ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇਣ ਵਾਲੀਆਂ ਹਕੂਮਤਾਂ ਦਾ ਨਾਮੋ-ਨਿਸ਼ਾਨ ਮਿਟ ਗਿਆ- ਜਥੇਦਾਰ
ਮੀਰ ਮਨੂੰ, ਜ਼ਕਰੀਆ ਖ਼ਾਨ ਤੇ ਅਬਦਾਲੀ ਵਰਗੇ ਇਤਿਹਾਸ ਦੇ ਪੰਨਿਆਂ ਤੱਕ ਸੀਮਤ ਹੋ ਗਏ, ਪਰ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ‘ਚ ਰਹੀ: ਜਥੇਦਾਰ
ਤਲਵੰਡੀ ਅਰਾਈਆਂ, 21 ਜੂਨ 2026- ਸੰਸਾਰ ਦੇ ਇੱਕੋ-ਇੱਕ ਰਹਿਬਰ ਅਤੇ ‘ਸ਼ਹੀਦਾਂ ਦੇ ਸਿਰਤਾਜ’ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤਲਵੰਡੀ ਅਰਾਈਆਂ ਵਿਖੇ ਕਰਵਾਇਆ ਗਿਆ ਵਿਸ਼ਾਲ ਕੀਰਤਨ ਅਤੇ ਢਾਡੀ ਦਰਬਾਰ ਸਫ਼ਲਤਾ ਪੂਰਬਕ ਸਮਾਪਤ ਹੋ ਗਿਆ। ਸਿੱਖ ਇਤਿਹਾਸ ਦੀਆਂ ਲਾਸਾਨੀ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਅਤੇ ਗੁਰੂ ਸਾਹਿਬਾਨ ਦੇ ਦੱਸੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੰਦਾ ਇਹ ਧਾਰਮਿਕ ਸਮਾਗਮ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਦੇਵ ਸਿੰਘ ਤਲਵੰਡੀ ਅਰਾਈਆਂ ਦੀ ਦੇਖ-ਰੇਖ ਹੇਠ ਕਰਵਾਇਆ ਗਿਆ।
ਜਿਸ ਵਿੱਚ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਗੁਰੂ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਸਰਵਣ ਕੀਤਾ। ਇਸ ਮੌਕੇ ਸਜਾਏ ਗਏ ਵਿਸ਼ੇਸ਼ ਦੀਵਾਨ ਦੌਰਾਨ ਸ਼ਾਮਿਲ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਇੱਕ ਇਤਿਹਾਸਕ ਅਤੇ ਦ੍ਰਿੜ੍ਹ ਸੰਦੇਸ਼ ਦਿੱਤਾ।
ਜਥੇਦਾਰ ਗੜਗੱਜ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਪ੍ਰਤੱਖ ਗਵਾਹ ਹੈ ਕਿ ਜਿਨ੍ਹਾਂ ਵੀ ਹਕੂਮਤਾਂ ਨੇ ਸਿੱਖ ਪੰਥ ਅਤੇ ਸਿੱਖੀ ਦੇ ਸਰਵਉੱਚ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਚੁਣੌਤੀ ਦੇਣ ਜਾਂ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਉਹ ਕਦੇ ਵੀ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋ ਸਕੀਆਂ।
ਉਨ੍ਹਾਂ ਹਕੂਮਤਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਕੋਈ ਵੀ ਸਰਕਾਰ ਇਹ ਭੁਲੇਖਾ ਨਾ ਰੱਖੇ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦੇ ਕੇ ਆਪਣਾ ਰਾਜ-ਭਾਗ ਲੰਬੇ ਸਮੇਂ ਤੱਕ ਚਲਾ ਸਕਦੀ ਹੈ।
ਇਤਿਹਾਸ ਦੀਆਂ ਮਿਸਾਲਾਂ ਰਾਹੀਂ ਤਾਕਤਾਂ ਨੂੰ ਦਿੱਤਾ ਆਈਨਾ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਇਤਿਹਾਸ ਦੀਆਂ ਮਿਸਾਲਾਂ ਦਿੰਦਿਆਂ ਕਿਹਾ ਕਿ ਜਦੋਂ ਵੀ ਵੱਡੀਆਂ-ਵੱਡੀਆਂ ਸਿਆਸੀ ਅਤੇ ਫੌਜੀ ਤਾਕਤਾਂ ਨੇ ਸਿੱਖ ਕੌਮ ਨੂੰ ਖ਼ਤਮ ਕਰਨ ਦੇ ਯਤਨ ਕੀਤੇ, ਉਹ ਖ਼ੁਦ ਮਿਟ ਗਈਆਂ। ਉਨ੍ਹਾਂ ਕਿਹਾ ਕਿ ਮੀਰ ਮਨੂੰ, ਜ਼ਕਰੀਆ ਖ਼ਾਨ, ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਜ਼ਾਲਮ ਸ਼ਾਸਕਾਂ ਨੇ ਸਿੱਖਾਂ ਉੱਤੇ ਅੰਨ੍ਹੇਵਾਹ ਅਤਿਆਚਾਰ ਕੀਤੇ, ਪਰ ਅੱਜ ਉਹ ਸਿਰਫ਼ ਇਤਿਹਾਸ ਦੇ ਪੰਨਿਆਂ ਤੱਕ ਹੀ ਸੀਮਤ ਰਹਿ ਗਏ ਹਨ, ਜਦਕਿ ਸਿੱਖ ਕੌਮ ਅੱਜ ਵੀ ਪੂਰੀ ਦੁਨੀਆ ਵਿੱਚ ਚੜ੍ਹਦੀ ਕਲਾ ਵਿਚ ਅੱਗੇ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਸਨਮਾਨ ਦੀ ਰੱਖਿਆ ਕਰਨਾ ਹਰ ਸਿੱਖ ਦਾ ਪਰਮ ਫਰਜ਼ ਹੈ।
ਜਥੇਦਾਰ ਨੇ ਪੰਚਮ ਪਾਤਸ਼ਾਹ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕਰਦਿਆਂ ਕਿਹਾ ਕਿ ਤੱਤੀ ਤਵੀ ‘ਤੇ ਬੈਠ ਕੇ ਸ਼ਾਂਤ ਚਿੱਤ ਸ਼ਹੀਦੀ ਦੇਣ ਵਾਲੀ ਲਾਸਾਨੀ ਕੁਰਬਾਨੀ ਰਹਿੰਦੀ ਦੁਨੀਆ ਤੱਕ ਮਨੁੱਖਤਾ ਦਾ ਮਾਰਗ ਦਰਸ਼ਨ ਕਰਦੀ ਰਹੇਗੀ। ਇਸ ਸਮਾਗਮ ਦੌਰਾਨ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪ੍ਰਚਾਰਕਾਂ ਨੇ ਸ਼ਹੀਦੀ ਇਤਿਹਾਸ ਦੀ ਵਿਆਖਿਆ ਅਤੇ ਜੋਸ਼ੀਲੀਆਂ ਵਾਰਾਂ ਦੇ ਗਾਇਨ ਰਾਹੀਂ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜ ਕੇ ਨਿਹਾਲ ਕੀਤਾ।

















