Holiday News: ਕੀ ਪੰਜਾਬ ‘ਚ ਵਧਣਗੀਆਂ ਸਰਦੀ ਦੀਆਂ ਛੁੱਟੀਆਂ? ਅਧਿਆਪਕਾਂ ਨੇ ਸਰਕਾਰ ਨੂੰ ਭੇਜਿਆ ਪੱਤਰ
Punjab News, 30 Dec 2025 (Punjab Network)
Holiday News: ਪੰਜਾਬ ਵਿੱਚ ਇਸ ਵੇਲੇ ਸੰਘਣੀ ਧੁੰਦ ਦੇ ਨਾਲ ਹੱਡ ਚੀਰਵੀਂ ਠੰਡ ਪੈ ਰਹੀ ਹੈ। ਸੂਬੇ ਦੇ ਸਕੂਲਾਂ ਵਿੱਚ ਇਸ ਵੇਲੇ ਸਰਦੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਅਤੇ 1 ਜਨਵਰੀ 2026 ਨੂੰ ਸਕੂਲ ਮੁੜ ਤੋਂ ਖੁੱਲ੍ਹਣ ਜਾ ਰਹੇ ਹਨ। ਸਕੂਲ ਖੁੱਲ੍ਹਣ ਤੋਂ ਪਹਿਲਾਂ ਅਧਿਆਪਕਾਂ ਨੇ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਸਕੂਲਾਂ ਵਿੱਚ ਛੁੱਟੀਆਂ ਵਧਾਉਣ ਦੀ ਮੰਗ ਕੀਤੀ ਹੈ।
ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਇਕਾਈ, ਲੁਧਿਆਣਾ ਦੀ ਮੀਟਿੰਗ ਸੂਬਾਈ ਉਪ ਪ੍ਰਧਾਨ ਜਗਜੀਤ ਸਿੰਘ ਸਾਹਨੇਵਾਲ ਦੀ ਪ੍ਰਧਾਨਗੀ ਹੇਠ ਹੋਈ। ਜ਼ਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਦੋਰਾਹਾ, ਵਿੱਤ ਸਕੱਤਰ ਸਵਰਨ ਸਿੰਘ, ਸੀਨੀਅਰ ਮੀਤ ਪ੍ਰਧਾਨ ਨਵਦੀਪ ਸਿੰਘ, ਮੀਤ ਪ੍ਰਧਾਨ ਰਾਜਵਿੰਦਰ ਸਿੰਘ ਅਤੇ ਪ੍ਰੈਸ ਸਕੱਤਰ ਮਨੋਜ ਕੁਮਾਰ ਨੇ ਮੀਟਿੰਗ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸੰਘਣੀ ਧੁੰਦ ਅਤੇ ਤਾਪਮਾਨ ਵਿੱਚ ਅਚਾਨਕ ਗਿਰਾਵਟ ਕਾਰਨ ਪੂਰੇ ਸੂਬੇ ਵਿੱਚ ਬਹੁਤ ਜ਼ਿਆਦਾ ਠੰਢ ਪੈ ਰਹੀ ਹੈ।
ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਠੰਢ ਅਤੇ ਮੀਂਹ ਵਧਣ ਦੀ ਚੇਤਾਵਨੀ ਜਾਰੀ ਕੀਤੀ ਹੈ। ਦੂਰ-ਦੁਰਾਡੇ ਥਾਵਾਂ ਤੋਂ ਸਕੂਲਾਂ ਵਿੱਚ ਜਾਣ ਵਾਲੇ ਅਧਿਆਪਕਾਂ ਨੂੰ ਧੁੰਦ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਮੌਕੇ ਯੂਨੀਅਨ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਦੀਆਂ ਦੀਆਂ ਛੁੱਟੀਆਂ 10 ਜਨਵਰੀ ਤੱਕ ਵਧਾਈਆਂ ਜਾਣ ਤਾਂ ਜੋ ਸਕੂਲੀ ਵਿਦਿਆਰਥੀ ਠੰਢ ਤੋਂ ਬਚ ਸਕਣ ਅਤੇ ਠੰਢ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਸਕਣ।
ਇਸ ਮੌਕੇ ਜ਼ਿਲ੍ਹਾ ਮਹਿਲਾ ਇਕਾਈ ਦੇ ਮੈਂਬਰ ਕੰਵਲਜੀਤ ਕੌਰ, ਜਸਵੀਰ ਕੌਰ, ਸੁਪਰਜੀਤ ਕੌਰ, ਮਨਜੀਤ ਕੌਰ, ਸੁਸ਼ਮਾ ਸ਼ਰਮਾ, ਰੁਪਿੰਦਰ ਸਿੰਘ, ਬਲਾਕ ਪ੍ਰਧਾਨ ਪ੍ਰਭਜੋਤ ਸਿੰਘ, ਹਰਜਿੰਦਰ ਸਿੰਘ ਖੰਨਾ, ਨਵੀਨ ਕਪਿਲਾ, ਹਰਵਿੰਦਰ ਸਿੰਘ ਪੁੱਡਣ, ਜਗਮੀਤ ਸਿੰਘ, ਸਿਮਰਜੋਤ ਸਿੰਘ ਨੇ ਸਿੱਖਿਆ ਮੰਤਰੀ ਪੰਜਾਬ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਰਦੀਆਂ ਦੀਆਂ ਛੁੱਟੀਆਂ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਅਧਿਆਪਕਾਂ ਦੀਆਂ ਛੁੱਟੀਆਂ ਵਿੱਚ ਵਾਧਾ ਕੀਤਾ ਜਾਵੇ।






