ਨ ਅਧੀਨ ਜ਼ਿਲ੍ਹਾ ਲਾਇਬ੍ਰੇਰੀ, ਬਠਿੰਡਾ ਵਿਖੇ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਬਿਨਾਂ ਕਿਸੇ ਫ਼ੀਸ ਦੇ ਮੁਫ਼ਤ ਕੋਚਿੰਗ ਦਿੱਤੀ ਜਾ ਰਹੀ ਹੈ।
ਇਸ ਸਬੰਧੀ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪ੍ਰੋਜੈਕਟ ਦਾ ਅਗਲਾ ਨਵਾਂ ਬੈਚ 1 ਜੁਲਾਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। DC ਨੇ ਕਿਹਾ ਕਿ ਸਰਕਾਰ ਵੱਲੋਂ ਬੱਚਿਆਂ ਦੇ ਸੁਨਹਿਰੀ ਅਤੇ ਉੱਜਵਲ ਭਵਿੱਖ ਲਈ ਮੁਫ਼ਤ ਕੋਚਿੰਗ ਦੇਣ ਦਾ ਚੁੱਕਿਆ ਗਿਆ ਇਹ ਕਦਮ ਬਹੁਤ ਹੀ ਸ਼ਲਾਘਯੋਗ ਉਪਰਾਲਾ ਹੈ, ਜਿਸ ਨਾਲ ਆਰਥਿਕ ਤੌਰ ‘ਤੇ ਕਮਜ਼ੋਰ ਪਰ ਹੋਣਹਾਰ ਬੱਚਿਆਂ ਨੂੰ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਹੈ।
ਲਿਖਤੀ ਪ੍ਰੀਖਿਆ ਦੇ ਨਾਲ-ਨਾਲ ਮੁਫ਼ਤ ਫਿਜ਼ੀਕਲ ਟ੍ਰੇਨਿੰਗ ਵੀ ਜਾਰੀ

ਰਾਜੇਸ਼ ਧੀਮਾਨ ਨੇ ਦੱਸਿਆ ਕਿ ਲਿਖਤੀ ਪ੍ਰੀਖਿਆ ਪਾਸ ਕਰਨ ਉਪਰੰਤ ਪੰਜਾਬ ਪੁਲਿਸ, ਫ਼ੌਜ ਜਾਂ ਪੈਰਾ ਮਿਲਟਰੀ ਫੋਰਸਿਜ਼ ਵਿੱਚ ਭਰਤੀ ਹੋਣ ਲਈ ਫਿਜ਼ੀਕਲ ਟ੍ਰੇਨਿੰਗ ਫਿਟਨੈਂਸ ਇੱਕ ਬਹੁਤ ਹੀ ਜ਼ਰੂਰੀ ਅੰਗ ਹੈ। ਇਸ ਟੈਸਟ ਨੂੰ ਪਾਸ ਕਰਵਾਉਣ ਲਈ ਮਾਹਰ ਕੋਚਾਂ ਰਾਹੀਂ ‘ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ’ ਵਿਖੇ 9 ਮਾਰਚ 2026 ਤੋਂ ਬਿਨਾਂ ਕਿਸੇ ਫ਼ੀਸ ਦੇ ਮੁਫ਼ਤ ਫਿਜ਼ੀਕਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਤਾਂ ਜੋ ਨੌਜਵਾਨ ਸਰੀਰਕ ਟੈਸਟ ਵਿੱਚੋਂ ਵੀ ਸਫ਼ਲ ਹੋ ਸਕਣ।
ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਤਹਿਤ 40 ਬੱਚਿਆਂ ਦਾ ਪਹਿਲਾ ਬੈਚ 5 ਜਨਵਰੀ 2026 ਨੂੰ ਸ਼ੁਰੂ ਕੀਤਾ ਗਿਆ ਸੀ। ‘ਮਿਸ਼ਨ ਪ੍ਰਗਤੀ’ ਦੀ ਵੱਡੀ ਸਫ਼ਲਤਾ ਇਸ ਗੱਲ ਤੋਂ ਦੇਖੀ ਜਾ ਸਕਦੀ ਹੈ ਕਿ ਇਸ ਬੈਚ ਦੇ ਚੁਣੇ ਗਏ ਪੰਜ ਵਿਦਿਆਰਥੀਆਂ ਦੀ ਕਾਮਯਾਬੀ ਕਰਕੇ ਹੁਣ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਅਤੇ ਹੁੰਗਾਰਾ ਦੇਖਣ ਨੂੰ ਮਿਲ ਰਿਹਾ ਹੈ। ਇਸੇ ਤਰ੍ਹਾਂ 6 ਅਪ੍ਰੈਲ ਤੋਂ 60 ਬੱਚਿਆਂ ਦਾ ਸ਼ੁਰੂ ਕੀਤਾ ਗਿਆ ਦੂਸਰਾ ਬੈਚ ਹੁਣ ਸਫ਼ਲਤਾਪੂਰਵਕ ਖ਼ਤਮ ਹੋ ਚੁੱਕਾ ਹੈ।
ਡੀਸੀ ਨੇ ਦੱਸਿਆ ਕਿ ਇਸ ਮਿਸ਼ਨ ਅਧੀਨ ਤਜ਼ਰਬੇਕਾਰ ਅਤੇ ਮਾਹਰ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਂਦੀ ਹੈ, ਜਿਨ੍ਹਾਂ ਵਿੱਚ ਸਿੱਖਿਆ ਵਿਭਾਗ ਤੋਂ ਸੇਵਾ-ਮੁਕਤ (Retired) ਹੋਏ 2 ਅਧਿਆਪਕ ਵੀ ਸ਼ਾਮਲ ਹਨ ਜੋ ਬੱਚਿਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਦੇ ਗੁਰ ਸਿਖਾ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀਆਂ ਕਿਤਾਬਾਂ ਕਾਫ਼ੀ ਮਹਿੰਗੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਖ਼ਰਚਾ ਹਰ ਬੱਚਾ ਨਹੀਂ ਚੁੱਕ ਸਕਦਾ। ਇਸ ਲਈ ਵਿਦਿਆਰਥੀ ਜ਼ਿਲ੍ਹਾ ਲਾਇਬ੍ਰੇਰੀ ਦੇ ਮੈਂਬਰ ਬਣ ਕੇ ਕੇਵਲ 1000/- ਰੁਪਏ (ਜੋ ਕਿ ਮੋੜਨਯੋਗ/Refundable ਸਕਿਉਰਟੀ ਹੈ) ਭਰ ਕੇ ਇਹ ਮਹਿੰਗੀਆਂ ਕਿਤਾਬਾਂ ਲਾਇਬ੍ਰੇਰੀ ਵਿੱਚੋਂ ਪੜ੍ਹਨ ਲਈ ਪ੍ਰਾਪਤ ਕਰ ਸਕਦੇ ਹਨ।
ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਨੂੰ ਦਿੱਤੀ ਜਾਣ ਵਾਲੀ ਮਾਨਭੇਟਾ (Honorarium) ਦਾ ਬੋਝ ਵੀ ਸੂਬਾ ਸਰਕਾਰ ‘ਤੇ ਨਹੀਂ ਹੈ। ਇੱਕ ਸਾਲ ਲਈ ਇਨ੍ਹਾਂ ਅਧਿਆਪਕਾਂ ਦਾ ਮਾਨਭੇਟਾ ਖ਼ਰਚਾ ‘ਅੰਬੁਜਾ ਫਾਊਂਡੇਸ਼ਨ’ ਵੱਲੋਂ ਸੀ.ਐੱਸ.ਆਰ. (CSR- Corporate Social Responsibility) ਫੰਡ ਅਧੀਨ ਦਿੱਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਚਾਹਵਾਨ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ 1 ਜੁਲਾਈ ਤੋਂ ਸ਼ੁਰੂ ਹੋ ਰਹੇ ਇਸ ਨਵੇਂ ਬੈਚ ਦਾ ਵੱਧ ਤੋਂ ਵੱਧ ਲਾਭ ਉਠਾਉਣ।
















