ਆਂਗਣਵਾੜੀ ਸੈਂਟਰਾਂ ‘ਚ ਮੁੜ ਸ਼ੁਰੂ ਹੋਵੇਗਾ ਗਰਮ ਪੱਕਿਆ ਖਾਣਾ, ਸਰਕਾਰ ਵੱਲੋਂ ਬਜਟ ਅਤੇ ਮੀਨੂ ਜਾਰੀ: ਮੈਡਮ ਛੀਨਾ

On: ਮਈ 24, 2026 10:22 ਪੂਃ ਦੁਃ

 

ਆਂਗਣਵਾੜੀ ਸੈਂਟਰਾਂ ‘ਚ ਮੁੜ ਸ਼ੁਰੂ ਹੋਵੇਗਾ ਗਰਮ ਪੱਕਿਆ ਖਾਣਾ, ਸਰਕਾਰ ਵੱਲੋਂ ਬਜਟ ਅਤੇ ਮੀਨੂ ਜਾਰੀ: ਮੈਡਮ ਛੀਨਾ

ਚੰਡੀਗੜ੍ਹ, 23 ਮਈ 2026-

ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਛੀਨਾ ਨੇ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਅਨ ਵੱਲੋਂ ਸਪਲੀਮੈਂਟਰੀ ਨਿਊਟ੍ਰੀਸ਼ਨ (ਪੂਰਕ ਖੁਰਾਕ) ਸਬੰਧੀ ਸਰਕਾਰ ਅਤੇ ਵਿਭਾਗ ਕੋਲ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਪ੍ਰਵਾਨ ਕਰ ਲਿਆ ਗਿਆ ਹੈ।

ਹਾਲ ਹੀ ਵਿੱਚ ਮੀਟਿੰਗ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਵਿਭਾਗੀ ਮੰਤਰੀ ਡਾਕਟਰ ਬਲਜੀਤ ਕੌਰ, ਡਾਇਰੈਕਟਰ ਸ਼੍ਰੀਮਤੀ ਸ਼ੇਨਾ ਅਗਰਵਾਲ, ਸੈਕਟਰੀ ਗੁਰਕਿਰਤਕਿਰਪਾਲ ਸਿੰਘ, ਡਿਪਟੀ ਡਾਇਰੈਕਟਰ ਅਮਰਜੀਤ ਸਿੰਘ ਭੁੱਲਰ, ਮੈਡਮ ਸੁਮਨਦੀਪ ਕੌਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਹੋਈ। ਮੀਟਿੰਗ ਤੋਂ ਬਾਅਦ ਵਿਭਾਗ ਵੱਲੋਂ ਇਸ ਸਬੰਧੀ ਅਧਿਕਾਰਤ ਪੱਤਰ ਅਤੇ ਮੀਨੂ ਜਾਰੀ ਕਰ ਦਿੱਤਾ ਗਿਆ ਹੈ।

ਮੈਡਮ ਛੀਨਾ ਨੇ ਦੱਸਿਆ ਕਿ ਆਂਗਣਵਾੜੀ ਸੈਂਟਰਾਂ ਵਿੱਚ ਆਉਣ ਵਾਲੇ 3 ਤੋਂ 6 ਸਾਲ ਤੱਕ ਦੇ ਪ੍ਰੀ-ਸਕੂਲ ਬੱਚਿਆਂ ਲਈ ਹੁਣ ਸੈਂਟਰਾਂ ਵਿੱਚ ਹੀ ਗਰਮ ਪੱਕਿਆ ਹੋਇਆ ਖਾਣਾ (HCM) ਤਿਆਰ ਕੀਤਾ ਜਾਵੇਗਾ। ਬੱਚਿਆਂ ਨੂੰ ਹੁਣ ਖੀਰ, ਮਿੱਠਾ ਤੇ ਨਮਕੀਨ ਦਲੀਆ, ਖਿਚੜੀ ਅਤੇ ਹਲਵਾ ਵਰਗਾ ਪੌਸ਼ਟਿਕ ਖਾਣਾ ਦਿੱਤਾ ਜਾਵੇਗਾ।

ਵਿਭਾਗ ਵੱਲੋਂ ਇਸ ਖਾਣੇ ਲਈ 8 ਰੁਪਏ ਪ੍ਰਤੀ ਬੱਚਾ ਦਾ ਬਜਟ ਤੈਅ ਕੀਤਾ ਗਿਆ ਹੈ। ਇਹ ਮੀਨੂ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਕੈਲੋਰੀ ਅਤੇ ਫੈਟਸ ਦੀ ਲੋੜੀਂਦੀ ਮਾਤਰਾ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।

ਯੂਨੀਅਨ ਵੱਲੋਂ ਸਰਕਾਰ ਅਤੇ ਵਿਭਾਗ ਕੋਲ ਇਹ ਮੰਗ ਵੀ ਸਖ਼ਤੀ ਨਾਲ ਚੁੱਕੀ ਗਈ ਹੈ ਕਿ ਲਾਭਪਾਤਰੀਆਂ (ਗਰਭਵਤੀ ਔਰਤਾਂ, ਦੁੱਧ ਚੁੰਘਾਉਂਦੀਆਂ ਮਾਵਾਂ, 11 ਤੋਂ 18 ਸਾਲ ਦੀਆਂ ਕਿਸ਼ੋਰੀਆਂ ਅਤੇ 0 ਤੋਂ 6 ਸਾਲ ਤੱਕ ਦੇ ਬੱਚਿਆਂ) ਨੂੰ ਪਹਿਲਾਂ ਵਾਂਗ ਹੀ ਦੇਸੀ ਘਿਓ ਦੀ ਬਣੀ ਹੋਈ ਪੰਜੀਰੀ ਦਿੱਤੀ ਜਾਵੇ, ਕਿਉਂਕਿ ਲਾਭਪਾਤਰੀ ਇਸ ਨੂੰ ਬਹੁਤ ਪਸੰਦ ਕਰਦੇ ਹਨ। ਵਿਭਾਗ ਵੱਲੋਂ ਵੱਖ-ਵੱਖ ਲਾਭਪਾਤਰੀਆਂ ਲਈ ਰੋਜ਼ਾਨਾ ਖੁਰਾਕ ਦੀ ਮਾਤਰਾ (ਗ੍ਰਾਮਾਂ ਦੇ ਹਿਸਾਬ ਨਾਲ) ਵੀ ਤੈਅ ਕਰ ਦਿੱਤੀ ਗਈ ਹੈ। ਮੈਡਮ ਛੀਨਾ ਨੇ ਕਿਹਾ ਕਿ, ਸਾਡੀ ਜਥੇਬੰਦੀ ਮੰਗ ਕਰਦੀ ਹੈ ਕਿ ਘਰਾਂ ਵਿੱਚ ਦਿੱਤਾ ਜਾਣ ਵਾਲਾ THR Take Home ਰਾਸ਼ਨ ਵੀ ਇਸ ਤਰਜ ‘ਤੇ ਹੀ ਲਾਭਪਾਤਰੀਆਂ ਨੂੰ ਦਿੱਤਾ ਜਾਵੇ।

ਯੂਨੀਅਨ ਆਗੂਆਂ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ (DPOs) ਨੂੰ ਇਸ ਸਬੰਧੀ ਬਜਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਰਾਸ਼ਨ CDPO ਦਫ਼ਤਰਾਂ ਰਾਹੀਂ ਆਂਗਣਵਾੜੀ ਸੈਂਟਰਾਂ ਤੱਕ ਪਹੁੰਚ ਜਾਵੇਗਾ। ਫਿਲਹਾਲ ਵਿਭਾਗ ਵੱਲੋਂ ‘ਹੌਟ ਕੁੱਕਡ ਮੀਲ’ (ਗਰਮ ਪੱਕੇ ਖਾਣੇ) ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਨਾਲ ਲਾਭਪਾਤਰੀਆਂ ਅਤੇ ਬੱਚਿਆਂ ਵਿੱਚ ਖੁਸ਼ੀ ਦੀ ਲਹਿਰ ਹੈ।

 

Join WhatsApp

Join Now

Leave a Comment