ਗੁਰਸ਼ਰਨ ਸਿੰਘ ਇਨਕਲਾਬੀ ਰੰਗ ਮੰਚ ਦਿਹਾੜਾ 27 ਸਤੰਬਰ ਨੂੰ
ਜਨਮ ਦਿਹਾੜੇ ਤੋਂ ਵਿਛੋੜਾ ਦਿਹਾੜੇ ਤੱਕ ਵਿਸ਼ੇਸ਼ ਮੁਹਿੰਮ
ਜਗਰਾਓਂ, 13 ਸਤੰਬਰ 2026
ਪੰਜਾਬ ਅੰਦਰ ਲੋਕਾਂ ਨਾਲ ਜੁੜੀ ਇਨਕਲਾਬੀ ਰੰਗਮੰਚ ਲਹਿਰ ਦੇ ਬਾਨੀ ਸਿਰਜਕ, ਗੁਰਸ਼ਰਨ ਭਾਅ ਜੀ ਦੇ ਜਿਸਮਾਨੀ ਤੌਰ ’ਤੇ ਸਦੀਵੀ ਵਿਛੋੜੇ ਵਾਲੇ ਦਿਨ 27 ਸਤੰਬਰ ਨੂੰ ਹਰ ਸਾਲ ਮਨਾਇਆ ਜਾਂਦਾ ਇਨਕਲਾਬੀ ਰੰਗ ਮੰਚ ਦਿਹਾੜਾ ਇਸ ਵਾਰ ਗੁਰਸ਼ਰਨ ਕਲਾ ਭਵਨ, ਮੰਡੀ ਮੁੱਲਾਂਪੁਰ ਵਿਖੇ ਮਨਾਇਆ ਜਾਏਗਾ।
ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ, ਜਨਰਲ ਸਕੱਤਰ ਕੰਵਲਜੀਤ ਖੰਨਾ, ਮੰਚ ਦੇ ਸਹਾਇਕ ਸਕੱਤਰ ਹਰਕੇਸ਼ ਚੌਧਰੀ ਅਤੇ ਵਿੱਤ ਸਕੱਤਰ ਕਸਤੂਰੀ ਲਾਲ ਨੇ ਅੱਜ ਸੂਬਾ ਕਮੇਟੀ ਨਾਲ ਵਿਚਾਰ-ਵਟਾਂਦਰੇ ਉਪਰੰਤ ਪ੍ਰੈਸ ਨੂੰ ਦੱਸਿਆ ਕਿ 27 ਸਤੰਬਰ ਦਿਨ ਐਤਵਾਰ ਸ਼ਾਮ ਠੀਕ 5 ਵਜੇ ਗੁਰਸ਼ਰਨ ਕਲਾ ਭਵਨ ਵਿਖੇ ਗੁਰਸ਼ਰਨ ਭਾਅ ਜੀ ਦੇ ਇਨਕਲਾਬੀ ਰੰਗ ਮੰਚ ਦਾ ਪਰਚਮ ਬੁਲੰਦ ਕਰਨ ਵਾਲੇ ਰੰਗ ਕਰਮੀ ਕਲਾਕਾਰ, ਵਿਦਵਾਨ ਅਤੇ ਲੋਕ-ਪੱਖੀ ਸੰਸਥਾਵਾਂ ਦੇ ਪ੍ਰਤੀਨਿਧ ਸਿਰ ਜੋੜਕੇ ਬੈਠਣਗੇ। ਇਸ ਸਮਾਗਮ ’ਚ ਰੰਗ ਮੰਚ ਦਾ ਲੋਕਾਂ ਨਾਲ ਮੱਛੀ ਤੇ ਪਾਣੀ ਦਾ ਰਿਸ਼ਤਾ ਹੋਰ ਗਹਿਰਾ ਕਰਨ ਲਈ ਗੰਭੀਰ ਵਿਚਾਰਾਂ ਹੋਣਗੀਆਂ। ਗੀਤ-ਸੰਗੀਤ ਅਤੇ ਨਾਟਕਾਂ ਦੀ ਪੇਸ਼ਕਾਰੀ ਸਮੇਂ ਦੀਆਂ ਤਿੱਖੀਆਂ ਚੁਣੌਤੀਆਂ ਨੂੰ ਮੁਖ਼ਾਤਿਬ ਹੁੰਦਿਆਂ ਨਵੇਂ ਮਾਰਗਾਂ ਦੀ ਰੌਸ਼ਨੀ ਬਿਖੇਰੇਗੀ।
ਪਲਸ ਮੰਚ ਵੱਲੋਂ ਇਹ ਫੈਸਲਾ ਵੀ ਕੀਤਾ ਗਿਆ ਕਿ ਗੁਰਸ਼ਰਨ ਭਾਅ ਜੀ ਦੇ ਜਨਮ ਸਥਾਨ ਗੁਰੂ ਖਾਲਸਾ ਨਿਵਾਸ ਅੰਮ੍ਰਿਤਸਰ ਦੀ ਰੰਗ ਮੰਚੀ ਅਤੇ ਪੁਸਤਕਾਲਾ ਯਾਦਗਾਰ ਵਿੱਚ 16 ਸਤੰਬਰ 2 ਵਜੇ ਹੋ ਰਹੇ ਸਮਾਗਮ ਤੋਂ ਲੈ ਕੇ ਉਹਨਾਂ ਦੇ ਵਿਛੋੜੇ ਵਾਲੇ ਦਿਨ 27 ਸਤੰਬਰ ਸ਼ਾਮ 5 ਵਜੇ ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਹੋਣ ਵਾਲੇ ਸਮਾਗਮ ਤੱਕ ਚੱਲੇਗੀ ਇਨਕਲਾਬੀ ਰੰਗ ਮੰਚ ਮੁਹਿੰਮ।
ਇਸ ਮੁਹਿੰਮ ਵਿੱਚ ਸਭਨਾ ਸਾਹਿਤਕ/ਸੱਭਿਆਚਾਰਕ, ਤਰਕਸ਼ੀਲ, ਜਮਹੂਰੀ ਅਤੇ ਲੋਕ ਪੱਖੀ ਸੰਸਥਾਵਾਂ ਨੂੰ ਆਪਣੀਆਂ ਸਰਗਰਮੀਆਂ ਦਾ ਰੰਗ ਮੰਚ ਨੂੰ ਹਿੱਸਾ ਬਣਾਉਣ, ਅੰਮ੍ਰਿਤਸਰ ਅਤੇ ਮੁੱਲਾਂਪੁਰ ਸਮਾਗਮਾਂ ਨੂੰ ਸਫ਼ਲ ਕਰਨ ਲਈ ਸਹਿਯੋਗੀ ਮੋਢਾ ਲਾਉਣ ਦੀ ਜ਼ੋਰਦਾਰ ਅਪੀਲ ਕੀਤੀ ਗਈ।
















