Iran Israel War: ਈਰਾਨ ਨੇ 5 ਦੇਸ਼ਾਂ ‘ਤੇ ਕੀਤਾ ਵੱਡਾ ਹਮਲਾ

On: ਮਾਰਚ 1, 2026 11:54 ਪੂਃ ਦੁਃ

 

Iran Israel War: ਈਰਾਨ ਨੇ 5 ਦੇਸ਼ਾਂ ‘ਤੇ ਕੀਤਾ ਵੱਡਾ ਹਮਲਾ

ਤੇਹਰਾਨ/ਦੁਬਈ 1 ਮਾਰਚ 2026: ਇਜ਼ਰਾਈਲ ਅਤੇ ਅਮਰੀਕਾ ਦੇ ਹਮਲੇ ਤੋਂ ਬਾਅਦ ਈਰਾਨ ਵੱਲੋਂ ਦੁਬਈ, ਬਹਿਰੀਨ, ਕਤਰ, ਕੁਵੈਤ ਅਤੇ ਸਊਦੀ ਅਰਬ ਦੇ ਇਲਾਕਿਆਂ ਵਿੱਚ ਕੀਤੇ ਗਏ ਹਮਲਿਆਂ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।

ਹੁਣ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਇਸ ਸਬੰਧੀ ਵੱਡਾ ਖ਼ੁਲਾਸਾ ਕੀਤਾ ਹੈ। ‘NBC ਨਿਊਜ਼’ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਈਰਾਨ ਦਾ ਇਰਾਦਾ ਆਪਣੇ ਖਾੜੀ ਸਹਿਯੋਗੀਆਂ ‘ਤੇ ਹਮਲਾ ਕਰਨ ਦਾ ਨਹੀਂ ਸੀ।

ਸਵੈ-ਰੱਖਿਆ ਵਿੱਚ ਅਮਰੀਕੀ ਟਿਕਾਣਿਆਂ ‘ਤੇ ਹਮਲਾ

ਅਰਾਗਚੀ ਨੇ ਕਿਹਾ ਕਿ ਈਰਾਨ ਨੇ ਫ਼ਾਰਸ ਦੀ ਖਾੜੀ ਦੇ ਆਪਣੇ ਸਹਿਯੋਗੀ ਦੇਸ਼ਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਸਮਝਾਇਆ ਹੈ ਕਿ ਇਹ ਹਮਲੇ ਸਿਰਫ਼ ਸਵੈ-ਰੱਖਿਆ (Self Defense) ਲਈ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਨ।

ਉਨ੍ਹਾਂ ਕਿਹਾ, “ਈਰਾਨ ਇਹ ਸੋਚ ਕੇ ਚੁੱਪ ਨਹੀਂ ਬੈਠ ਸਕਦਾ ਕਿ ਦੁਸ਼ਮਣ ਦੇ ਫੌਜੀ ਟਿਕਾਣੇ ਉਸ ਦੇ ਮਿੱਤਰ ਦੇਸ਼ਾਂ ਵਿੱਚ ਹਨ। ਇਸ ਲਈ ਉਹ ਇਹ ਨਾ ਸਮਝਣ ਕਿ ਹਮਲਾ ਉਨ੍ਹਾਂ ‘ਤੇ ਹੋਇਆ ਹੈ, ਬਲਕਿ ਹਮਲਾ ਅਮਰੀਕੀ ਫੌਜੀ ਟਿਕਾਣਿਆਂ ‘ਤੇ ਸੀ।”

ਟਰੰਪ ਦੇ ‘ਸੱਤਾ ਪਰਿਵਰਤਨ’ ਦੇ ਸੱਦੇ ‘ਤੇ ਪਲਟਵਾਰ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨੀ ਨਾਗਰਿਕਾਂ ਨੂੰ ਆਪਣੇ ਨੇਤਾਵਾਂ ਨੂੰ ਸੱਤਾ ਤੋਂ ਹਟਾਉਣ ਦੇ ਸੱਦੇ ‘ਤੇ ਅਰਾਗਚੀ ਨੇ ਕਿਹਾ ਕਿ ਈਰਾਨ ਵਿੱਚ ਸੱਤਾ ਪਰਿਵਰਤਨ “ਅਸੰਭਵ” ਹੈ।

ਉਨ੍ਹਾਂ ਕਿਹਾ, “ਜਦੋਂ ਤੱਕ ਲੱਖਾਂ ਲੋਕ ਮੌਜੂਦਾ ਸ਼ਾਸਨ ਦਾ ਸਮਰਥਨ ਕਰ ਰਹੇ ਹਨ, ਤੱਕ ਸੱਤਾ ਬਦਲਣਾ ਮੁਮਕਿਨ ਨਹੀਂ ਹੈ। ਹਾਂ, ਕੁਝ ਲੋਕ ਸ਼ਿਕਾਇਤਾਂ ਕਰ ਰਹੇ ਹਨ, ਪਰ ਸਰਕਾਰ ਦੇ ਸਮਰਥਕ ਵੀ ਬਹੁਤ ਹਨ ਅਤੇ ਸਾਡਾ ਸਿਆਸੀ ਢਾਂਚਾ ਬਹੁਤ ਮਜ਼ਬੂਤ ਹੈ।”

ਜਿਨੇਵਾ ਵਿੱਚ ਗੁਪਤ ਗੱਲਬਾਤ ਦਾ ਖ਼ੁਲਾਸਾ

ਵਿਦੇਸ਼ ਮੰਤਰੀ ਨੇ ਇੱਕ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੰਭਾਵੀ ਫੌਜੀ ਹਮਲੇ ਨੂੰ ਟਾਲਣ ਲਈ ਈਰਾਨੀ ਅਧਿਕਾਰੀਆਂ ਦੀ ਇੱਕ ਟੀਮ ਵੀਰਵਾਰ ਨੂੰ ਜਿਨੇਵਾ ਵਿੱਚ ਅਮਰੀਕੀ ਵਿਸ਼ੇਸ਼ ਦੂਤ ਸਟੀਵ ਵਿਟਕੌਫ ਅਤੇ ਟਰੰਪ ਦੇ ਜਵਾਈ ਜੇਰੇਡ ਕੁਸ਼ਨਰ ਨਾਲ ਗੱਲਬਾਤ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਅਸੀਂ ਪਰਮਾਣੂ ਪ੍ਰੋਗਰਾਮ ਨਾਲ ਜੁੜੇ ਗੰਭੀਰ ਮੁੱਦਿਆਂ ‘ਤੇ ਚਰਚਾ ਕੀਤੀ ਹੈ। ਸਾਡੇ ਵਿਚਕਾਰ ਕੁਝ ਮਤਭੇਦ ਸੁਲਝ ਗਏ ਹਨ ਅਤੇ ਬਾਕੀ ਮੁੱਦਿਆਂ ‘ਤੇ ਗੱਲਬਾਤ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

ਅਮਰੀਕੀ ਲੋਕਾਂ ਨਾਲ ਕੋਈ ਦੁਸ਼ਮਣੀ ਨਹੀਂ- ਈਰਾਨ

ਟਰੰਪ ਦੇ ‘ਸਟੇਟ ਆਫ ਦ ਯੂਨੀਅਨ’ ਭਾਸ਼ਣ ਵਿੱਚ ਕੀਤੇ ਗਏ ਦਾਅਵੇ (ਕਿ ਤੇਹਰਾਨ ਅਮਰੀਕਾ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਬਣਾ ਰਿਹਾ ਹੈ) ਨੂੰ ਰੱਦ ਕਰਦਿਆਂ ਅਰਾਗਚੀ ਨੇ ਕਿਹਾ ਕਿ ਈਰਾਨ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਈਰਾਨ ਨੇ ਆਪਣੀ ਮਰਜ਼ੀ ਨਾਲ ਆਪਣੀਆਂ ਮਿਜ਼ਾਈਲਾਂ ਦੀ ਮਾਰਕ ਸਮਰੱਥਾ ਨੂੰ ਸੀਮਤ ਰੱਖਿਆ ਹੋਇਆ ਹੈ ਕਿਉਂਕਿ ਉਨ੍ਹਾਂ ਦੀ ਅਮਰੀਕੀ ਲੋਕਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ।

ਇਸ ਦੌਰਾਨ ਉਨ੍ਹਾਂ ਨੇ ਮੀਨਾਬ ਵਿੱਚ ਇੱਕ ਕੁੜੀਆਂ ਦੇ ਸਕੂਲ ‘ਤੇ ਹੋਏ ਹਮਲੇ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਦਰਜਨਾਂ ਲੋਕ ਮਾਰੇ ਗਏ ਸਨ ਅਤੇ ਈਰਾਨ ਨੇ ਇਸ ਨੂੰ ਇੱਕ ਘਾਤਕ ਹਮਲਾ ਕਰਾਰ ਦਿੱਤਾ ਹੈ।

 

Join WhatsApp

Join Now

Leave a Comment