Govt Job Alert: ਪੰਜਾਬ ’ਚ ਸਰਕਾਰੀ ਨੌਕਰੀਆਂ ਦਾ ਸੁਨਿਹਰੀ ਮੌਕਾ! 1400 ਤੋਂ ਵੱਧ ਨਿਕਲੀਆਂ ਪੋਸਟਾਂ, ਜਲਦ ਕਰੋ ਅਪਲਾਈ
ਪੰਜਾਬ ’ਚ ਸਰਕਾਰੀ ਨੌਕਰੀ ਦਾ ਵੱਡਾ ਮੌਕਾ! ਗਰੁੱਪ-ਡੀ ਦੀਆਂ 1401 ਅਸਾਮੀਆਂ ਲਈ ਮੁੜ ਖੁੱਲ੍ਹਿਆ ਆਨਲਾਈਨ ਪੋਰਟਲ
ਚੰਡੀਗੜ੍ਹ, 31 ਅਗਸਤ 2026: ਪੰਜਾਬ ਦੇ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਅਹਿਮ ਖ਼ਬਰ ਹੈ। ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ (SSSB Punjab) ਵੱਲੋਂ ਇਸ਼ਤਿਹਾਰ ਨੰਬਰ 04 ਆਫ 2026 ਤਹਿਤ ਗਰੁੱਪ-ਡੀ ਦੀਆਂ ਕੁੱਲ 1401 ਅਸਾਮੀਆਂ ਲਈ ਆਨਲਾਈਨ ਅਰਜ਼ੀਆਂ ਦਾ ਪੋਰਟਲ ਮੁੜ ਖੋਲ੍ਹ ਦਿੱਤਾ ਗਿਆ ਹੈ। ਇਸ ਸਬੰਧੀ ਬੋਰਡ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।
ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ 25 ਅਗਸਤ 2026 ਤੋਂ ਸ਼ੁਰੂ ਹੋ ਚੁੱਕੀ ਹੈ, ਜਦਕਿ ਯੋਗ ਉਮੀਦਵਾਰ 4 ਸਤੰਬਰ 2026 ਤੱਕ ਆਨਲਾਈਨ ਅਪਲਾਈ ਕਰਨ ਦੇ ਨਾਲ-ਨਾਲ ਬਣਦੀ ਫੀਸ ਵੀ ਜਮ੍ਹਾਂ ਕਰਵਾ ਸਕਦੇ ਹਨ। ਉਮੀਦਵਾਰ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੀ ਅਧਿਕਾਰਤ ਵੈੱਬਸਾਈਟ sssb.punjab.gov.in ਰਾਹੀਂ ਅਰਜ਼ੀ ਦੇ ਸਕਦੇ ਹਨ।
ਕਿਹੜੀਆਂ ਅਸਾਮੀਆਂ ਲਈ ਹੋਵੇਗੀ ਭਰਤੀ?
1401 ਗਰੁੱਪ-ਡੀ ਅਸਾਮੀਆਂ ਵਿੱਚ ਸੇਵਾਦਾਰ, ਚੌਕੀਦਾਰ, ਸਫਾਈ ਸੇਵਕ, ਮਾਲੀ, ਬੇਲਦਾਰ, ਵਾਟਰ ਕੈਰੀਅਰ ਅਤੇ ਐਨੀਮਲ ਅਟੈਂਡੈਂਟ ਸਮੇਤ ਹੋਰ ਅਸਾਮੀਆਂ ਸ਼ਾਮਲ ਹਨ। ਬੋਰਡ ਵੱਲੋਂ ਇਨ੍ਹਾਂ ਅਸਾਮੀਆਂ ਲਈ ਨਿਰਧਾਰਤ ਯੋਗਤਾ ਅਤੇ ਹੋਰ ਸ਼ਰਤਾਂ ਪੂਰੀਆਂ ਕਰਨ ਵਾਲੇ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ।
ਵਿਦਿਅਕ ਯੋਗਤਾ ਤੇ ਉਮਰ ਹੱਦ
ਇਨ੍ਹਾਂ ਅਸਾਮੀਆਂ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ ਦਸਵੀਂ ਜਮਾਤ ਪਾਸ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਦਸਵੀਂ ਪੱਧਰ ’ਤੇ ਪੰਜਾਬੀ ਭਾਸ਼ਾ ਵਿਸ਼ਾ ਲਾਜ਼ਮੀ ਹੋਣਾ ਚਾਹੀਦਾ ਹੈ।
ਉਮਰ ਦੀ ਗਿਣਤੀ 1 ਜਨਵਰੀ 2026 ਦੇ ਆਧਾਰ ’ਤੇ ਕੀਤੀ ਜਾਵੇਗੀ। ਆਮ ਵਰਗ ਦੇ ਉਮੀਦਵਾਰਾਂ ਲਈ ਉਮਰ ਹੱਦ 18 ਤੋਂ 37 ਸਾਲ ਹੈ। ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਵੱਧ ਤੋਂ ਵੱਧ ਉਮਰ ਹੱਦ 42 ਸਾਲ, ਜਦਕਿ ਦਿਵਿਆਂਗ ਉਮੀਦਵਾਰਾਂ ਲਈ 47 ਸਾਲ ਤੱਕ ਹੈ। ਸਾਬਕਾ ਫੌਜੀਆਂ ਨੂੰ ਨਿਯਮਾਂ ਅਨੁਸਾਰ ਉਮਰ ਵਿੱਚ ਛੋਟ ਦਿੱਤੀ ਜਾਵੇਗੀ।
ਅਸਾਮੀਆਂ ਲਈ ਅਰਜ਼ੀ ਫੀਸ
ਆਮ ਵਰਗ, ਸੁਤੰਤਰਤਾ ਸੰਗਰਾਮੀਆਂ ਅਤੇ ਖਿਡਾਰੀਆਂ ਲਈ ਅਰਜ਼ੀ ਫੀਸ 1000 ਰੁਪਏ ਹੈ। ਅਨੁਸੂਚਿਤ ਜਾਤੀ, ਪੱਛੜੀ ਸ਼੍ਰੇਣੀ ਅਤੇ EWS ਵਰਗ ਲਈ 250 ਰੁਪਏ, ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ 200 ਰੁਪਏ, ਜਦਕਿ ਦਿਵਿਆਂਗ ਉਮੀਦਵਾਰਾਂ ਲਈ ਫੀਸ 500 ਰੁਪਏ ਨਿਰਧਾਰਤ ਕੀਤੀ ਗਈ ਹੈ।
ਇਸ ਤਰ੍ਹਾਂ ਹੋਵੇਗੀ ਚੋਣ
ਉਮੀਦਵਾਰਾਂ ਦੀ ਚੋਣ ਲਈ ਲਿਖਤੀ ਪ੍ਰੀਖਿਆ ਦੋ ਭਾਗਾਂ, Part-A ਅਤੇ Part-B ਵਿੱਚ ਕਰਵਾਈ ਜਾਣ ਦੀ ਯੋਜਨਾ ਹੈ। Part-A ਵਿੱਚ ਦਸਵੀਂ ਪੱਧਰ ਦੀ ਪੰਜਾਬੀ ਭਾਸ਼ਾ ਦਾ ਟੈਸਟ ਹੋਵੇਗਾ, ਜਿਸ ਵਿੱਚ ਯੋਗਤਾ ਹਾਸਲ ਕਰਨ ਲਈ ਘੱਟੋ-ਘੱਟ 50 ਫੀਸਦੀ ਅੰਕ ਲੈਣੇ ਜ਼ਰੂਰੀ ਹੋਣਗੇ। Part-B ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ’ਤੇ ਅੰਤਿਮ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ। ਇਸ ਭਾਗ ਵਿੱਚ ਨੈਗੇਟਿਵ ਮਾਰਕਿੰਗ ਵੀ ਹੋਵੇਗੀ ਅਤੇ ਹਰੇਕ ਗਲਤ ਉੱਤਰ ਲਈ 1/4 ਅੰਕ ਕੱਟਿਆ ਜਾਵੇਗਾ।
ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜਿਹੜੇ ਉਮੀਦਵਾਰ ਪਹਿਲਾਂ ਹੀ ਇਸ ਭਰਤੀ ਲਈ ਆਪਣਾ ਫਾਰਮ ਭਰ ਚੁੱਕੇ ਹਨ, ਉਨ੍ਹਾਂ ਨੂੰ ਮੁੜ ਫਾਰਮ ਭਰਨ ਦੀ ਲੋੜ ਨਹੀਂ ਹੈ। ਨਵੇਂ ਉਮੀਦਵਾਰ ਨਿਰਧਾਰਤ ਆਖਰੀ ਮਿਤੀ ਤੋਂ ਪਹਿਲਾਂ ਆਪਣੀ ਅਰਜ਼ੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ।
















