Giordano Bruno: ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼: ਬਾਗੀ-ਚਿੰਤਕ ਵਿਗਿਆਨੀ ਬਰੂਨੋ ਜਿਸਨੂੰ ਜਿਊਂਦੇ ਸਾੜਿਆ ਗਿਆ
-ਯਸ਼ ਪਾਲ (ਵਰਗ ਚੇਤਨਾ)
Giordano Bruno: ਅੱਜ ਤੋਂ 422 ਸਾਲ ਪਹਿਲਾਂ 16 ਫਰਵਰੀ, 1600 ਨੂੰ ਇਟਲੀ ਅੰਦਰ ਨੇਪਲਜ਼ ਦੇ ਨੇੜੇ ਨੋਲਾ ਨਾਂ ਦੇ ਪਿੰਡ ਦੇ ਜੰਮਪਲ ਜੀਅਰ ਡੈਨੋ ਬਰੂਨੋ ਨੂੰ ਤਫਤੀਸ਼ੀ ਸੂਹੀਆਂ ਵਲੋਂ ਖੰਭੇ ਨਾਲ ਬੰਨ੍ਹ ਕੇ ਜਿਉਂਦੇ ਨੂੰ ਸਾੜ ਦਿੱਤਾ ਗਿਆ ਸੀ। ਬਰੂਨੋ ਉਨ੍ਹਾਂ ਪਹਿਲੇ ਦਾਰਸ਼ਨਿਕ–ਚਿੰਤਕਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਵਿਗਿਆਨਕ ਅਤੇ ਦਾਰਸ਼ਨਿਕ ਵਿਚਾਰ ਦੇਸੀ ਭਾਸ਼ਾ ਵਿੱਚ ਬਹਿਸ ਅਧੀਨ ਲਿਆਂਦੇ ਸਨ। ਉਨ੍ਹਾਂ ਸਮਿਆਂ ਵਿੱਚ ਬੌਧਿਕ ਵਾਰਤਾਲਾਪ ਦੀ ਭਾਸ਼ਾ ਲਾਤੀਨੀ ਸੀ। ਇਸ ਕਰਕੇ ਬਰੂਨੋ ਨੂੰ ਵਿਗਿਆਨ ਦੇ ਮੁੱਢਲੇ ਲੋਕ–ਪ੍ਰਚਾਰਕਾਂ ਵਿੱਚ ਗਿਣਿਆ ਜਾ ਸਕਦਾ ਹੈ। ਬਰੂਨੋ ਦਾ ਨਾਂ ਉਨ੍ਹਾਂ ਮੁੱਢਲੇ ਵਿਗਿਆਨੀਆਂ ਵਿਚੋਂ ਇੱਕ ਉੱਭਰਵੀਂ ਮਿਸਾਲ ਵਜੋਂ ਲਿਆ ਜਾਂਦਾ ਹੈ ਜਿਨ੍ਹਾਂ ਨੇ 16ਵੀਂ ਤੇ 17ਵੀਂ ਸਦੀ ਦੌਰਾਨ ਧਾਰਮਿਕ ਸੱਤਾਧਾਰੀਆਂ ਹੱਥੋਂ ਭਾਰੀ ਤਸੀਹੇ ਝੱਲੇ।
ਬਰੂਨੋ ਦਾ ਜੀਵਨ–ਕਾਲ ਉਹ ਸਮਾਂ ਸੀ ਜਦੋਂ ਅਜੋਕਾ ਵਿਗਿਆਨ ਅਜੇ ਉੱਭਰ ਰਿਹਾ ਸੀ। ਉਹ ਇੱਕ ਜੋਸ਼ੀਲਾ ਜਨਤਕ–ਬੁਲਾਰਾ ਸੀ। ਗਰਮ ਖਿਆਲੀ ਵਿਚਾਰਵਾਨ ਅਤੇ ਸੱਚਾ, ਸਿਰੜੀ–ਸਿਦਕੀ ਬੰਦਾ ਸੀ। ਉਹ ਸਚਾਈ ਨੂੰ ਸਾਬਤ ਕਰਨ ਲਈ ਤਰਕ ਅਤੇ ਦਲੀਲ ਵਿੱਚ ਯਕੀਨ ਰੱਖਦਾ ਸੀ ਅਤੇ ਇਸ ਦੀ ਜੋਰਦਾਰ ਵਕਾਲਤ ਵੀ ਕਰਦਾ ਸੀ। ਉਸਨੇ ਸਾਲ 1591 ਵਿੱਚ ਆਪਣੀ ਇੱਕ ਪੁਸਤਕ ਵਿੱਚ ਲਿਖਿਆ, ਜਿਹੜਾ ਵੀ ਦਾਰਸ਼ਨਿਕ ਬਣਨਾ ਚਾਹੁੰਦਾ ਹੈ ਉਸਨੂੰ ਸਭ ਤੋਂ ਪਹਿਲਾਂ ਸਭਨਾਂ ਵਿਚਾਰਾਂ ਉਪਰ ਕਿੰਤੂ–ਪ੍ਰੰਤੂ ਕਰਨਾ ਚਾਹੀਦਾ ਹੈ। ਉਸਨੂੰ ਕਿਸੇ ਵੀ ਵਾਦ–ਵਿਵਾਦ ਅੰਦਰ ਵੱਖ–ਵੱਖ ਦਲੀਲਾਂ ਸੁਣਨ ਅਤੇ ਹੱਕ ਤੇ ਵਿਰੋਧ ਵਿੱਚ ਦਿੱਤੀਆਂ ਦਲੀਲਾਂ ਉਪਰ ਵਿਚਾਰ ਕਰਨ ਤੋਂ ਬਿਨਾਂ ਆਪਣੀ ਪੱਕੀ ਰਾਇ ਨਹੀਂ ਬਣਾਉਣੀ ਚਾਹੀਦੀ। ਉਸਨੂੰ ਸਿਰਫ ਸੁਣੀ–ਸੁਣਾਈ ਗੱਲ ਉਪਰ ਭਰੋਸਾ ਕਰਕੇ ਜਾਂ ਬਹੁ–ਗਿਣਤੀ ਦੀ ਰਾਏ ਦੇ ਅਧਾਰ ‘ਤੇ ਕਦੇ ਵੀ ਆਪਣਾ ਮਨ ਨਹੀਂ ਬਣਾਉਣਾ ਚਾਹੀਦਾ। ਸਗੋਂ ਉਸਨੂੰ ਇੱਕ ਜੀਵੰਤ ਸਿਧਾਂਤ ਦੀ ਸੇਧ ਮੁਤਾਬਕ ਚਲਣਾ ਚਾਹੀਦਾ ਹੈ, ਜਿਹੜਾ ਹਕੀਕਤ ਅਤੇ ਸਚਾਈ ਨਾਲ ਮੇਲ ਖਾਂਦਾ ਹੋਵੇ ਅਤੇ ਤਰਕ ਦੀ ਕਸੌਟੀ ‘ਤੇ ਖਰਾ ਉਤਰਦਾ ਹੋਵੇ।
ਆਮ ਕਰਕੇ ਇਹ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਬਰੂਨੋ ਨੂੰ ਤਫਤੀਸ਼ੀ ਸੂਹੀਆਂ ਵਲੋਂ ਇਸ ਲਈ ਖੰਭੇ ਨਾਲ ਬੰਨ੍ਹ ਕੇ ਜਿਉਂਦੇ ਸਾੜਿਆ ਗਿਆ ਕਿ ਉਹ ਕਾਪਰਨੀਕਸ ਦੇ ‘ਸੁਰਜੀ ਕੇਂਦਰਕ ਬ੍ਰਹਿਮੰਡ‘ ਦੇ ਵਿਚਾਰਾਂ ਦੀ ਵਕਾਲਤ ਕਰਦਾ ਸੀ ਅਤੇ ਉਹ ਧਰਤੀ ਵਰਗੇ ਹੋਰ ਅਨੰਤ ਵਸਦੇ ਸੰਸਾਰਾਂ ਵਿੱਚ ਯਕੀਨ ਰੱਖਦਾ ਸੀ। ਇਹ ਕਾਪਰਨੀਕਸ ਹੀ ਸੀ ਜਿਸ ਨੇ ਇਹ ਇਨਕਲਾਬੀ ਮਨੌਤ ਪੇਸ਼ ਕੀਤੀ ਕਿ ਸਾਰੇ ਗੋਲਾਕਾਰ ਪਿੰਡ ਸੂਰਜੀ ਕੇਂਦਰ ਦੁਆਲੇ ਘੁੰਮਦੇ ਹਨ। ਇਸ ਲਈ ਸੂਰਜ ਹੀ ਬ੍ਰਹਿਮੰਡ ਦਾ ਕੇਂਦਰ ਹੈ।ਇਸਦੀ ਪੁਸ਼ਟੀ ਗੈਲੀਲੀਓ ਦੀਆਂ ਖੋਜਾਂ ਰਾਹੀਂ ਹੋਈ। ਉਸਨੇ ਦਿਖਾਇਆ ਕਿ ਪ੍ਰਿਥਵੀ ਤਾਂ ਸੂਰਜ ਦੁਆਲੇ ਅਤੇ ਆਪਣੇ ਧੁਰੇ ਦੁਆਲੇ ਘੁੰਮਣ ਵਾਲੇ ਗ੍ਰਹਿਆਂ ਵਰਗਾ ਹੀ ਇੱਕ ਗ੍ਰਹਿ ਹੈ। ਬਰੂਨੋ ਦੀਆਂ ਲਿਖਤਾਂ ਵਿੱਚ ਭਾਵੇਂ ਕਾਪਰਨੀਕਸਵਾਦ ਦੀ ਵਕਾਲਤ ਕੀਤੀ ਗਈ ਦਿਸਦੀ ਹੈ ਪਰ ਉਹ ਤਾਰਾ ਵਿਗਿਆਨੀ ਨਹੀਂ ਸੀ। ਉਂਜ ਉਸਨੇ ਵਿਗਿਆਨ ਦੇ ਅਧਾਰ ਨੂੰ ਵਿਸ਼ਾਲ ਅਤੇ ਮਜਬੂਤ ਬਣਾਉਣ ਲਈ ਇੱਕ ਨਿਸ਼ਚਿਤ ਭੂਮਿਕਾ ਨਿਭਾਈ। ਉਸਨੇ ਕੁਦਰਤ ਵਿਗਿਆਨੀਆਂ ਅਤੇ ਦਾਰਸ਼ਨਿਕਾਂ ਨੂੰ ਕਾਪਰਨੀਕਸ ਦੇ ਸਿਧਾਂਤਾਂ ਦੀਆਂ ਦੂਰ–ਰਸ ਅਰਥ–ਸੰਭਾਵਨਾਵਾਂ ਪ੍ਰਤੀ ਸੋਚਣ ਲਈ ਮਜਬੂਰ ਕੀਤਾ ਜਿਸਨੇ ਅਜੋਕੇ ਵਿਗਿਆਨ ਦੇ ਬੂਹੇ ‘ਤੇ ਦਸਤਕ ਦੇਣ ਵਿੱਚ ਮੱਦਦ ਕੀਤੀ।
ਬਰੂਨੋ ਨੇ ਸਭ ਕਿਸਮ ਦੇ ਰੂੜੀਵਾਦ ਨੂੰ ਚੁਣੌਤੀ ਦਿੱਤੀ। ਭਾਵੇਂ ਉਸਨੇ ਆਪਣੀ ਜਿੰਦਗੀ ਦਾ ਬਹੁਤਾ ਹਿੱਸਾ ਦੁਸ਼ਮਣ ਤੇ ਵਿਰੋਧੀ ਮੁਲਕਾਂ ਅੰਦਰ ਇਧਰ–ਉਧਰ ਘੁੰਮ ਫਿਰ ਕੇ ਹੀ ਗੁਜਾਰਿਆ ਫਿਰ ਵੀ ਉਸਨੇ 20 ਦੇ ਲਗਭਗ ਪੁਸਤਕਾਂ ਲਿਖੀਆਂ। ਉਹ ਸ਼ਬਦ–ਸ਼ਾਸਤਰ ਵਿੱਚ ਰੁਚੀ ਰੱਖਦਾ ਸੀ। ਉਸਨੂੰ ਇੱਕ ਮੋਢੀ ਸ਼ਬਦਾਰਥ–ਵਿਗਿਆਨੀ ਵੀ ਕਿਹਾ ਜਾ ਸਕਦਾ ਹੈ। ਬਰੂਨੋ ਦੇ ਬ੍ਰਹਿਮੰਡ–ਵਿਗਿਆਨ ਬਾਰੇ ਵਿਚਾਰ ਉਸ ਦੀਆਂ ਤਿੰਨ ਲਿਖਤਾਂ ਵਿੱਚ ਦਰਜ ਹਨ।
- ਬੁੱਧਵਾਰ ਰਾਤਰੀ ਭੋਜ,
- ਕਾਰਨ ਸਿਧਾਂਤ ਤੇ ਏਕਤਾ ਬਾਰੇ,
- ਅਸੀਮ ਬ੍ਰਹਿਮੰਡ ਤੇ ਅਨੰਤ ਸੰਸਾਰਾਂ ਬਾਰੇ।
‘ਬੁੱਧਵਾਰੀ ਰਾਤਰੀ ਭੋਜ‘ ਵਿੱਚ ਬਰੂਨੋ ਨੇ ਕਾਪਰਨੀਕਸ ਦੇ ਸੂਰਜੀ ਕੇਂਦਰਕ ਬ੍ਰਹਿਮੰਡ ਵਿਚਾਰਾਂ ਦੀ ਵਕਾਲਤ ਕੀਤੀ ਹੈ। ‘ਕਾਰਨ, ਸਿਧਾਂਤ ਤੇ ਏਕਤਾ ਬਾਰੇ‘ ਵਿਚ ਉਸਨੇ ਲਿਖਿਆ ਹੈ, ਇਸ ਸਮੁਚੇ ਭੂ–ਮੰਡਲ ਦੀ, ਇਸ ਤਾਰੇ ਦੀ ਕਿਉਂਕਿ ਨਾ ਮੌਤ ਅਤੇ ਨਾ ਹੀ ਤਬਾਹੀ ਹੋ ਸਕਦੀ ਹੈ ਅਤੇ ਵਿਨਾਸ਼ ਕੁਦਰਤ ਵਿੱਚ ਕਿਤੇ ਵੀ ਸੰਭਵ ਨਹੀਂ ਹੈ, ਇਸ ਲਈ ਇਹ ਭੂ–ਮੰਡਲ ਆਪਣੇ ਸਭ ਅੰਸ਼ਾਂ ਦੀ ਅਦਲਾ–ਬਦਲੀ ਅਤੇ ਰੂਪਾਂਤਰਣ ਰਾਹੀਂ ਸਮੇਂ–ਸਮੇਂ ਸਿਰ ਆਪਣੇ ਆਪ ਨੂੰ ਨਵਿਆਉਂਦਾ ਰਹਿੰਦਾ ਹੈ। ਨਿਰੋਲ ਅਮੂਰਤ ‘ਉਪਰ–ਹੇਠਾਂ‘ ਕੁਝ ਵੀ ਨਹੀਂ ਹੁੰਦਾ (ਜਿਵੇਂ ਕਿ ਅਰਸਤੂ ਦੀ ਸਿੱਖਿਆ ਪ੍ਰਚਲਿਤ ਸੀ) ਸਗੋਂ ਕਿਸੇ ਵਸਤੂ ਦੀ ਸਥਿਤੀ ਦੂਜੀਆਂ ਵਸਤੂਆਂ ਦੀ ਸਥਿਤੀ ਦੇ ਤੁਲਨਾਤਮਕ ਹੀ ਹੁੰਦੀ ਹੈ। ਸਾਰੇ ਬ੍ਰਹਿਮੰਡ ਅੰਦਰ ਹਰ ਜਗ੍ਹਾ ਲਗਾਤਾਰ ਸਾਪੇਖ ਪਰਿਵਰਤਨ ਹੁੰਦਾ ਰਹਿੰਦਾ ਹੈ ਅਤੇ ਨਿਰੀਖਕ ਹਮੇਸ਼ਾ ਕੇਂਦਰ ਵਿਚ ਹੁੰਦਾ ਹੈ। ਆਪਣੀ ਲਿਖਤ ‘ਅਸੀਮ ਬ੍ਰਹਿਮੰਡ ਤੇ ਅਨੰਤ ਸੰਸਾਰ‘ ਵਿਚ ਬਰੂਨੋ ਨੇ ਦਲੀਲ ਦਿੱਤੀ ਹੈ ਕਿ, ਬ੍ਰਹਿਮੰਡ ਅਸੀਮ ਹੈ। ਇਸ ਅੰਦਰ ਅਨੰਤ ਸੰਸਾਰ ਹਨ ਅਤੇ ਇਨ੍ਹਾਂ ਅਨੰਤ ਸੰਸਾਰਾਂ ਉਪਰ ਸੂਝਵਾਨ ਜੀਵਾਂ ਦੀ ਹੋਂਦ ਹੈ।
ਜੀਓਰ ਡੈਨੋ ਦਾ ਅਸਲੀ ਨਾਮ ਫਿਲੀਪੋ ਬਰੂਨੋ ਸੀ। ਉਸਦੇ ਫੌਜੀ ਪਿਤਾ ਜੀਓਵੈਲੀ ਬਰੂਨੋ ਨੇ ਉਸਨੂੰ ਨੇਪਲਜ਼ ਦੇ ‘ਸੇਂਟ ਡੋਮੀਨੀਕੋ ਮੱਠ‘ ਵਿਚ ਦਾਖਲ ਕਰਵਾ ਦਿੱਤਾ। ਇਹ ਇੱਕ ਮਹਾਨ ਮੱਠ ਸੀ ਜਿਥੇ ਕਿਸੇ ਸਮੇਂ ਇਟਲੀ ਦਾ ਵਿਦਵਾਨ ਦਾਰਸ਼ਨਿਕ ਤੇ ਅਧਿਆਤਮਵਾਦੀ ਸੇਂਟ ਥਾਮਸ ਏਕਨਜ਼ (1225-1274) ਰਿਹਾ ਕਰਦਾ ਸੀ ਅਤੇ ਪੜ੍ਹਾਇਆ ਕਰਦਾ ਸੀ। ਬਰੂਨੋ ਦੇ ਮੱਠ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਸਦਾ ਨਾਮ ਜਿਅਰਡੈਨੋ ਪੈ ਗਿਆ। ਸਾਲ 1572 ਵਿੱਚ ਉਸਨੂੰ ਪਾਦਰੀ ਨਿਯੁਕਤ ਕਰ ਦਿੱਤਾ ਗਿਆ। ਇਸ ਡੋਮੀਨੀਕਨ ਮੱਤ ਦਾ ਮੁੱਖ ਉਦੇਸ਼ ਪ੍ਰਚਾਰ ਅਤੇ ਸਿੱਖਿਆ ਸੀ। ਇਸ ਦੇ ਪ੍ਰਚਾਰਕ ਰੂੜੀਵਾਦ ਦੇ ਪ੍ਰਮੁੱਖ ਮੁੱਦਈ ਸਨ। ਇਸ ਮੱਤ ਦੀ ਤਫਤੀਸ਼ੀ ਸੂਹੀਆ ਪ੍ਰਣਾਲੀ ਰਸਮੀ ਤੌਰ ਤੇ ਪੋਪ ਗਰੋਗਰੀ ਵਲੋਂ ਸਾਲ 1231 ਵਿੱਚ ਕਾਇਮ ਕੀਤੀ ਗਈ ਸੀ। ਇਸਦਾ ਮੁੱਖ ਮੰਤਵ ਵੱਧ ਰਹੇ ‘ਨਾਸਤਿਕਤਾ ਦੇ ਖਤਰੇ‘ ਦਾ ਮੁਕਾਬਲਾ ਕਰਨਾ ਸੀ। ਤਫਤੀਸ਼ੀ ਸੂਹੀਏ, ਪੋਪ ਦੁਆਰਾ ਵਿਸ਼ੇਸ ਤੌਰ ਤੇ ਨਿਯੁਕਤ ਕੀਤੇ ਜਾਂਦੇ ਸਨ। ਉਨ੍ਹਾਂ ਦੇ ਹੱਥ ਵਿੱਚ ਕਾਫੀ ਤਾਕਤ ਹੁੰਦੀ ਸੀ। ਸਾਲ 1252 ਵਿੱਚ ਤਸ਼ੱਦਦ ਦੀ ਵਰਤੋਂ ਜਾਇਜ਼ ਕਰਾਰ ਦੇ ਦਿੱਤੀ ਗਈ। ਮੁਕੱਦਮੇ ਗੁਪਤ ਤੌਰ ਤੇ ਚਲਾਏ ਜਾਂਦੇ ਸਨ। ਜਿਹੜੇ ਵਿਅਕਤੀ ਆਪਣਾ ਦੋਸ਼ ਸਵੀਕਾਰ ਕਰ ਲੈਂਦੇ ਸਨ, ਤਫਤੀਸ਼ੀ ਸੂਹੀਏ ਉਨ੍ਹਾਂ ਤੋਂ ਪਸ਼ਚਾਤਾਪ ਕਰਵਾਉਂਦੇ ਸਨ ਅਤੇ ਮੁਆਫੀ ਮੰਗਵਾਉਂਦੇ ਸਨ।
ਜਿਹੜੇ ਆਪਣਾ ਦੋਸ਼ ਸਵੀਕਾਰ ਨਹੀਂ ਸੀ ਕਰਦੇ ਉਨ੍ਹਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਸੀ ਤੇ ਜਿਊਦਿਆਂ ਨੂੰ ਸਾੜ ਦਿੱਤਾ ਜਾਂਦਾ ਸੀ। ਬਰੂਨੋ ਆਪਣੇ ਵਿਦਿਆਰਥੀ ਜੀਵਨ ਵਿੱਚ ਵੀ ਆਪਣੇ ਮੌਲਿਕ ਵਿਚਾਰਾਂ ਕਰਕੇ ਅਤੇ ਪਰੰਪਰਾਗਤ ਅਧਿਆਤਮਕ ਸਿਧਾਂਤਾਂ ਦੀ ਬੇਬਾਕ ਆਲੋਚਨਾ ਕਰਨ ਕਰਕੇ ਖਾਸਾ ਚਰਚਿਤ ਸੀ। ਸਾਲ 1576 ਵਿਚ ਉਸਨੂੰ ਤਫਤੀਸ਼ੀ ਸੂਹੀਆਂ ਵਲੋਂ ਰਸਮੀ ਤੌਰ ਤੇ ਨਾਸਤਿਕਤਾ ਦਾ ਦੋਸ਼ੀ ਠਹਿਰਾਇਆ ਗਿਆ। ਉਹ ਗ੍ਰਿਫਤਾਰੀ ਤੋਂ ਬਚਣ ਲਈ ਨੇਪਲਜ਼ ਨੂੰ ਛੱਡ ਕੇ ਰੋਮ ਚਲਾ ਗਿਆ ਪਰ ਉਸਦੇ ਵਿਚਾਰਾਂ ਵਿੱਚ ਕੋਈ ਤਬਦੀਲੀ ਨਾ ਆਈ। ਇਸ ਲਈ ਉਸ ਵਿਰੁੱਧ ਦੋਸ਼ ਮੁੜ ਨਵੇਂ ਸਿਰਿਓਂ ਮੜ੍ਹ ਦਿੱਤੇ ਗਏ। ਇਸ ਮੌਕੇ ਉਸਨੇ ‘ਡੋਮੀਨੀਕੀਨ‘ ਨਾਲੋਂ ਆਪਣਾ ਨਾਤਾ ਤੋੜ ਲਿਆ ਅਤੇ ਰੋਮ ਸ਼ਹਿਰ ਵੀ ਛੱਡ ਦਿੱਤਾ। ਬਰੂਨੋ ਇਟਲੀ, ਫਰਾਂਸ, ਇੰਗਲੈਂਡ ਅਤੇ ਜਰਮਨੀ ਸਾਰੇ ਘੁੰਮਿਆ।
ਫਰਾਂਸ ਵਿੱਚ ਉਸਨੂੰ ਰਾਜਾ ਹੈਨਰੀ-3 (1551-89) ਨੇ ਥਾਪਣਾ ਦਿੱਤੀ ਜਿਸ ਨੇ ੳਸਦੀ ਕਾਲਜ ਆਫ ਫਰਾਂਸ ਵਿੱਚ ਨਿਯੁਕਤੀ ਕੀਤੀ। ਬਰੂਨੋ ਸਾਲ 1583 ਵਿੱਚ ਲੰਦਨ ਪੰਹੁਚਿਆ ਅਤੇ ਉਥੇ ਤਿੰਨ ਸਾਲ ਤੱਕ ਰਿਹਾ। ਇੰਗਲੈਂਡ ਵਿੱਚ ਉਸਦੀ ਠਹਿਰ ਉਸ ਦੇ ਜੀਵਨ ਦੇ ਸਭ ਤੋਂ ਵੱਧ ਸਫਲ ਸਮਿਆਂ ਵਿਚੋਂ ਇੱਕ ਸੀ। ਇਥੇ ਉਸਨੇ ਪਹਿਲੀ ਵਾਰ ਆਪਣੇ ਦਾਰਸ਼ਨਿਕ ਵਿਚਾਰਾਂ ਦੀ ਵਿਸਥਾਰਤ ਵਿਆਖਿਆ ਵਾਲੀਆਂ ਤਿੰਨ ਪੁਸਤਕਾਂ ਇਟਲੀ ਦੀ ਭਾਸ਼ਾ ਵਿੱਚ ਲਿਖੀਆਂ। ਵਿਲਿਅਮ ਗਿਲਗਰਟ (1544-1603) ਅਤੇ ਥਾਮਸ ਹੈਰੀਅਟ (1560-1621) ਵਰਗੇ ਉੱਘੇ ਵਿਗਿਆਨੀ ਬਰੂਨੋ ਦੇ ਬ੍ਰਹਿਮੰਡੀ ਵਿਚਾਰਾਂ ਦੇ ਮੋਢੀ ਹਿਮਾਇਤੀ ਬਣ ਗਏ। ਗਿਲਗਰਟ ਨੇ ਬਰੂਨੋ ਦੇ ਬ੍ਰਹਿਮੰਡੀ ਵਿਚਾਰਾਂ ਦੀ ਰੋਸ਼ਨੀ ਵਿੱਚ ਪਹਿਲੀ ਮਹਾਨ ਵਿਗਿਆਨਕ ਕਿਰਤ ‘ਚੁੰਬਕ, ਚੁੰਬਕੀ ਵਸਤਾਂ ਤੇ ਮਹਾਨ ਧਰਤ–ਚੁੰਬਕ‘ ਸਾਲ 1600 ਵਿੱਚ ਛਪਵਾਈ। ਹੈਰੀਅਟ ਨੇ ਸਾਲ 1608 ਵਿੱਚ ਬਰੂਨੋ ਦੇ ਅਸੀਮ ਬ੍ਰਹਿਮੰਡ ਵਿਚਾਰਾਂ ਉਪਰ ਬਹਿਸ ਕਰਨ ਲਈ ਜੋਹਨ ਕੈਪਲਰ (1571-1630) ਨਾਲ ਖ਼ਤੋ–ਖਿਤਾਬ ਕੀਤਾ।
ਸਾਲ 1591 ਵਿੱਚ ਬਰੂਨੋ ਜੁਆਨੋ–ਮੋਸੀਨੀਗੋ ਨਾਂ ਦੇ ਪਾਦਰੀ ਦੇ ਸੱਦੇ ‘ਤੇ ਇਟਲੀ ਵਾਪਸ ਆ ਗਿਆ। ਕਿਸੇ ਨਾ ਕਿਸੇ ਤਰ੍ਹਾਂ ਮੋਸੀਨੀਗੋ ਨੇ ਉਸਨੂੰ ਵੀਨਸ ਵਿੱਚ ਤਫਤੀਸ਼ੀ ਸੂਹੀਆਂ ਅੱਗੇ ਦੋਸ਼ੀ ਠਹਿਰਾ ਦਿੱਤਾ ਅਤੇ ਬਰੂਨੋ ਨੂੰ ਸਾਲ 1592 ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਫਿਰ ਉਸ ਨੂੰ ਰੋਮ ਵਿੱਚ ਤਫਤੀਸ਼ੀ ਸੂਹੀਆਂ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਜੇਲ ਵਿੱਚ ਸੁੱਟ ਦਿੱਤਾ ਗਿਆ। 7 ਸਾਲਾਂ ਦੇ ਮੁਕੱਦਮੇ ਤੋਂ ਬਾਅਦ ਤਫਤੀਸ਼ੀ ਸੂਹਿਆਂ ਨੇ 20 ਜਨਵਰੀ 1600 ਨੂੰ ਆਪਣਾ ਫੈਸਲਾ ਸੁਣਾਇਆ। ਸਜਾ ਸੁਣਾਉਣ ਤੋਂ ਬਾਅਦ ਵੀ ਉਸਨੂੰ ਪਸ਼ਚਾਤਾਪ ਕਰਨ ਅਤੇ ਮੁਆਫੀ ਮੰਗਣ ਲਈ 8 ਦਿਨ ਦਿੱਤੇ ਗਏ ਪਰ ਉਹ ਫਿਰ ਵੀ ਨਹੀਂ ਝੁਕਿਆ। 16 ਫਰਵਰੀ 1600 ਨੂੰ ਬਰੂਨੋ ਨੂੰ ਰੋਮ ਵਿੱਚ ਖੰਭੇ ਨਾਲ ਬੰਨ੍ਹ ਕੇ ਜਿਉਂਦੇ ਨੂੰ ਸਾੜ ਦਿੱਤਾ ਗਿਆ। ਮਰਦੇ ਦਮ ਤਕ ਬਰੂਨੋ ਬਾਗੀ ਰਿਹਾ।
-ਯਸ਼ ਪਾਲ
ਸੰਪਰਕ: 9814535005






