ਪੰਜਾਬ ‘ਚ ਵਾਪਰੇ ਭਿਆਨਕ ਸੜਕ ਹਾਦਸੇ! 2 ਲੋਕਾਂ ਦੀ ਮੌਤ, 2 ਗੰਭੀਰ ਜ਼ਖ਼ਮੀ
ਭੋਗਪੁਰ (ਜਲੰਧਰ) 13 ਸਤੰਬਰ 2026
ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ‘ਤੇ ਭੋਗਪੁਰ ਖੇਤਰ ਵਿਚ ਵਾਪਰੇ ਦੋ ਅੱਡ-ਅੱਡ ਭਿਆਨਕ ਸੜਕ ਹਾਦਸਿਆਂ ਵਿਚ ਦੋ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਹ ਹਾਦਸੇ ਅਣਪਛਾਤੇ ਵਾਹਨਾਂ ਦੀ ਟੱਕਰ ਕਾਰਨ ਵਾਪਰੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੀ ਘਟਨਾ ਦੇਰ ਰਾਤ ਲਗਭਗ 12 ਵਜੇ ਦਾਣਾ ਮੰਡੀ ਭੋਗਪੁਰ ਦੇ ਸਾਹਮਣੇ ਵਾਪਰੀ। ਪਠਾਨਕੋਟ ਵੱਲੋਂ ਆ ਰਹੀ ਇਕ ਟਰੈਕਟਰ-ਟਰਾਲੀ ਨੂੰ ਕਿਸੇ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਟਰੈਕਟਰ-ਟਰਾਲੀ ਵਿਚ ਸਵਾਰ ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।
ਦੂਜਾ ਹਾਦਸਾ ਤੜਕੇ ਡੱਲੀ ਮੋੜ ਦੇ ਨੇੜੇ ਵਾਪਰਿਆ। ਜਲੰਧਰ ਵੱਲੋਂ ਪਰਾਲੀ ਲੱਦ ਕੇ ਭੋਗਪੁਰ ਖੰਡ ਮਿੱਲ ਵੱਲ ਜਾ ਰਹੇ ਟਰੈਕਟਰ-ਟਰਾਲੀ ਨੂੰ ਇੱਕ ਹੋਰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਟਰੈਕਟਰ ਡਿਵਾਈਡਰ ਪਾਰ ਕਰਕੇ ਸੜਕ ਦੇ ਦੂਜੇ ਪਾਸੇ ਜਾ ਡਿੱਗਿਆ ਅਤੇ ਉਸ ਦੇ ਦੋ ਹਿੱਸੇ ਹੋ ਗਏ। ਇਸ ਘਟਨਾ ਵਿੱਚ ਟਰੈਕਟਰ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਹਾਦਸਿਆਂ ਦੀ ਸੂਚਨਾ ਮਿਲਦਿਆਂ ਹੀ ‘ਸੜਕ ਸੁਰੱਖਿਆ ਫੋਰਸ’ (SSF) ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਟੀਮ ਨੇ ਰਾਹਤ ਕਾਰਜ ਸ਼ੁਰੂ ਕਰਦਿਆਂ ਜ਼ਖ਼ਮੀ ਚਾਲਕ ਨੂੰ ਤੁਰੰਤ ਇਲਾਜ ਲਈ ਨੇੜਲੇ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਰ ਅਣਪਛਾਤੇ ਵਾਹਨਾਂ ਦੀ ਭਾਲ ਕੀਤੀ ਜਾ ਰਹੀ ਹੈ।
















