Instagram Dispute Murder: ਇੰਸਟਾਗ੍ਰਾਮ ਬਣਿਆ ਮੌਤ ਦਾ ਕਾਲ! ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਕੀਤਾ ਕਤਲ

 

Instagram Dispute Murder: ਇੰਸਟਾਗ੍ਰਾਮ ਬਣਿਆ ਮੌਤ ਦਾ ਕਾਲ! ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਕੀਤਾ ਕਤਲ

ਸੂਰਤ ਦੇ ਪਲਸਾਣਾ ‘ਚ 22 ਸਾਲਾ ਵਿਆਹੁਤਾ ਦੇ ਕਤਲ ਦਾ ਪੁਲਿਸ ਨੇ ਕੀਤਾ ਖ਼ੁਲਾਸਾ

ਇੰਸਟਾਗ੍ਰਾਮ ‘ਤੇ ਦੂਜੀ ਔਰਤ ਨਾਲ ਗੱਲਬਾਤ ਕਰਨ ਤੋਂ ਰੋਕਣ ‘ਤੇ ਪਤੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਕਤਲ ਕਰਕੇ ਫ਼ਰਾਰ ਹੋਏ ਮੁਲਜ਼ਮ ਨੂੰ ਪੁਲਿਸ ਨੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਕੀਤਾ ਗ੍ਰਿਫ਼ਤਾਰ

ਸੂਰਤ/ਦਿੱਲੀ, 28 ਮਈ 2026-

Instagram Dispute Murder: ਪਿਆਰ ਵਿੱਚ ਸਭ ਕੁਝ ਕੁਰਬਾਨ ਕਰ ਦੇਣ ਵਾਲੀ ਇੱਕ ਮੁਟਿਆਰ ਦੀ ਕਹਾਣੀ ਦਾ ਬੇਹੱਦ ਦਰਦਨਾਕ ਅਤੇ ਖ਼ੌਫਨਾਕ ਅੰਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸ਼ਖਸ ਲਈ ਲੜਕੀ ਨੇ ਆਪਣੇ ਮਾਪੇ, ਸਮਾਜ ਅਤੇ ਧਰਮ ਤੱਕ ਨੂੰ ਛੱਡ ਦਿੱਤਾ, ਉਹੀ ਬਾਅਦ ਵਿੱਚ ਉਸ ਦੀ ਜਾਨ ਦਾ ਦੁਸ਼ਮਣ ਬਣ ਗਿਆ।

ਗੁਜਰਾਤ ਦੇ ਸੂਰਤ ਜ਼ਿਲ੍ਹੇ ਦੀ ਪਲਸਾਣਾ ਤਹਿਸੀਲ ਦੇ ਪਿੰਡ ਬਗੁਮਰਾ ਸਥਿਤ ‘ਮਹਾਦੇਵ ਵਿਲਾ ਅਪਾਰਟਮੈਂਟ’ ਵਿੱਚ ਵਾਪਰੇ ਇਸ 22 ਸਾਲਾ ਵਿਆਹੁਤਾ ਦੇ ਕਤਲ ਕਾਂਡ ਦਾ ਪੁਲਿਸ ਨੇ ਖ਼ੁਲਾਸਾ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਫ਼ਰਾਰ ਚੱਲ ਰਹੇ ਪਤੀ ਨੂੰ ਪੁਲਿਸ ਨੇ ਦਿੱਲੀ ਦੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਸ਼ੁਰੂਆਤ ਵਿੱਚ ਪੁਲਿਸ ਨੇ ਇਸ ਮੌਤ ਨੂੰ ਇੱਕ ਸਾਧਾਰਨ ਘਟਨਾ ਮੰਨ ਲਿਆ ਸੀ। ਪਰ ਜਦੋਂ ਮ੍ਰਿਤਕਾ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਤਾਂ ਸਭ ਦੇ ਹੋਸ਼ ਉੱਡ ਗਏ। ਰਿਪੋਰਟ ਵਿੱਚ ਸਾਫ਼ ਹੋਇਆ ਕਿ ਮੁਟਿਆਰ ਦੀ ਮੌਤ ਗਲਾ ਘੁੱਟਣ ਕਾਰਨ ਹੋਈ ਹੈ।

ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਅਤੇ ਸ਼ੱਕ ਦੀ ਸੂਈ ਪਤੀ ਵੱਲ ਘੁੰਮ ਗਈ, ਜੋ ਵਾਰਦਾਤ ਤੋਂ ਬਾਅਦ ਫ਼ਰਾਰ ਸੀ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਮੁਲਜ਼ਮ ਨੂੰ ਦਿੱਲੀਓਂ ਦਬੋਚ ਲਿਆ, ਜਿਸ ਨੇ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਹੈ।

ਹਿੰਦੂ ਰੀਤੀ-ਰਿਵਾਜਾਂ ਨਾਲ ਕਰਵਾਇਆ ਸੀ ਵਿਆਹ

ਪੁਲਿਸ ਅਨੁਸਾਰ ਮ੍ਰਿਤਕਾ ਮੈਵੀਸ਼ ਖਾਤੂਨ ਅਫ਼ਜ਼ਲ ਅਲੀ ਦਾ ਵਿਆਹ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਸ਼ਿਵਮ ਰਣਜੀਤ ਸਿੰਘ ਠਾਕੁਰ ਨਾਲ ਹੋਇਆ ਸੀ। ਇਹ ਦੋਵੇਂ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਅੰਬੇਡਕਰਨਗਰ ਜ਼ਿਲ੍ਹੇ ਦੇ ਇੱਕੋ ਪਿੰਡ ਦੇ ਰਹਿਣ ਵਾਲੇ ਸਨ।

ਦੱਸਿਆ ਗਿਆ ਹੈ ਕਿ ਮੁਲਜ਼ਮ ਨਾਬਾਲਗ ਉਮਰ ਵਿੱਚ ਹੀ ਲੜਕੀ ਨੂੰ ਆਪਣੇ ਨਾਲ ਭਜਾ ਕੇ ਲੈ ਗਿਆ ਸੀ, ਜਿਸ ਕਾਰਨ ਉਸ ਖ਼ਿਲਾਫ਼ ਮਾਮਲਾ ਵੀ ਦਰਜ ਹੋਇਆ ਸੀ। ਬਾਅਦ ਵਿੱਚ ਬਾਲਗ ਹੋਣ ‘ਤੇ ਦੋਵਾਂ ਨੇ ਵਿਆਹ ਕਰ ਲਿਆ ਅਤੇ ਸੂਰਤ ਵਿੱਚ ਰਹਿਣ ਲੱਗ ਪਏ।

ਕਤਲ ਦੀ ਖ਼ੌਫਨਾਕ ਵਜ੍ਹਾ ਆਈ ਸਾਹਮਣੇ

ਪੁਲਿਸ ਮੁਤਾਬਕ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦੀ ਪਤਨੀ ਨੂੰ ਉਸ ਦੇ ਇੰਸਟਾਗ੍ਰਾਮ (Instagram) ਅਕਾਊਂਟ ‘ਤੇ ਕਿਸੇ ਹੋਰ ਔਰਤ ਨਾਲ ਗੱਲਬਾਤ ਕਰਨ ‘ਤੇ ਸਖ਼ਤ ਇਤਰਾਜ਼ ਸੀ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ।

ਘਟਨਾ ਵਾਲੇ ਦਿਨ ਵੀ ਇਸੇ ਮੁੱਦੇ ‘ਤੇ ਦੋਵਾਂ ਵਿਚਾਲੇ ਤਿੱਖੀ ਬਹਿਸ ਹੋਈ ਅਤੇ ਗੁੱਸੇ ਵਿੱਚ ਆ ਕੇ ਮੁਲਜ਼ਮ ਨੇ ਆਪਣੀ ਪਤਨੀ ਦਾ ਗਲਾ ਘੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।