Government Teacher Jumped into Canal! ਵੱਡਾ ਖ਼ੁਲਾਸਾ: ਨਹਿਰ ‘ਚ ਛਾਲ ਮਾਰਨ ਵਾਲਾ ਅਧਿਆਪਕ SIR ਡਿਊਟੀ ਤੋਂ ਸੀ ਪ੍ਰੇਸ਼ਾਨ, ਗੋਤਾਂਖੋਰਾਂ ਵੱਲੋਂ ਭਾਲ ਜਾਰੀ
ਗੁਰਦਾਸਪੁਰ 07 ਜੁਲਾਈ 2026-
Government Teacher Jumped into Canal! ਗੁਰਦਾਸਪੁਰ ਦੇ ਕਾਹਨੂਵਾਨ ਇਲਾਕੇ ਤੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਦਿਲ-ਕੰਬਾਊ ਖ਼ਬਰ ਸਾਹਮਣੇ ਆਈ ਹੈ। ਇੱਥੇ ਬਲਾਕ 1 ਦੇ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਝੰਡਾ ਲੁਬਾਣਾ ਵਿਖੇ ਤਾਇਨਾਤ ਇੱਕ ਸਰਕਾਰੀ ਅਧਿਆਪਕ ਵੱਲੋਂ ਭੱਟੀਆਂ ਪੁਲ ਦੇ ਨੇੜੇ ਨਹਿਰ ਵਿੱਚ ਛਾਲ ਮਾਰ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਧਿਆਪਕ ਨੇ ਇਹ ਖ਼ੌਫ਼ਨਾਕ ਕਦਮ ਚੁੱਕਣ ਤੋਂ ਪਹਿਲਾਂ ਆਪਣੀ ਕਾਰ ਪੁਲ ਦੇ ਨੇੜੇ ਖੜ੍ਹੀ ਕੀਤੀ।
ਜਿਵੇਂ ਹੀ ਇਹ ਖ਼ਬਰ ਇਲਾਕੇ ਵਿੱਚ ਫੈਲੀ, ਤਾਂ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਘਟਨਾ ਵਾਲੀ ਥਾਂ ‘ਤੇ ਇਕੱਠੇ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ, ਅਧਿਆਪਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ, ਵਾਸੀ ਪਿੰਡ ਸੱਲੋਪੁਰ ਵਜੋਂ ਹੋਈ ਹੈ। ਉਹ ਸਰਕਾਰੀ ਪ੍ਰਾਇਮਰੀ ਸਕੂਲ ਝੰਡਾ ਲੁਬਾਣਾ ਵਿੱਚ ਬਤੌਰ ਅਧਿਆਪਕ ਸੇਵਾਵਾਂ ਨਿਭਾ ਰਿਹਾ ਸੀ। ਨਹਿਰ ਵਿੱਚ ਛਾਲ ਮਾਰਨ ਤੋਂ ਐਨ ਪਹਿਲਾਂ ਗੁਰਪ੍ਰੀਤ ਸਿੰਘ ਨੇ ਆਪਣੇ ਇੱਕ ਸਾਥੀ ਅਧਿਆਪਕ ਨੂੰ ਫ਼ੋਨ ਕੀਤਾ।
ਫ਼ੋਨ ‘ਤੇ ਭਾਵੁਕ ਹੁੰਦਿਆਂ ਉਸਨੇ ਦੱਸਿਆ ਕਿ ਉਹ ਉਸਦੇ ਪਿੰਡ ਦੀ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾ ਰਿਹਾ ਹੈ। ਅਧਿਆਪਕ ਨੇ ਖ਼ੁਦਕੁਸ਼ੀ ਦਾ ਕਾਰਨ ਦੱਸਦਿਆਂ ਕਿਹਾ ਕਿ ਉਸਦੇ ਮਨ ‘ਤੇ ‘ਐਸ.ਆਈ.ਆਰ’ (SIR) ਦੇ ਕੰਮ ਦਾ ਬਹੁਤ ਜ਼ਿਆਦਾ ਮਾਨਸਿਕ ਬੋਝ ਹੈ, ਜੋ ਹੁਣ ਉਸ ਕੋਲੋਂ ਸਹਿਣ ਨਹੀਂ ਹੋ ਰਿਹਾ। ਉਸਨੇ ਇਹ ਵੀ ਕਿਹਾ ਕਿ ਉਹ ਆਪਣਾ ਮੋਬਾਈਲ ਫ਼ੋਨ ਅਤੇ ਹੋਰ ਸਾਰਾ ਜ਼ਰੂਰੀ ਸਮਾਨ ਗੱਡੀ ਦੇ ਅੰਦਰ ਹੀ ਛੱਡ ਰਿਹਾ ਹੈ।
ਇਸ ਘਟਨਾ ਤੋਂ ਬਾਅਦ ਪਿੰਡ ਦੇ ਕੁਝ ਸਥਾਨਕ ਨੌਜਵਾਨਾਂ ਅਤੇ ਗੋਤਾਖੋਰਾਂ ਵੱਲੋਂ ਨਹਿਰ ਦੇ ਤੇਜ਼ ਵਹਾਅ ਵਿੱਚ ਅਧਿਆਪਕ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਅਧਿਆਪਕ ਵੱਲੋਂ ਚੁੱਕੇ ਗਏ ਇਸ ਖ਼ੌਫ਼ਨਾਕ ਕਦਮ ਕਾਰਨ ਪੂਰੇ ਸਿੱਖਿਆ ਜਗਤ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
















